ਸੰਗਰੂਰ : ਇਲੈਕਸ਼ਨ ਦਾ ਦੌਰ ਐ ਤੇ ਜਿੱਥੇ ਕੁਝ ਆਗੂ ਵੋਟਰਾਂ ਦਰਮਿਆਨ ਆਪੋ ਆਪਣਾ ਅਕਸ਼ ਸੁਧਾਰਨ ਵਿੱਚ ਲੱਗੇ ਹੋਏ ਨੇ ਉੱਥੇ ਕੁਝ ਸੱਤਾ ਧਾਰੀ ਤਾਂ ਆਪਣੀਆਂ ਨੂੰ ਹੀ ਭੰਡ ਕੇ ਸੁਰਖੀਆਂ ਬਟੋਰਨ ਦੀ ਤਾਕ ਵਿੱਚ ਹਨ। ਇਸ ਤੋਂ ਹੱਟ ਕੇ ਬੀਤੀ ਕੱਲ੍ਹ ਭਗਵੰਤ ਨਾਲ ਤਾਂ ਉਸ ਵੇਲੇ ਇੱਕ ਵੱਖਰਾ ਹੀ ਭਾਣਾ ਵਰਤ ਗਿਆ ਜਦੋਂ ਸਟੇਜ਼ ਤੇ ਬੋਲਦੇ ਮਾਨ ਨੂੰ ਇੱਕ ਬਜ਼ੁਰਗ ਬੋਤਲ ਭੇਂਟ ਕਰਨ ਲਈ ਜਾ ਪੁੱਜਾ। ਹੱਥ ਵਿੱਚ ਬੋਤਲ ਤੇ ਚਹਿਰੇ ‘ਤੇ ਆਪਣੇ ਆਗੂ ਲਈ ਸਤਿਕਾਰ ਦੇ ਭਾਵ ਲਈ ਜਦੋਂ ਇਹ ਬਜ਼ੁਰਗ ਸਟੇਜ਼ ਵੱਲ ਨੂੰ ਵੱਧ ਰਿਹਾ ਸੀ ਤਾਂ ਨਾ ਸਿਰਫ ਭਗਵੰਤ ਮਾਨ ਦੇ ਸਾਹਮਣੇ ਬੈਠੇ ਲੋਕ ਇੱਕ ਦੂਜੇ ਨੂੰ ਕੂਹਣੀਆਂ ਮਾਰਨੀਆਂ ਸ਼ੁਰੂ ਹੋ ਗਏ ਕਿ ਇਹ ਬਾਬਾ ਬੋਤਲ ਕਿੱਧਰ ਲਈ ਜਾਂਦੈ? ਬਲਕਿ ਭਗਵੰਤ ਦੇ ਚਿਹਰੇ ਵੀ ਅਜੀਬ ਜਿਹੇ ਸਵਾਲੀਆ ਨਿਸ਼ਾਨ ਸਨ। ਪਰ ਇਹ ਜਾਣ ਕੇ ਚਾਰੇ ਪਾਸੇ ਉਦੋਂ ਹਾਸਾ ਖਿੱਲਰ ਗਿਆ ਕਿ ਬਾਬਾ ਜੀ ਬੋਤਲ ਵਿੱਚ ਦੇਸ਼ੀ ਘਿਓ ਲੈ ਕੇ ਆਏ ਸਨ।
ਹੋਇਆ ਇੰਝ ਕਿ 20 ਜਨਵਰੀ ਨੂੰ ਬਰਨਾਲਾ ਵਿੱਚ ਅਰਵਿੰਦ ਕੇਜਰੀਵਾਲ ਆ ਰਹੇ ਹਨ ਤੇ ਉਸ ਰੈਲੀ ਨੂੰ ਕਾਮਯਾਬ ਕਰਨ ਲਈ ਭਗਵੰਤ ਮਾਨ ਪਿੰਡ ਪਿੰਡ ਪਹੁੰਚ ਕੇ ਨੁੱਕੜ ਸਭਾਵਾਂ ਕਰ ਰਹੇ ਹਨ। ਇਸੇ ਤਹਿਤ ਮਾਨ ਪਿੰਡ ਰੇਤਗੜ੍ਹ ਵਿਖੇ ਵੀ ਇੱਕ ਨੁੱਕੜ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਭੀੜ ਨੂੰ ਚੀਰਦਾ ਹੋਇਆ ਇੱਕ ਬਜ਼ੁਰਗ ਗੁਲਜ਼ਾਰ ਸਿੰਘ ਹੱਥ ਵਿੱਚ ਬੋਤਲ ਫੜੀ ਭਗਵੰਤ ਮਾਨ ਕੋਲ ਪਹੁੰਚ ਗਿਆ ਤੇ ਉਹ ਬੋਤਲ ਮਾਨ ਨੂੰ ਭੇਂਟ ਕਰਕੇ ਉਸ ਨੇ ਖੁਲਾਸਾ ਕੀਤਾ ਕਿ ਬੋਤਲ ਵਿੱਚ ਉਹ ਦੇਸ਼ੀ ਘਿਓ ਲੈ ਕੇ ਆਇਆ ਹੈ ਤਾਂ ਕਿ ਮਾਨ ਘਿਓ ਖਾ ਕੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰੇ। ਬਜ਼ੁਰਗ ਦੇ ਖੁਲਾਸੇ ਤੋਂ ਬਾਅਦ ਨਾ ਸਿਰਫ ਬੋਤਲ ‘ਚ ਕੀ ਹੈ, ਵਾਲੀ ਜਨਤਾ ਦੀ ਜਗਿਆਸਾ ਸ਼ਾਂਤ ਹੋਈ ਬਲਕਿ ਭਗਵੰਤ ਮਾਨ ਦੇ ਚਿਹਰੇ ਤੇ ਵੀ ਇਹ ਦੇਖ ਕੇ ਸੰਤੁਸ਼ਟੀ ਦੇ ਭਾਵ ਆਏ ਕਿ ਚਲੋ ਬੋਤਲ ‘ਚ ਘਿਓ ਈ ਹੈ।
ਮਾਮਲਾ ਬੇਸ਼ੱਕ ਛੋਟਾ ਹੈ ਪਰ ਇਤਫਾਕ ਨਾਲ ਗੱਲ ਬਹੁਤ ਵੱਡੀ ਹੋਈ ਹੈ। ਕਿਉਂਕਿ ਅਜਿਹੇ ਮਾਮਲਿਆ ਦੇ ਮਾਹਿਰ ਲੋਕਾਂ ਦੇ ਅਨੂਸਾਰ ਨੁੱਕੜ ਸਭਾ ‘ਚ ਬੈਠੇ ਲੋਕ ਮਾਨ ਨੂੰ ਬੋਤਲ ਦੇ ਰਹੇ ਬਜ਼ੁਰਗ ਨੂੰ ਦੇਖ ਕੇ ਆਪਸ ‘ਚ ਕੂਹਣਮ ਕੂਹਣੀ ਤਾਂ ਹੋਏ ਕਿਉਕਿ ਹਾਲੇ ਤੱਕ ਉਨ੍ਹਾਂ ਨੇ ਸ਼ੋਸਲ ਮੀਡੀਆ ਤੇ ਭਗਵੰਤ ਮਾਨ ਦੀਆਂ ਵਾਇਰਲ ਹੋ ਰਹੀਆਂ ਜਿਹੜੀਆਂ ਵੀਡੀਓ ਤਸ਼ਵੀਰਾਂ ਦੇਖੀਆਂ ਹਨ ਉਸ ਵਿੱਚ ਕਈ ਜਗ੍ਹਾ ਮਾਨ ਨਸ਼ੇ ਦੀ ਹਾਲਤ ਵਿੱਚ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਦਿਖਾਈ ਦੇ ਰਹੇ ਹਨ ਤੇ ਇਸ ਤੋਂ ਇਲਾਵਾ ਕਈ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਆਗੂ ਵੀ ਭਗਵੰਤ ਮਾਨ ਉੱਤੇ ਸ਼ਰਾਬ ਪੀ ਕੇ ਸਮਾਗਮਾਂ ਅਤੇ ਪਾਰਲੀਮੈਂਟ ਵਿੱਚ ਜਾਣ ਦੇ ਦੋਸ਼ ਲਾਉਂਦੇ ਆਏ ਹਨ। ਅਜਿਹੀ ਹਾਲਤ ਵਿੱਚ ਭਾਵੇਂ ਗੁਲਜ਼ਾਰ ਸਿੰਘ ਵਰਗਾ ਬਜ਼ੁਰਗ ਬੋਤਲ ‘ਚ ਘਿਓ ਪਾ ਕੇ ਹੀ ਕਿਉਂ ਨਾ ਦੇਣ ਆਇਆ ਹੋਵੇ ਸ਼ੱਕ ਦਾਰੂ ਦੀ ਬੋਤਲ ਦਾ ਪੈਣਾ ਸੁਭਾਵਿਕ ਹੈ ਕਿਉਂਕਿ ਮਿੱਤਰੋ ਕਿਸੇ ਨੇ ਸੱਚ ਹੀ ਕਿਹੈ, ਕਿ ਬਦ ਨਾਲੋਂ ਬਦਨਾਮ ਬੁਰਾ ਹੁੰਦੈ।