ਚੋਣ ਲੜ ਕੇ ਸੰਨੀ ਦਿਓਲ ਨੇ ਪੰਗਾ ਈ ਲੈ ਲਿਆ, ਆਹ ਚੱਕੋ ਆ ਗਿਆ ਇੱਕ ਹੋਰ ਨੋਟਿਸ, ਲਗਦੈ ਪਰਚਾ ਦਰਜ਼ ਕਰਾਉ?

TeamGlobalPunjab
6 Min Read

ਪਠਾਨਕੋਟ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਕੁਝ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੇ ਇਨ੍ਹਾਂ ਚੋਣਾਂ ਨੂੰ ਖਾਸ ਬਣਾ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਕ ਤਾਂ ਲੋਕਾਂ ਵੱਲੋਂ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਕੋਲੋਂ ਪਹਿਲਾਂ ਕੀਤੇ ਕੰਮਾਂ ਅਤੇ ਵਾਅਦਿਆਂ ਦਾ ਹਿਸਾਬ-ਕਿਤਾਬ ਮੰਗਿਆ ਜਾ ਰਿਹਾ ਹੈ, ਦੂਜੇ ਪਾਸੇ ਕੁਝ ਅਜਿਹੇ ਉਮੀਦਵਾਰ ਵੀ ਹਨ ਜਿਨ੍ਹਾਂ ਦਾ ਭਵਿੱਖ ਦਾਅ ‘ਤੇ ਲੱਗਿਆ ਹੈ ਤੇ ਕਈ ਨਵੇਂ ਉਮੀਦਵਾਰ ਵੀ ਇਸ ਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਸੇ ਮਾਹੌਲ ‘ਚ ਪ੍ਰਸਿੱਧ ਫਿਲਮ ਅਦਾਕਾਰ ਸੰਨੀ ਦਿਓਲ ਵੀ ਪਹਿਲੀ ਵਾਰ ਚੋਣ ਲੜਕੇ ਆਪਣੀ ਕਿਸਮਤ ਅਜਮਾ ਰਹੇ ਹਨ। ਪਰ ਇੰਝ ਲਗਦਾ ਹੈ ਕਿ ਉਨ੍ਹਾਂ ਨੇ ਇਹ ਚੋਣ ਲੜ ਕੇ ਪੰਗਾ ਹੀ ਲੈ ਲਿਆ ਹੈ। ਜੀ ਹਾਂ, ਇਹ ਅਸੀਂ ਨਹੀਂ ਲੋਕ ਕਹਿ ਰਹੇ ਹਨ, ਕਿਉਂਕਿ ਸੰਨੀ ਦਿਓਲ ਨੇ ਜਿਸ ਦਿਨ ਤੋਂ ਪੰਜਾਬ ਵਿੱਚ ਚੋਣਾ ਲੜਨ ਲਈ ਪੈਰ ਧਰਿਆ ਹੈ, ਉਸ ਦਿਨ ਤੋਂ ਉਹ ਨਿੱਤ ਨਵੇਂ ਤੋਂ ਨਵੇਂ ਝੰਜਟ ਵਿੱਚ ਫਸੇ ਰਹੇ ਹਨ। ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਕੋਲ ਸੰਨੀ ਦਿਓਲ ਵਿਰੁੱਧ ਹਿੰਦੂ ਧਰਮ ਦੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਲਈ ਸ਼ਿਕਾਇਤ ਹੋਈ ਸੀ, ਇਸ ਤੋਂ ਇਲਾਵਾ ਇੱਕ ਵਾਰ ਸੰਨੀ ਆਪਣੇ ਸੁਰੱਖਿਆ ਅਮਲੇ ਨੂੰ ਬਿਨਾਂ ਦੱਸੇ ਹੀ ਗਾਇਬ ਹੋ ਗਏ ਸਨ ਤੇ ਹੁਣ ਉਨ੍ਹਾਂ ਨੂੰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ ਰਾਤ ਵੇਲੇ ਸਪੀਕਰ ਲਾ ਕੇ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਏ ਜਾਣ ਦੀ ਅਪੀਲ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਇਨ੍ਹਾਂ ਸਾਰੇ ਹੀ ਮਾਮਲਿਆਂ ਵਿੱਚ ਸੰਨੀ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਸੀ, ਪਰ ਬੀਤੀ ਰਾਤ ਹੋਈ ਘਟਨਾ ਚੋਣ ਕਮਿਸ਼ਨ ਦੇ ਨਿਯਮਾਂ ਦੀ ਘੋਰ ਉਲੰਘਣਾ ਮੰਨਿਆ ਜਾ ਰਿਹਾ ਹੈ ਤੇ ਇਸ ਸਬੰਧੀ ਜੇਕਰ ਸੰਨੀ ਚੋਣ ਕਮਿਸ਼ਨ ਨੂੰ ਸੰਤੁਸ਼ਟ ਨਾ ਕਰ ਪਾਇਆ ਤਾਂ ਉਹ ਵੱਡੀ ਮੁਸੀਬਤ ‘ਚ ਫਸ ਸਕਦਾ ਹੈ।

ਦੱਸ ਦਈਏ ਕਿ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ 19 ਮਈ ਨੂੰ ਵੋਟਾਂ ਪਾਏ ਜਾਣ ਤੋਂ ਪਹਿਲਾਂ ਬੀਤੀ ਕੱਲ੍ਹ ਸ਼ਾਮ 6 ਵਜੇ ਦੇ ਕਰੀਬ ਪੰਜਾਬ  ਵਿੱਚ ਚੋਣ ਪ੍ਰਚਾਰ ਬੰਦ ਹੋ ਗਿਆ ਸੀ, ਪਰ ਦੋਸ਼ ਹੈ ਕਿ ਸੰਨੀ ਦਿਓਲ ਨੇ ਚੋਣ ਜ਼ਾਬਤੇ ਦੇ ਨਿਯਮਾਂ ਦੇ ਉਲਟ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਵੀ ਲੰਘੀ ਰਾਤ ਕਰੀਬ 9:30 ਵਜੇ ਪਠਾਨਕੋਟ ‘ਚ ਬਣਾਏ ਗਏ ਆਪਣੇ ਆਰਜੀ ਦਫਤਰ ‘ਚ ਚੋਣ ਮੀਟਿੰਗ ਕੀਤੀ। ਜਾਣਕਾਰੀ ਮੁਤਾਬਕ ਇਸ ਚੋਣ ਰੈਲੀ ਦੌਰਾਨ ਜਿੱਥੇ 200 ਕੇ ਕਰੀਬ ਲੋਕ ਸ਼ਾਮਲ ਹੋਏ, ਉੱਥੇ ਇਸ ਮੀਟਿੰਗ ‘ਚ ਵੀਡੀਓਗ੍ਰਾਫੀ ਅਤੇ ਸਪੀਕਰਾਂ ਦੀ ਵਰਤੋਂ ਵੀ ਕੀਤੀ ਗਈ। ਖ਼ਬਰ ਮਿਲਨ ‘ਤੇ ਚੋਣ ਕਮਿਸ਼ਨ ਵੱਲੋਂ ਇਸ ਮਾਮਲੇ ਨੂੰ ਸਰਾ-ਸਰ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਮੰਨਿਆ ਹੈ। ਜਿਸ ਤੋਂ ਬਾਅਦ ਕਮਿਸ਼ਨ ਨੇ ਵੀ ਸੰਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪੈ ਗਿਆ ਨਾ ਪੰਗਾ?

ਇਹ ਤਾਂ ਸੀ ਉਹ ਮਾਮਲੇ ਜਿਨ੍ਹਾਂ ਵਿੱਚ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਅੱਗੇ ਜਵਾਬ ਦੇਣੇ ਪਏ ਹਨ ਜਾਂ ਦੇਣੇ ਪੈਣਗੇ, ਪਰ ਇਸ ਤੋਂ ਇਲਾਵਾ ਵੀ ਸੰਨੀ ਇਨ੍ਹਾਂ ਚੋਣਾਂ ਦੌਰਾਨ ਮੁਸੀਬਤਾਂ ਵਿੱਚ ਹੀ ਰਹੇ ਹਨ। ਜਿਵੇਂ ਈਵੀਐਮ ਮਸ਼ੀਨ ‘ਤੇ ਆਪਣਾ ਨਾਮ ਸੰਨੀ ਦਿਓਲ ਲਿਖਵਾਉਣ ਲਈ ਵੀ ਉਨ੍ਹਾਂ ਨੂੰ ਆਪਣੇ ਦਿਮਾਗ ‘ਤੇ ਬੋਝ ਪਾ ਕੇ ਚੋਣ ਕਮਿਸ਼ਨ ਦੇ ਦਰਬਾਰ ਵਿੱਚ ਜਾਣਾ ਪਿਆ। ਇੱਕ ਵਾਰ ਤਾਂ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੀ ਹੋ ਗਿਆ ਤੇ ਉਹ ਆਪ ਵਾਲ ਵਾਲ ਬਚੇ, ਤੇ ਰੋਡ ਸ਼ੋਅ ਦੌਰਾਨ  ਧਾਰਮਿਕ ਤਸਵੀਰ ‘ਤੇ ਪੈਰ ਰੱਖਣ ਦੇ ਮਾਮਲੇ ਵਿੱਚ ਤਾਂ ਉਨ੍ਹਾਂ ਦੇ ਖਿਲਾਫ ਪੁਲਿਸ ਕੋਲ ਵੀ ਸ਼ਿਕਾਇਤ ਦਰਜ਼ ਕਰਵਾਈ ਗਈ ਸੀ। ਹੈ ਨਾ ਮੁਸੀਬਤ ‘ਤੇ ਮੁਸੀਬਤ? ਸ਼ਾਇਦ ਤਾਹੀਓਂ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੇ ਪੱਤਰਕਾਰਾਂ ਅੱਗੇ ਇਹ ਖੁਲਾਸਾ ਕੀਤਾ ਸੀ ਕਿ ਮੈਂ ਸੰਨੀ ਨੂੰ ਚੋਣ ਲੜਨ ਤੋਂ ਮਨ੍ਹਾਂ ਕੀਤਾ ਸੀ ਪਰ ਇਹ ਨਹੀਂ ਟਲਿਆ। ਚਲੋ ਕੋਈ ਗੱਲ ਨਹੀਂ! ਤਜ਼ਰਬਾ ਹੀ ਆਦਮੀ ਨੂੰ ਤਜ਼ਰਬੇਕਾਰ ਬਣਾਉਦਾ ਹੈ, ਪਰ ਉਨ੍ਹਾਂ ਹਾਲਾਤਾਂ ਵਿੱਚ ਜੇ ਬੰਦਾ ਸਬਰ ਰੱਖੇ। ਨਹੀਂ ਤਾਂ ਮੈਦਾਨ ਛੱਡ ਕੇ ਭੱਜਣ ਵਾਲੇ ਲੋਕ ਅੱਗੇ ਕਈ ਹੋਰਾਂ ਦੇ ਘਰ ਬੈਠਿਆਂ ਦੇ ਹੌਂਸਲੇ ਵੀ ਪਸਤ ਕਰ ਦਿੰਦੇ ਹਨ।

ਚੋਣ ਕਮਿਸ਼ਨ ਨੇ ਸੰਨੀ ਦਿਓਲ ਨੂੰ ਤਾਜਾ ਭੇਜੇ ਗਏ ਨੋਟਿਸ ਵਿੱਚ ਅੱਜ ਸਵੇਰ 9 ਵਜੇ ਤੱਕ ਜਵਾਬ ਦੇਣ ਲਈ ਕਿਹਾ ਸੀ। ਜੇਕਰ ਉਨ੍ਹਾਂ ਜਵਾਬ ਨਾ ਦਿੱਤਾ ਤਾਂ ਚੋਣ ਕਮਿਸ਼ਨ ਇਹ ਮੰਨ ਲਵੇਗਾ ਕਿ ਸੰਨੀ ਦਿਓਲ ਕੋਲ ਇਸ ਮਾਮਲੇ ਵਿੱਚ ਕਹਿਣ ਲਈ ਕੁਝ ਵੀ ਨਹੀਂ ਹੈ। ਜਿਸ ਤੋਂ ਬਾਅਦ ਕਾਨੂੰਨ ਆਪਣਾ ਕੰਮ ਕਰੇਗਾ, ਕਿਉਂਕਿ ਚੋਣ ਅਧਿਕਾਰੀਆਂ ਅਨੁਸਾਰ ਇਹ ਸਰਾ-ਸਰ ਕਾਨੂੰਨ ਦੀ ਧਾਰਾ 144 ਦੀ ਉਲੰਘਣਾ ਤੋਂ ਇਲਾਵਾ ਚੋਣ ਕਮਿਸ਼ਨ ਦੇ ਕਾਨੂੰਨਾ ਦਾ ਉਲੰਘਣ ਵਾਲਾ ਮਾਮਲਾ ਬਣਦਾ ਹੈ ਤੇ ਕਮਿਸ਼ਨ ਵੱਲੋਂ ਸੰਨੀ ਦਿਓਲ ਵੱਲੋਂ ਰਾਤ ਵੇਲੇ ਕੀਤੀ ਗਈ ਮੀਟਿੰਗ ਦੀ ਵੀਡੀਓ ਰਿਕਾਰਡਿੰਗ ਵੀ ਕਰਵਾਈ ਗਈ ਸੀ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਸਪੀਕਰਾਂ ਦੀ ਵਰਤੋਂ ਵੀ ਕੀਤੀ ਗਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਕਮਿਸ਼ਨ ਸੰਨੀ ਦਿਓਲ ‘ਤੇ ਕੀ ਐਕਸ਼ਨ ਲੈਂਦੇ ਹਨ? ਤੇ ਮੌਜੂਦਾ ਚੋਣਾਂ ਦੌਰਾਨ ਵਾਰ ਵਾਰ ਮੁਸੀਬਤਾਂ ਘਿਰ ਰਿਹਾ ਇਹ ਬਾਲੀਵੁੱਡ ਅਦਾਕਾਰ ਆਪਣੀ ਠਾਠ ਦੀ ਜਿੰਦਗੀ ਬਤੀਤ ਕਰਦਾ ਕਰਦਾ ਇਹ ਸਭ ਕਦੋਂ ਤੱਕ ਸਹਿਨ ਕਰੇਗਾ? ਨਹੀਂ ਤਾਂ ਫਿਰ ਸਾਰੇ ਇਹ ਤਾਂ ਕਹਿਣਗੇ ਹੀ ਕਿ ਸਿਆਣਿਆਂ ਦਾ ਕਿਹਾ ਤੇ ਆਂਵਲਿਆਂ ਦਾ ਖਾਦਾ ਬਾਅਦ ਵਿੱਚ ਪਤਾ ਲਗਦਾ ਹੈ।

 

Share this Article
Leave a comment