ਗੜ੍ਹਕ ਕੇ ਬੋਲੋ ਕੈਪਟਨ, ਕੋਈ ਉਮੀਦਵਾਰ ਨਹੀਂ ਬਦਲਾਂਗੇ, ਕਿਹਾ ਇੱਕ ਵਾਰ ਕੇਪੀ ਦੀ ਪਤਨੀ ਤੇ 3 ਵਾਰ ਕੇਪੀ ਹਾਰੇ

ਚੰਡੀਗੜ੍ਹ : ਲੋਕ ਸਭਾ ਟਿਕਟਾਂ ਦੀ ਵੰਡ ਵੇਲੇ ਕਾਂਗਰਸ ਪਾਰਟੀ ਦੇ ਅਸਲੀ ਬੌਸ ਬਣ ਕੇ ਉੱਭਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਗ਼ੀ ਸੁਰਾਂ ਅਪਣਾਉਣ ਵਾਲੇ ਆਗੂਆਂ ਨੂੰ ਗੜ੍ਹਕ ਕੇ ਕਿਹਾ ਹੈ, ਕਿ ਕੋਈ ਉਮੀਦਵਾਰ ਨਹੀਂ ਬਦਲਿਆ ਜਾਵੇਗਾ। ਲਿਹਾਜਾ ਜਿਹੜੇ ਹਲਕਿਆਂ ਵਿੱਚ ਉਮੀਦਵਾਰਾਂ ਦਾ ਐਲਾਨ ਹੋ ਚੁਕਿਆ ਹੈ, ਉੱਥੇ ਹਾਲੇ ਵੀ ਦਾਅਵੇਦਾਰੀਆਂ ਪੇਸ਼ ਕਰ ਰਹੇ ਆਗੂਆਂ ਨੂੰ ਹੁਣ ਆਪਣੇ ਦਾਅਵੇ ਛੱਡ ਕੇ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਸਰਗਰਮ  ਹੋ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਅਨੁਸਾਰ ਪਾਰਟੀ ਨੇ ਟਿਕਟਾਂ ਉਨ੍ਹਾਂ ਲੋਕਾਂ ਨੂੰ ਹੀ ਦਿੱਤੀਆਂ ਹਨ, ਜਿਨ੍ਹਾਂ ਦੀ ਜਿੱਤ ਦੀਆਂ ਸੰਭਾਵਨਾਵਾਂ ਵੱਧ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੀਆਂ 13 ਸੀਟਾਂ ‘ਤੇ ਕੁੱਲ 177 ਲੋਕਾਂ ਨੇ ਦਾਅਵੇਦਾਰੀਆਂ ਜਤਾਈਆਂ ਸਨ, ਤੇ ਸੱਚਾਈ ਇਹ ਹੈ, ਕਿ ਪਾਰਟੀ ਸਿਰਫ 13 ਲੋਕਾਂ ਨੂੰ ਹੀ ਟਿਕਟ ਦੇ ਸਕਦੀ ਸੀ। ਸਾਰਿਆਂ ਨੂੰ ਟਿਕਟ ਦੇਣਾ ਸੰਭਵ ਨਹੀਂ ਸੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਵੱਲੋਂ ਅਪਣਾਏ ਗਏ ਬਗਾਵਤੀ ਸੁਰਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਪੀ ਨੂੰ ਪਾਰਟੀ ਵੱਲੋਂ 3 ਵਾਰ ਟਿਕਟ ਦਿੱਤੀ ਗਈ ਸੀ, ਪਰ ਉਹ ਤਿੰਨੋਂ ਵਾਰ ਹਾਰ ਗਏ। ਇੱਥੋਂ ਤੱਕ ਕਿ ਮਹਿੰਦਰ ਸਿੰਘ ਕੇਪੀ ਦੀ ਪਤਨੀ ਨੂੰ ਵਿਧਾਨ ਸਭਾ ਹਲਕੇ ਵਿੱਚੋਂ ਵੀ ਟਿਕਟ ਦਿੱਤੀ ਗਈ ਸੀ ਪਰ ਉਹ ਵੀ ਹਾਰ ਗਏ।  ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਹੀ ਉਮੀਦਵਾਰਾਂ ਨੂੰ ਟਿਕਟ ਦੇ ਰਹੀ ਹੈ ਜਿਨ੍ਹਾਂ ਦੀ ਜਿੱਤ ਦੀਆਂ ਸੰਭਾਵਨਾਵਾਂ ਵੱਧ ਹਨ। ਇੱਥੇ ਉਨ੍ਹਾਂ ਆਸ ਪ੍ਰਗਟ ਕੀਤੀ, ਕਿ ਜਿਹੜੇ ਵੀ ਸੀਨੀਅਰ ਕਾਂਗਰਸੀ ਆਗੂ ਕੁਝ ਨਰਾਜ਼ ਚੱਲ ਰਹੇ ਹਨ, ਉਹ ਸਮਝਦਾਰੀ ਤੋਂ ਕੰਮ ਲੈਣਗੇ ਤੇ ਚੋਣਾਂ ਦੌਰਾਨ ਕੁਝ ਵੀ ਅਜਿਹਾ ਨਹੀਂ ਕਰਨਗੇ ਜਿਸ ਨਾਲ ਵਿਰੋਧੀਆਂ ਨੂੰ ਫਾਇਦਾ ਹੋਵੇ, ਤੇ ਪਾਰਟੀ ਨੂੰ ਨੁਕਸਾਨ। ਮੁੱਖ ਮੰਤਰੀ ਨੇ ਨਰਾਜ਼ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪਾਰਟੀ ਹਿੱਤਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਉਮੀਦਵਾਰਾਂ ਦੀ ਮਦਦ ਕਰਨ, ਜਿਨ੍ਹਾਂ ਦਾ ਨਾਮ ਪਾਰਟੀ ਵੱਲੋਂ ਐਲਾਨਿਆ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਉਕਤ ਬਿਆਨ ਨੇ ਇਹ ਸਾਬਤ ਕਰ ਦਿੱਤਾ ਹੈ, ਕਿ ਉਹ ਉਨ੍ਹਾਂ ਆਗੂਆਂ ਦੇ ਕਿਸੇ ਵੀ ਦਬਾਅ ਹੇਠ ਆਉਣ ਵਾਲੇ ਨਹੀਂ ਹਨ ਜਿਨ੍ਹਾਂ ਨੇ ਟਿਕਟ ਨਾ ਮਿਲਣ ਕਾਰਨ ਬਾਗ਼ੀ ਹੋ ਕੇ ਚੋਣ ਤੱਕ ਲੜਨ ਦਾ ਐਲਾਨ ਕੀਤਾ ਹੈ। ਉੱਧਰ ਦੂਜੇ ਪਾਸੇ ਦੋਸ਼ ਲੱਗ ਰਹੇ ਹਨ, ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਜਲੰਧਰ ਤੋਂ ਟਿਕਟ ਦਾਅਵੇਦਾਰ ਮਹਿੰਦਰ ਸਿੰਘ ਕੇਪੀ ਟਿਕਟ ਨਾ ਮਿਲਣ ਕਾਰਨ ਇੱਥੋਂ ਤੱਕ ਨਰਾਜ਼ ਚੱਲ ਰਹੇ ਹਨ, ਕਿ ਉਨ੍ਹਾਂ ਨੇ ਪਾਰਟੀ ਅੰਦਰ ਧੜੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੇਪੀ ਵੱਲੋਂ ਆਉਂਦੀ 15 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਇੱਕ ਭਾਰੀ ਇਕੱਠ ਕਰਨ ਦਾ ਸੱਦਾ ਵੀ ਦਿੱਤਾ ਹੈ। ਜਿਸ ਵਿੱਚ ਕਈ ਅਜਿਹੇ ਲੋਕਾਂ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ, ਜਿਹੜੇ ਕਿਸੇ-ਨਾ-ਕਿਸੇ ਕਾਰਨ ਵਸ਼ ਪਾਰਟੀ ਤੋਂ ਨਰਾਜ਼ ਚੱਲੇ ਆ ਰਹੇ ਹਨ। ਕੇਪੀ ਦਾ ਦੋਸ਼ ਹੈ, ਕਿ ਪਾਰਟੀ ਅੰਦਰਲੇ ਪੁਰਾਣੇ ਤੇ ਅਜਿਹੇ ਪਰਿਵਾਰਾਂ ਨੂੰ ਲਾਂਬੇ ਕੀਤਾ ਜਾ ਰਿਹਾ ਹੈ ਜਿਹੜੇ ਪਾਰਟੀ ਲਈ ਕੁਰਬਾਨੀਆਂ ਦਿੰਦੇ ਆਏ ਹਨ।

Check Also

MLA ਬਲਕਾਰ ਸਿੱਧੂ ਨੇ ਰੰਗੇ ਹੱਥੀਂ ਫੜਿਆ ਰਿਸ਼ਵਤ ਲੈਂਦਾ ASI

ਬਠਿੰਡਾ : ਰਾਮਪੁਰਾ ਫੂਲ ਤੋਂ ਆਪ ਵਿਧਾਇਕ ਬਲਕਾਰ ਸਿੱਧੂ ਨੇ  ਥਾਣਾ ਦਿਆਲਪੁਰਾ ਭਾਈਕਾ ਦੇ ਏਐੱਸਆਈ ਜਗਤਾਰ …

Leave a Reply

Your email address will not be published.