ਗਿਆਨੀ ਇਕਬਾਲ ਸਿੰਘ ਨੇ ਕਰਤਾ ਵੱਡਾ ਐਲਾਨ ਐਸਆਈਟੀ ਕੋਲ ਭੰਨ੍ਹਣਗੇ ਬਾਦਲਾਂ ਦਾ ਭਾਂਡਾ ?

ਅੰਮ੍ਰਿਤਸਰ : ਤਖ਼ਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਵਿਵਾਦਾਂ ‘ਚ ਘਿਰੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਇੱਕ ਵੱਡਾ ਐਲਾਨ ਕੀਤਾ ਹੈ ਉਨ੍ਹਾਂ ਕਿਹਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਅੱਗੇ ਪੇਸ਼ ਹੋ ਕੇ ਅਜਿਹੇ ਖੁਲਾਸੇ ਕਰਨਗੇ ਜਿਨ੍ਹਾਂ ‘ਤੇ ਅੱਜ ਤੱਕ ਪਰਦਾ ਪਿਆ ਰਿਹਾ ਹੈ। ਗਿਆਨੀ ਇਕਬਾਲ ਸਿੰਘ ਅਨੁਸਾਰ ਉਨ੍ਹਾਂ ਨੂੰ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਤਾਂ ਹਟਾਇਆ ਗਿਆ ਕਿਉਂਕਿ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਸਾਹਿਬ ‘ਤੇ ਦਿੱਤੀ ਗਈ ਮਾਫੀ ਦਾ ਸੱਚ ਪੰਥ ਅੱਗੇ ਲਿਆਂਦਾ ਹੈ। ਗਿਆਨੀ ਜੀ ਦੇ ਇਸ ਐਲਾਨ ਤੋਂ ਬਾਅਦ ਪੰਥਕ ਹਲਕਿਆਂ ਵਿੱਚ ਇਨ੍ਹਾਂ ਚਰਚਾਵਾਂ ਦਾ ਬਜ਼ਾਰ ਬੜੀ ਤੇਜ਼ੀ ਨਾਲ ਪਾਰਾ ਫੜ੍ਹ ਗਿਆ ਹੈ ਕਿ ਐਸਆਈਟੀ ਅੱਗੇ ਪੇਸ਼ ਹੋ ਕੇ ਗਿਆਨੀ ਇਕਬਾਲ ਸਿੰਘ ਜਿਹੜੇ ਬਿਆਨ ਦੇਣ ਜਾ ਰਹੇ ਹਨ, ਉਸ ਦਾ ਸਿੱਧਾ ਸੇਕ ਬਾਦਲਾਂ ਨੂੰ ਪਹੁੰਚਣ ਵਾਲਾ ਹੈ, ਕਿਉਂਕਿ ਇਸ ਤੋਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਵੀ ਮੀਡੀਆ ‘ਚ ਇਹ ਬਿਆਨ ਦੇ ਚੁੱਕੇ ਹਨ ਕਿ ਡੇਰਾ ਮੁਖੀ ਨੂੰ ਦਿੱਤੀ ਜਾਣ ਵਾਲੀ ਮਾਫੀ ਦੇ ਲਿਖਤੀ ਮਾਫੀਨਾਮੇ ‘ਤੇ ਹਸਤਾਖ਼ਰ ਕਰਨ ਲਈ ਬਾਦਲਾਂ ਨੇ ਦਬਾਅ ਪਾਇਆ ਸੀ।

ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਇਕਬਾਲ ਸਿੰਘ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਡੇਰਾ ਮੁਖੀ ਨੂੰ ਮਾਫੀ ਕਿੰਝ ਦਿੱਤੀ ਗਈ? ਮਾਫੀ ਵਾਲੀ ਚਿੱਠੀ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਿਵੇਂ ਪੁੱਜੀ? ਉਹ ਮਾਫੀ ਕਿਸ ਦੇ ਹੁਕਮਾਂ ਤੋਂ ਬਾਅਦ ਕਿੰਝ ਦਿੱਤੀ ਗਈ? ਇਸ ਸੱਚ ਦਾ ਪਤਾ ਲਗਾਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾਵੇ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਦੇ ਇੱਥੇ ਆਉਣ ‘ਤੇ ਹੀ ਇਹ ਪਤਾ ਲੱਗੇਗਾ ਕਿ ਉਹ ਕਿਹੜੇ ਜਥੇਦਾਰ ਸਨ ਜਿਹੜੇ ਚੰਡੀਗੜ੍ਹ ਵਿਖੇ ਕਿਸੇ ਦੀ ਕੋਠੀ ਜਾ ਕੇ ਮਾਫੀ ਦੇ ਹੁਕਮ ਲਿਆਏ ਸਨ, ਚਿੱਠੀ ਦੀ ਅਦਲਾ ਬਦਲੀ ਕਿਵੇਂ ਹੋਈ ਉਹ ਚਿੱਠੀ ਅਕਾਲ ਤਖ਼ਤ ਸਾਹਿਬ ਕਿਵੇਂ ਪੁੱਜੀ ਤੇ ਕੌਣ ਲਿਆਇਆ? ਇਸ ਸੱਚਾਈ ਨੂੰ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਪੰਥ ਦੇ ਸਾਹਮਣੇ ਲਿਆਉਣਾ ਬਹੁਤ ਜਰੂਰੀ ਹੈ।

ਗਿਆਨੀ ਹੁਰਾਂ ਕਿਹਾ ਕਿ ਜਿਸ ਢੰਗ ਨਾਲ ਸਤੰਬਰ 2015 ਦੌਰਾਨ ਸੌਦਾ ਸਾਧ ਨੂੰ ਬਿਨਾਂ ਮੰਗਿਆ ਹੀ ਮਾਫੀ ਦਿੱਤੀ ਗਈ ਹੈ ਉਸ ਦੀ ਪੋਲ ਸੰਗਤਾਂ ਸਾਹਮਣੇ ਖੁੱਲ੍ਹਣ ਕਾਰਨ ਮਾਮਲਾ ਇੱਥੇ ਤੱਕ ਪਹੁੰਚ ਗਿਆ ਹੈ ਕਿ ਉਨ੍ਹਾਂ ਦੇ ਵਿਰੋਧੀ ਰਲ ਕੇ ਉਨ੍ਹਾਂ ( ਗਿਆਨੀ ਇਕਬਾਲ ਸਿੰਘ) ਖ਼ਿਲਾਫ ਕਾਰਵਾਈ ਕਰਵਾ ਰਹੇ ਹਨ। ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਵਾਂ ਸਾਬਕਾ ਜਥੇਦਾਰਾਂ ਖਿਲਾਫ ਜਾਂਚ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਤੇ ਉਨ੍ਹਾਂ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਜਵਾਬ ਮੰਗੇ ਜਾਣ। ਉਨ੍ਹਾਂ ਇੱਥੇ ਇਹ ਵੀ ਸਵਾਲ ਖੜ੍ਹਾ ਕੀਤਾ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਗਿਆਨੀ ਗੁਰਮੁੱਖ ਸਿੰਘ ਨੂੰ ਦੁਆਰਾ ਹੈਡਗ੍ਰੰਥੀ ਕਿਸ ਕਾਰਨ ਲਾਇਆ ਗਿਆ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾ ਖਿਲਾਫ ਲੱਗੇ ਦੋਸ਼ਾਂ ਬਾਰੇ ਉਹ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਜਾਂਚ ਕਮੇਟੀ ਵੀ ਰਿਪੋਰਟ ਦੇ ਚੁੱਕੀ ਹੈ, ਪਰ ਪਤਾ ਨਹੀਂ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ 7 ਮੈਂਬਰੀ ਕਮੇਟੀ ਵਿੱਚ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ 2 ਮੈਂਬਰ ਸ਼ਾਮਲ ਕਰਵਾ ਕੇ ਮੁੜ ਪੜਤਾਲ ਕਰਵਾਉਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੇਰੇ ਖਿਲਾਫ ਇੱਕ ਵੱਡੀ ਸਾਜ਼ਿਸ਼ ਹੈ ਤੇ ਮੈਂ ਇਸ ਦੀ ਪੋਲ ਖੋਲ੍ਹ ਕੇ ਰਹਾਂਗਾ।

 

Check Also

38 ਸਾਲ ਬਾਅਦ ਘਰ ਪਹੁੰਚੇਗੀ ਸ਼ਹੀਦ ਦੀ ਮ੍ਰਿਤਕ ਦੇਹ

ਨਿਊਜ਼ ਡੈਸਕ: 1984 ‘ਚ ਸਿਆਚਿਨ ‘ਚ ਸ਼ਹੀਦ ਹੋਏ 19 ਕੁਮਾਉਂ ਰੈਜੀਮੈਂਟ ਦੇ ਜਵਾਨ ਚੰਦਰਸ਼ੇਖਰ ਹਰਬੋਲਾ …

Leave a Reply

Your email address will not be published.