ਲੁਧਿਆਣਾ : ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪੇਜ਼ ਨੰਬਰ 228 ‘ਤੇ ਲਿਖਿਆ ਹੈ, “ ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ”॥ ਜਿਸ ਦਾ ਅਰਥ ਹੈ ਕਲਯੁੱਗ ਦੇ ਸਮੇਂ ਵਿੱਚ ਇਨਸਾਨ ਦੀ ਫਿਤਰਤ ਕੁੱਤੇ ਵਰਗੀ ਹੋ ਜਾਵੇਗੀ ਜੋ ਮੁਰਦੇ ਖਾਣ ਲਈ ਉਤਾਵਲਾ ਰਹੇਗਾ ਤੇ ਰਾਜੇ ਯਾਨੀ ਸਰਕਾਰਾਂ ਇੰਝ ਪਾਪ ਯਾਨੀ ਜ਼ੁਰਮ ਕਰਨਗੀਆਂ ਜਿਵੇਂ ਖੇਤ ਦੇ ਬਾਹਰ ਲੱਗੀ ਵਾੜ ਖੇਤ ਦੀ ਰੱਖਿਆ ਕਰਨ ਦੀ ਬਜਾਏ ਉਸ ਨੂੰ ਖੁਦ ਖਾ ਜਾਂਦੀ ਹੈ ਯਾਨੀ ਨੁਕਸਾਨ ਕਰ ਦਿੰਦੀ ਹੈ। ਕੁਝ ਇਹੋ ਜਿਹਾ ਹੀ ਮਾਮਲਾ ਇੱਥੋਂ ਦੇ ਥਾਣਾ ਸਦਰ ਖੰਨਾਂ ਅੰਦਰ ਵਾਪਰਿਆ ਹੈ ਜਿੱਥੇ ਉਹ ਪੁਲਿਸ ਜਿਸ ਨੂੰ ਨਸ਼ਿਆ ‘ਤੇ ਠੱਲ ਪਾਉਣ ਲਈ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ ਉਸੇ ਪੁਲਿਸ ਦੇ ਇੱਕ ਮੁਨਸ਼ੀ ਅਤੇ 2 ਹੋਰਨਾਂ ਨੂੰ ਵਿਸ਼ੇਸ਼ ਟਾਸਕ ਫੋਰਸ ਨੇ 785 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਇੱਥੇ ਹੀ ਬੱਸ ਨਹੀਂ ਐਸਟੀਐਫ ਨੇ ਉਨ੍ਹਾਂ ਕੋਲੋਂ ਦੋ ਅਜਿਹੀਆਂ ਕਾਰਾਂ ਵੀ ਬਰਾਮਦ ਕੀਤੀਆਂ ਹਨ ਜਿਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਇਹ ਕਾਰਾਂ ਵੀ ਡਰੱਗ ਮਨੀ ਨਾਲ ਹੀ ਖਰੀਦੀਆਂ ਗਈਆਂ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ੇਸ਼ ਟਾਸਕ ਫੋਰਸ ਅਧਿਕਾਰੀ ਆਈਜੀ ਸਨੇਹਦੀਪ ਸ਼ਰਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾਂ ਦੇ ਅਧਾਰ ‘ਤੇ ਅਮਨਦੀਪ ਅਤੇ ਵਿਕਾਸ ਕੁਮਾਰ ਨਾਮ ਦੇ ਵਿਅਕਤੀਆਂ ਕੋਲੋਂ ਚੰਡੀਗੜ੍ਹ ਦੇ ਸੈਕਟਰ 39 ਵਿਖੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 4 ਸੌ ਗਰਾਮ ਹੈਰੋਇਨ ਬਰਾਮਦ ਹੋਈ। ਪੁੱਛਤਾਛ ਕਰਨ ‘ਤੇ ਇਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਲੋਕ ਇਹ ਨਸ਼ਾ ਗਗਨਦੀਪ ਸਿੰਘ ਉਰਫ ਗੱਗੀ ਨਾਮ ਦੇ ਵਿਅਕਤੀ ਤੋਂ ਖਰੀਦਦੇ ਹਨ ਜਿਹੜਾ ਕਿ ਥਾਣਾ ਸਦਰ ਖੰਨਾਂ ‘ਚ ਬਤੌਰ ਮੁੱਖ ਮੁਨਸ਼ੀ ਤਾਇਨਾਤ ਹੈ।
ਆਈਜੀ ਸਨੇਹਦੀਪ ਸ਼ਰਮਾਂ ਨੇ ਦੱਸਿਆ ਕਿ ਇਸ ਉਪਰੰਤ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਗਗਨਦੀਪ ਸਿੰਘ ਉਰਫ ਗੱਗੀ ਕੋਲੋਂ ਵੀ ਪੁੱਛਤਾਛ ਕੀਤੀ ਗਈ ਤੇ ਜਦੋਂ ਉਸ ਦੀ ਆਈ-20 ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 385 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਉਹ ਲੋਕ ਉਹ ਨਾਈਜੀਰੀਅਨਾਂ ਕੋਲੋਂ ਦਿੱਲੀ ਤੋਂ ਖਰੀਦੀ ਕੇ ਲਿਆਇਆ ਸੀ। ਸ਼ਰਮਾਂ ਅਨੁਸਾਰ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈਹੈ।