ਫਰੀਦਕੋਟ : ਲੋਕ ਸਭਾ ਚੋਣਾ ਜਿਉਂ ਜਿਉਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਤਿਉਂ ਤਿਉਂ ਰਾਜਨੀਤਕ ਪਾਰਟੀਆਂ ਵੱਲੋਂ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਇਸੇ ਮਹੌਲ ‘ਚ ਕਈ ਪਾਰਟੀਆਂ ਆਪਸ ‘ਚ ਗੱਠਜੋੜ ਕਰ ਚੋਣ ਲੜਨ ਦੀ ਤਾਕ ਵਿੱਚ ਹਨ। ਇਸ ਗੱਠਜੋੜ ਦੀ ਰੀਤ ਨੂੰ ਧਿਆਨ ‘ਚ ਰੱਖਦਿਆਂ ਪਿਛਲੇ ਦਿਨੀਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਆਮ ਆਦਮੀ ਪਾਰਟੀ ਉਸ ਕਾਂਗਰਸ ਪਾਰਟੀ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ ਜਿਸ ਨੂੰ ਉਹ ਕਦੇ ਸਭ ਤੋਂ ਭ੍ਰਿਸ਼ਟ ਪਾਰਟੀ ਦੱਸਦੀ ਨਹੀਂ ਥੱਕਦੀ ਸੀ, ਤੇ ਹੁਣ ਇਹ ਖ਼ਬਰ ਆਈ ਹੈ ਕਿ ਆਪ ਸੁਪਰੀਮੋਂ ਅਰਵਿੰਦ ਕੇਜ਼ਰੀਵਾਲ ਨੇ ਸ਼ਰੇਆਮ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਤਾਂ ਕਾਂਗਰਸ ਵਾਲਿਆਂ ਨੂੰ ਸਾਡੇ ਨਾਲ ਗੱਠਜੋੜ ਕਰਨ ਲਈ ਕਹਿ ਕਹਿ ਥੱਕ ਗਏ ਹਾਂ ਪਰ ਉਹ ਸਾਡੇ ਨਾਲ ਗੱਠਜੋੜ ਕਰਨ ਨੂੰ ਤਿਆਰ ਹੀ ਨਹੀਂ ਹਨ। ਅਜਿਹਾ ਹੀ ਕੁਝ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਵਾਲਿਆਂ ਦਰਮਿਆਨ ਵੀ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਸੁਖਪਾਲ ਸਿੰਘ ਖਹਿਰਾ ਵੱਲੋਂ ਐਲਾਨੇ ਗਏ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸਨਕਦੀਪ ਸਿੰਘ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਆਪ ਵਾਲੇ ਸਾਡੀਆਂ ਮਿੰਨਤਾਂ ਕਰ ਰਹੇ ਹਨ ਕਿ ਸਾਨੂੰ ਆਪਣੇ ਨਾਲ ਰਲਾ ਲਓ। ਇਹ ਗੱਲਾਂ ਪੰਜਾਬ ਏਕਤਾ ਪਾਰਟੀ ਦੇ ਅਸਲ ਪ੍ਰਧਾਨ ਸਨਕਦੀਪ ਸਿੰਘ ਨੇ ਮੀਡੀਆ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਕਹੀਆਂ ਹਨ।
ਇਸ ਮੌਕੇ ਪੱਤਰਕਾਰਾਂ ਵੱਲੋਂ ਮਾਸਟਰ ਬਲਦੇਵ ਸਿੰਘ ਦੇ ਆਮ ਆਦਮੀ ਪਾਰਟੀਂ ‘ਚ ਵਾਪਸ ਜਾਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਪੈੱਪ ਪ੍ਰਧਾਨ ਸਨਕਦੀਪ ਸਿੰਘ ਸੰਧੂ ਨੇ ਕਿਹਾ ਕਿ ਅਜਿਹੀ ਪਾਰਟੀ ‘ਚ ਮੁੜ ਵਾਪਸ ਕੌਣ ਜਾਣਾ ਪਸੰਦ ਕਰੇਗਾ ਜਿਸ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ। ਸੰਧੂ ਨੇ ਕਿਹਾ ਕਿ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਰੌਲਾ ਪਾ ਰਹੀ ਸੀ ਕਿ ਕਾਂਗਰਸ ਪਾਰਟੀ ਸਭ ਤੋਂ ਭ੍ਰਿਸ਼ਟ ਪਾਰਟੀ ਹੈ ਪਰ ਹੁਣ ਉਨ੍ਹਾਂ ਨਾਲ ਹੀ ਗੱਠਜੋੜ ਕਰਨ ਲਈ ਉਨ੍ਹਾਂ ਦੀਆਂ ਮਿੰਨਤਾਂ ਕੀਤੀਆਂ ਜਾ ਰਹੀਆਂ ਨੇ।