ਖਹਿਰਾ ਤੇ ਮਨਪ੍ਰੀਤ ਬਾਦਲ ਨੇ ਸਿੱਧੂ ਦੇ ਹੱਕ ਵਿੱਚ ਕਰਤਾ ਵੱਡਾ ਐਲਾਨ

TeamGlobalPunjab
4 Min Read

ਜੇ ਸਿੱਧੂ ਕੈਪਟਨ ਵਜ਼ਾਰਤ ਛੱਡਦੇ ਹਨ, ਤਾਂ ਪੀਡੀਏ ਉਨ੍ਹਾਂ ਦਾ ਗੱਡ ਕੇ ਸਾਥ ਦੇਵੇਗੀ : ਖਹਿਰਾ

ਬਠਿੰਡਾ : ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੇ ਬਠਿੰਡਾ ਰੈਲੀ ਵਿੱਚ ਦੋਸਤਾਨਾ ਮੈਚ ਵਾਲੇ ਦਿੱਤੇ ਬਿਆਨ ਤੋਂ ਬਾਅਦ ਕੈਪਟਨ ਵਜ਼ਾਰਤ ਦੇ ਜ਼ਿਆਦਾਤਰ ਮੰਤਰੀਆਂ ਨੇ ਸਿੱਧੂ ਵਿਰੁੱਧ ਮੋਰਚਾ ਖੋਲਿਆ ਹੈ, ਉੱਥੇ ਦੂਜੇ ਪਾਸੇ ਪੰਜਾਬ ਜ਼ਮਹੂਰੀ ਗੱਠਜੋੜ ਅਤੇ ਮਨਪ੍ਰੀਤ ਬਾਦਲ ਨਵਜੋਤ ਸਿੰਘ ਸਿੱਧੂ ਨਾਲ ਇਸ ਮੁਸੀਬਤ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨਜ਼ਰ ਆ ਰਹੇ ਹਨ। ਆਪਣੇ ਇੱਕ ਬਿਆਨ ਵਿੱਚ ਜਿੱਥੇ ਪੰਜਾਬ ਜ਼ਮਹੂਰੀ ਗੱਠਜੋੜ ਦੇ ਆਗੂ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ, ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਤੇ ਬਾਦਲ ਦੇ ਦੋਸਤਾਨਾ ਮੈਚ ਦੀ ਪੁਸ਼ਟੀ ਬੜੇ ਜੋਰਦਾਰ ਢੰਗ ਨਾਲ ਕੀਤੀ ਹੈ, ਲਿਹਾਜਾ ਹੁਣ ਇਹ ਸਿੱਧੂ ਦਾ ਇੱਕ ਵੱਡਾ ਇਮਤਿਹਾਨ ਹੋਵੇਗਾ ਤੇ ਅਜਿਹੇ ਵਿੱਚ ਜੇਕਰ ਸਿੱਧੂ ਕੈਪਟਨ ਵਜ਼ਾਰਤ ਛੱਡਦੇ ਹਨ ਤਾਂ ਪੀਡੀਏ ਉਨ੍ਹਾਂ ਦਾ ਸਮਰਥਨ ਕਰੇਗੀ। ਉੱਥੇ ਦੂਜੇ ਪਾਸੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਨੇ ਇਸ ਸਾਰੇ ਝਗੜੇ ਦਾ ਭਾਂਡਾ ਮੀਡੀਆ ‘ਤੇ ਭੰਨਦਿਆਂ ਕਿਹਾ ਹੈ, ਕਿ ਇਹ ਸਾਰਾ ਪੰਗਾ ਮੀਡੀਆ ਨੇ ਪਾਇਆ ਹੈ।

ਇਸ ਸਬੰਧ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ, ਕਿ ਸਿੱਧੂ ਨੇ ਬਠਿੰਡਾ ਦੀ ਰੈਲੀ ਜਿਸ ਢੰਗ ਨਾਲ ਬੇਅਦਬੀ ਦੇ ਮੁੱਦੇ ‘ਤੇ ਬਾਦਲਾਂ ਨੂੰ ਘੇਰਿਆ ਹੈ, ਉਹ ਇਸ ਲਈ ਸਿੱਧੂ ਦੀ ਸ਼ਲਾਘਾ ਕਰਦੇ ਹਨ। ਖਹਿਰਾ ਨੇ ਐਲਾਨ ਕੀਤਾ, ਕਿ ਜੇਕਰ ਮੌਜੂਦਾ ਹਾਲਾਤਾਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਸਟੈਂਡ ‘ਤੇ ਕਾਇਮ ਰਹਿੰਦੇ ਹਨ, ਤੇ ਆਪਣੇ ਕਹੇ ਅਨੁਸਾਰ ਸੂਬੇ ਦੇ ਭਲੇ ਲਈ ਕੈਪਟਨ ਵਜ਼ਾਰਤ ਛੱਡਦੇ ਹਨ, ਤਾਂ ਪੰਜਾਬ ਜ਼ਮਹੂਰੀ ਗੱਠਜੋੜ ਉਨ੍ਹਾਂ ਦਾ ਗੱਡ ਕੇ ਸਾਥ ਦੇਵੇਗਾ।

ਸੁਖਪਾਲ ਸਿੰਘ ਖਹਿਰਾ ਨੇ ਵੀ ਬਾਦਲਾਂ ਅਤੇ ਕੈਪਟਨ ਸਰਕਾਰ ‘ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ, ਕਿ ਜਿਸ ਤਰ੍ਹਾਂ ਲੁਧਿਆਣਾ ਦੇ ਸਿਟੀ ਸੈਂਟਰ ਘੁਟਾਲਾ ਮਾਮਲੇ ‘ਚ ਤੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ, ਜ਼ਮੀਨ ਘੁਟਾਲਾ ਮਾਮਲੇ ‘ਚ ਕੈਪਟਨ ਨੂੰ ਕਲੀਨ ਚਿੱਟ ਦਿੱਤੀ ਗਈ ਸੀ ਇਸੇ ਤਰ੍ਹਾਂ ਕੈਪਟਨ ਨੇ ਬੇਅਦਬੀ ਮਾਮਲੇ ‘ਚ ਬਾਦਲਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਖਹਿਰਾ ਅਨੁਸਾਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਦੇ ਵਿਰੋਧ ਵਿੱਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਸੀ, ਪਰ ਸਰਕਾਰ ਚੁੱਪ ਰਹੀ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚਾ ਜੇਕਰ ਹੁਣ ਵੀ ਲੱਗਾ ਹੁੰਦਾ ਤਾਂ ਪੰਜਾਬ ਦੇ ਚੋਣ ਨਤੀਜੇ ਕੁਝ ਹੋਰ ਹੀ ਹੋਣੇ ਸਨ।

ਮੈਂ ਸਿੱਧੂ ਦਾ ਤਰਜ਼ਮਾਨ ਨਹੀਂ ਹਾਂ, ਪਰ ਮੀਡੀਆ ਨੇ ਸਿੱਧੂ ਦਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ : ਮਨਪ੍ਰੀਤ ਬਾਦਲ

ਦੂਜੇ ਪਾਸੇ ਕੈਪਟਨ ਵਜ਼ਾਰਤ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਬਿਆਨ ਦਿੰਦਿਆਂ ਕਿਹਾ ਹੈ, ਕਿ ਬੇਸ਼ੱਕ ਉਹ ਨਵਜੋਤ ਸਿੰਘ ਸਿੱਧੂ ਦੀ ਤਰਜੁਮਾਨੀ ਨਹੀਂ ਕਰਦੇ, ਪਰ ਇੰਨਾ ਜਰੂਰ ਹੈ ਕਿ ਮੀਡੀਆ ਨੇ ਸਿੱਧੂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਪਰ ਉਨ੍ਹਾਂ ਨੂੰ ਇੰਝ ਲਗਦਾ ਹੈ ਕਿ ਅਸਲ ਗੱਲ ਇਹ ਨਹੀਂ ਜੋ ਮੀਡੀਆ ਵਿੱਚ ਆਈ ਹੈ।

- Advertisement -

ਕੁੱਲ ਮਿਲਾ ਕੇ ਜਿੱਥੇ ਇੱਕ ਪਾਸੇ ਕੈਪਟਨ ਵਜ਼ਾਰਤ ਦੇ ਜਿਆਦਾਤਰ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਖੁੱਲ੍ਹਾ ਮੋਰਚਾ ਖੋਲ੍ਹ ਰੱਖਿਆ ਹੈ ਉੱਥੇ ਪੰਜਾਬ ਜ਼ਮਹੂਰੀ ਗੱਠਜੋੜ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਬਿਆਨ ਨਵਜੋਤ ਸਿੰਘ ਸਿੱਧੂ ਲਈ ਕਿਸੇ ਠੰਡੀ ਹਵਾ ਦੇ ਬੁੱਲੇ ਨਾਲੋਂ ਘੱਟ ਨਹੀਂ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਖਿਲਾਫ ਸਿਆਸਤ ਦੇ ਇਸ ਵਧਦੇ ਪਾਰੇ ਦੌਰਾਨ ਇਹ ਠੰਡੀ ਹਵਾ ਦਾ ਬੁੱਲਾ ਸਿੱਧੂ ਦੇ ਕਾਂਗਰਸ ਅੰਦਰਲੇ ਰਾਜਨੀਤਕ ਕੈਰੀਅਰ ਨੂੰ ਝੁਲਸਾਉਣ ਤੋਂ ਕਿੰਨੀ ਦੇ ਬਚਾਈ ਰੱਖਦਾ ਹੈ, ਕਿਉਂਕਿ ਵਿਰੋਧ ਜਿਆਦਾ ਹੈ ਤੇ ਸਮਰਥਨ ਘੱਟ।

https://youtu.be/IfQ7B7VNQF4

Share this Article
Leave a comment