ਟੋਰਾਂਟੋ : ਮੰਗਲਵਾਰ ਸਵੇਰੇ ਟੋਰਾਂਟੋ ਵਿੱਚ ਕੱਪੜੇ ਦਾਨ ਕਰਨ ਵਾਲੇ ਬਾਕਸ ਵਿੱਚ 35 ਸਾਲਾ ਮਹਿਲਾ ਦੇ ਫਸਣ ਤੋਂ ਬਾਅਦ ਦੀ ਮੌਤ ਹੋ ਗਈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤੜ੍ਹਕੇ 2:00 ਵਜੇ ਬਲੂਰ ਸਟਰੀਟ ਤੇ ਡੋਵਰ ਕੋਰਟ ਰੋਡ ਨੇੜੇ ਸਥਿਤ ਬਿਲਡਿੰਗ ਦੇ ਪਿੱਛਿਓਂ ਲੋਕਾਂ ਨੂੰ ਕਿਸੇ ਮਹਿਲਾ ਵੱਲੋਂ ਮਦਦ ਲਈ ਲਾਈ ਜਾਣ ਵਾਲੀ ਆਵਾਜ਼ ਸੁਣਾਈ ਦਿੱਤੀ। ਜਦੋਂ ਐਮਰਜੰਸੀ ਅਮਲਾ ਪਹੁੰਚਿਆ ਤਾਂ ਔਰਤ ਦਾ ਅੱਧਾ ਸ਼ਰੀਰ ਬਾਕਸ ਤੋਂ ਬਾਹਰ ਨਜ਼ਰ ਆ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਜਦੋਂ ਫਾਇਰਫਾਈਟਰਜ਼ ਨੇ ਡੋਨੇਸ਼ਨ ਬਾਕਸ ਦਾ ਧਾਤ ਵਾਲਾ ਹਿੱਸਾ ਕੱਟ ਕੇ ਔਰਤ ਨੂੰ ਬਾਹਰ ਕੱਢਿਆ ਤਾਂ ਉਸ ਵਿੱਚ ਕੋਈ ਸਾਹ ਸਤ ਨਹੀਂ ਸੀ। ਉਸ ਦੇ ਸਾਹ ਚਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਂਚਕਾਰਾਂ ਦਾ ਕਹਿਣਾ ਹੈ ਕਿ ਮਹਿਲਾ ਦੀ ਮੌਤ ਪਿੱਛੇ ਉਨ੍ਹਾਂ ਨੂੰ ਕੋਈ ਗੜਬੜੀ ਨਹੀਂ ਲੱਗਦੀ। ਉਸ ਦੇ ਦੋਸਤਾਂ ਵੱਲੋਂ ਉਸ ਦੀ ਪਛਾਣ ਕ੍ਰਿਸਟਲ ਪੈਪੀਨਿਊ ਵਜੋਂ ਕੀਤੀ ਗਈ। ਇਹ ਮਹਿਲਾ ਡੋਨੇਸ਼ਨ ਬਿਨ ਤੋਂ ਕੁੱਝ ਬਲਾਕਸ ਦੀ ਦੂਰੀ ਉੱਤੇ ਸਥਿਤ ਸਿਸਟਰਿੰਗ ਨਾਂ ਦੇ ਔਰਤਾਂ ਦੇ ਸ਼ੈਲਟਰ ਦੀ ਲੰਮੇਂ ਸਮੇਂ ਤੋਂ ਕਲਾਇੰਟ ਸੀ। ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਬਹੁਤ ਹੀ ਖੁਸ਼ਮਿਜ਼ਾਜ ਤੇ ਫਰਾਖ਼ਦਿਲ ਸੀ। ਉਸ ਦੇ ਬੱਚੇ ਵੀ ਸਨ ਪਰ ਉਹ ਆਪਣੇ ਬੱਚਿਆਂ ਨਾਲ ਨਹੀਂ ਸੀ ਰਹਿੰਦੀ।
ਮਿਤਰਾ ਨਾਂ ਦੀ ਇੱਕ ਮਹਿਲਾ ਨੇ ਆਖਿਆ ਕਿ ਅਸੀਂ ਆਪਣੀ ਭੈਣ ਗੁਆ ਬੈਠੇ ਹਾਂ। ਉਹ ਬਹੁਤ ਹੀ ਪਿਆਰੀ ਮਹਿਲਾ ਸੀ। ਇੱਥੇ ਹਰ ਕਿਸੇ ਨੂੰ ਉਹ ਜਾਣਦੀ ਸੀ ਤੇ ਸਾਰੇ ਉਸ ਨੂੰ ਜਾਣਦੇ ਸਨ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀ ਇਸ ਮੌਤ ਉੱਤੇ ਬਹੁਤ ਅਫਸੋਸ ਪ੍ਰਗਟਾਇਆ। ਉਨ੍ਹਾਂ ਆਖਿਆ ਕਿ ਉਹ ਸ਼ਹਿਰ ਵਿੱਚ ਲੱਗੇ ਅਜਿਹੇ ਡੋਨੇਸ਼ਨ ਬਾਕਸ ਦੀ ਸਥਿਤੀ ਦੇ ਮੁਲਾਂਕਣ ਕਰਨ ਲਈ ਆਪਣੇ ਸਟਾਫ ਨੂੰ ਨਿਰਦੇਸ਼ ਦੇ ਰਹੇ ਹਨ।
ਕੱਪੜੇ ਦਾਨ ਕਰਨ ਵਾਲੇ ਬਾਕਸ ‘ਚ ਫਸਣ ਕਾਰਨ ਮਹਿਲਾ ਦੀ ਮੌਤ

Leave a Comment
Leave a Comment