ਕੈਪਟਨ ਅਮਰਿੰਦਰ ਸਿੰਘ ਨਸ਼ਾ ਤਸਕਰ ਹਨ : ਹਰਸਿਮਰਤ ਬਾਦਲ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ : ਕੇਂਦਰੀ ਮੰਤਰੀ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ਾ ਤਸਕਰ ਕਹਿ ਕੇ ਵੱਡਾ ਧਮਾਕਾ ਕਰ ਦਿੱਤਾ ਹੈ। ਹਰਸਿਮਰਤ ਬਾਦਲ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਨਸ਼ਾ ਵਿਕਾਉਂਦੇ ਹਨ। ਹਰਸਿਮਰਤ ਇੱਥੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ।

ਇੱਥੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਮੁੱਕਰ ਗਏ ਹਨ, ਤੇ ਅੱਜ ਸੂਬੇ ਦੇ ਹਾਲਾਤ ਇਹ ਹਨ ਕਿ ਨਸ਼ਿਆਂ ਦੀ ਹੋਮ ਡਿਲੀਵਰੀ (ਘਰ ਪਹੁੰਚ) ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਕਿਸੇ ਨੂੰ ਘਰ ਘਰ ਨੌਕਰੀ ਮਿਲੀ ਹੈ, ਤੇ ਨਾ ਹੀ ਕਿਸੇ ਦਾ ਕਰਜਾ ਮਾਫ ਹੋਇਆ ਹੈ। ਹਰਸਿਮਰਤ ਅਨੁਸਾਰ ਬੁੱਧ ਸਿੰਘ ਨਾਮ ਦੇ ਜਿਸ ਕਿਸਾਨ ਦੀ ਤਸਵੀਰ ਪੋਸਟਰਾਂ ‘ਤੇ ਲਾ ਕੇ ਕਾਂਗਰਸੀਆਂ ਨੇ ਕਰਜ਼ਾ ਮਾਫੀ ਦੀ ਸਕੀਮ ਸ਼ੁਰੂ ਕੀਤੀ ਸੀ, ਉਨ੍ਹਾਂ ਨੇ ਉਸ ਕਿਸਾਨ ਦਾ ਕਰਜਾ ਵੀ ਮਾਫ ਨਹੀਂ ਕੀਤਾ, ਤੇ ਬੁੱਧ ਸਿੰਘ ਦਾ ਕਰਜਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਚੁਕਾਇਆ ਹੈ।

ਕੇਂਦਰੀ ਮੰਤਰੀ ਬੀਬੀ ਬਾਦਲ ਨੇ ਕਿਹਾ ਕਿ ਮਹਾਰਾਜਾ ਝੂਠਾ ਹੈ ਤੇ ਉਸ ਨੇ ਡਰਾਮੇਬਾਜ਼ ਰਾਜਾ ਇੱਥੇ ਭੇਜ ਦਿੱਤਾ ਹੈ। ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੂੰ ਆਪਣੀ ਛੋਟੀ ਭੈਣ ਕਰਾਰ ਦਿੰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਉਹ ਜੇਕਰ ਉਨ੍ਹਾਂ ਖਿਲਾਫ ਕੁਝ ਬੋਲਦੇ ਹਨ ਤਾਂ ਉਸ ਨੂੰ ਕਹਿ ਲੈਣ ਦਿਓ।

ਦੱਸ ਦਈਏ ਕਿ ਜਿਉਂ ਜਿਉਂ ਚੋਣ ਪ੍ਰਚਾਰ ਤੇਜ ਹੁੰਦਾ ਜਾ ਰਿਹਾ ਹੈ ਪੰਜਾਬ ਦੀਆਂ ਮੁੱਖ ਪਾਰਟੀਆਂ ਦੇ ਆਗੂ ਇੱਕ ਦੂਜੇ ‘ਤੇ ਸ਼ਬਦੀ ਹਮਲੇ ਤੇਜ ਕਰਦੇ ਜਾ ਰਹੇ ਹਨ। ਜਿੱਥੇ ਲੰਘੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਆਦਿ ਨੇ ਅਕਾਲੀਆਂ ਤੇ ਬਾਦਲਾਂ ਸਣੇ ਬਹੁਤ ਸਾਰੇ ਆਗੂਆਂ ਨੂੰ ਆਪਣੇ ਤਿੱਖੇ ਨਿਸ਼ਾਨੇ ‘ਤੇ ਲਿਆ ਸੀ, ਉੱਥੇ ਹੁਣ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਨੂੰ ਮੋੜਵੇਂ ਜਵਾਬ ਦੇ ਰਹੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ਾ ਤਸਕਰ ਕਹਿ ਕੇ ਹਰਸਿਮਰਤ ਨੇ ਜੋ ਨਵੀਂ ਚਰਚਾ ਛੇੜੀ ਹੈ, ਉਸ ‘ਤੇ ਕਾਂਗਰਸ ਕੀ ਭਾਜੀ ਮੋੜਦੀ ਹੈ, ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ।

- Advertisement -

Share this Article
Leave a comment