Home / ਸਿਆਸਤ / ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ ਸੁਨੀਲ ਜਾਖੜ ਹੋਣਗੇ ਅਗਲੇ ਮੁੱਖ ਮੰਤਰੀ

ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ ਸੁਨੀਲ ਜਾਖੜ ਹੋਣਗੇ ਅਗਲੇ ਮੁੱਖ ਮੰਤਰੀ

ਕੁਲਵੰਤ ਸਿੰਘ ਪਠਾਨਕੋਟ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਇੱਕ ਚੋਣ ਰੈਲੀ ਦੌਰਾਨ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ ਵਿੱਚ ਇਹ ਕਹਿ ਕੇ ਵੱਡਾ ਸਿਆਸੀ ਧਮਾਕਾ ਕਰ ਦਿੱਤਾ, ਕਿ ਸੁਨੀਲ ਜਾਖੜ ਭਵਿੱਖ ਵਿੱਚ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ। ਹਾਲਾਂਕਿ ਇਹ ਗੱਲ ਸੁਨੀਲ ਜਾਖੜ ਨੂੰ ਵੀ ਹਜਮ ਨਹੀਂ ਹੋਈ ਤੇ ਉਨ੍ਹਾਂ ਨੇ ਵੀ ਮੁੱਖ ਮੰਤਰੀ ਦੇ ਇੰਨਾ ਕਹਿੰਦਿਆਂ ਹੀ ਹੈਰਾਨੀ ਨਾਲ ਤੁਰੰਤ ਇਹ ਸਵਾਲ ਕਰ ਦਿੱਤਾ ਕਿ, “ਮਹਾਰਾਜਾ ਸਾਬ੍ਹ ਤੁਸੀਂ ਇਹ ਕੀ ਕਹਿ ਰਹੇ ਹੋਂ?” ਪਰ ਇਸ ਦੇ ਬਾਵਜੂਦ ਕੈਪਟਨ ਦੇ ਇਹ ਬੋਲ ਸਾਹਮਣੇ ਪੰਡਾਲ ‘ਚ ਬੈਠੇ ਉਨ੍ਹਾਂ ਕਾਂਗਰਸੀਆਂ ਅੰਦਰ ਜੋਸ਼ ਭਰਨ ਲਈ ਕਾਫੀ ਸਨ, ਜਿਨ੍ਹਾਂ ਦਾ ਕਹਿਣਾ ਹੈ, ਕਿ ਉਹ ਭਵਿੱਖ ਵਿੱਚ ਇਹ ਸੋਚ ਕੇ ਸੁਨੀਲ ਜਾਖੜ ਲਈ ਕੰਮ ਕਰਨਗੇ ਕਿ ਉਨ੍ਹਾਂ ਦਾ ਉਮੀਦਵਾਰ ਭਵਿੱਖ ਦਾ ਮੁੱਖ ਮੰਤਰੀ ਹੋਵੇਗਾ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੇ ਸੂਬੇ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ, ਤੇ ਹੋਰ ਚਰਚਾਵਾਂ ਦੇ ਨਾਲ ਨਾਲ ਲੋਕ ਇਹ ਸਵਾਲ ਵੀ ਕਰ ਰਹੇ ਹਨ ਕਿ, ਕੀ ਇਹ ਸਭ ਨਵਜੋਤ ਸਿੰਘ ਸਿੱਧੂ ਨੂੰ ਸੁਣਾ ਕੇ ਤਾਂ ਨਹੀਂ ਕਿਹਾ ਗਿਆ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਰੈਲੀ ਵਿੱਚ ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਪਠਾਨਕੋਟ ਹਵਾਈ ਉਡਾਣ ਦੀ ਇਜਾਜ਼ਤ ਨਾ ਦੇਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਰੱਜ ਕੇ ਭੰਡਿਆ, ਤੇ ਕਿਹਾ ਕਿ ਇਹ ਸਭ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਬੁਖਲਾਹਟ ਦਾ ਨਤੀਜਾ ਹੈ। ਇੱਥੇ ਬੋਲਦਿਆਂ ਕੈਪਟਨ ਨੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਵੀ ਦੱਬ ਕੇ ਸਿਆਸੀ ਛਿੱਲ ਲਾਹੀ ਤੇ ਕਿਹਾ ਕਿ ਜੇਕਰ ਸੰਨੀ ਦਿਓਲ ਨੂੰ ਬਾਲਕੋਟ ਹਮਲਿਆਂ ਬਾਰੇ ਹੀ ਕੁਝ ਪਤਾ ਨਹੀਂ ਹੈ ਤਾਂ ਉਹ ਘੱਟੋ ਘੱਟ ਟੈਲੀਵੀਜ਼ਨ ਹੀ ਦੇਖ ਲੈਣ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਹਾਲਾਤ ਬਾਰੇ ਹੀ ਸੰਨੀ ਦਿਓਲ ਨੂੰ ਕੁਝ ਪਤਾ ਨਹੀਂ ਹੈ ਤਾਂ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਦੀ ਕੀ ਲੋੜ ਹੈ? ਕੈਪਟਨ ਨੇ ਸੰਨੀ ਦਿਓਲ ‘ਤੇ ਨਿੱਜੀ ਹਮਲਾ ਕਰਦਿਆਂ ਕਿ ਜਿਹੜਾ ਬੰਦਾ ਆਪ ਖੁਦ 58 ਕਰੋੜ ਦਾ ਕਰਜਾਈ ਹੈ, ਉਹ ਗੁਰਦਾਸਪੁਰ ਦੀ ਕੀ ਸੇਵਾ ਕਰੇਗਾ? ਸੰਨੀ ਦਿਓਲ ਨੂੰ ਟਪੂਸੀ ਮਾਰ ਦੱਸਦਿਆਂ ਕੈਪਟਨ ਨੇ ਕਿਹਾ, ਕਿ ਤੁਸੀਂ ਦੇਖ ਲਿਓ ਚੋਣਾਂ ਤੋਂ ਬਾਅਦ ਸੰਨੀ ਦਿਓਲ ਮੁੰਬਈ ਭੱਜ ਜਾਵੇਗਾ। ਉਨ੍ਹਾਂ ਉੱਥੇ ਬੈਠੇ ਲੋਕਾਂ ਨੂੰ ਕਿਹਾ, ਕਿ ਤੁਸੀਂ ਇਸ ਅਦਾਕਾਰ ਦਾ ਨਾਚ ਭਾਵੇਂ ਦੇਖ ਲਿਓ, ਪਰ ਵੋਟ ਸੁਨੀਲ ਜਾਖੜ ਨੂੰ ਹੀ ਪਾਇਓ। ਮੁੱਖ ਮੰਤਰੀ ਅਨੁਸਾਰ ਸੰਨੀ ਦਿਓਲ ਜਗ੍ਹਾ ਜਗ੍ਹਾ ਆਪਣਾ ਢਾਈ ਕਿੱਲੋ ਦਾ ਹੱਥ ਦਿਖਾਉਂਦੇ ਫਿਰਦੇ ਹਨ, ਪਰ ਉਹ ਕਹਿਣਾ ਚਾਹੁੰਦੇ ਹਨ ਕਿ ਇਸ ਹੱਥ ਨਾਲ ਸੇਵਾ ਕਰੀਦੀ ਹੈ, ਲੋਕਾਂ ਨੇ ਆਪਣੀਆਂ ਵੱਖੀਆਂ ਨਹੀਂ ਤੁੜਵਾਉਣੀਆਂ। ਉਨ੍ਹਾਂ ਕਿਹਾ ਕਿ ਰਾਜਨੀਤੀ ਦੇ ਮੈਦਾਨ ਵਿੱਚ ਸੰਨੀ ਦਿਓਲ ਬਿਲਕੁਲ ਨਵਾਂ ਹੈ, ਜਿਸ ਨੂੰ ਸਿਆਸਤ ਦੀ ਕੋਈ ਸਮਝ ਨਹੀਂ, ਤੇ ਅਜਿਹਾ ਵਿਅਕਤੀ ਇਲਾਕੇ ਦਾ ਵਿਕਾਸ ਨਹੀਂ ਕਰਵਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਕੋਈ ਟ੍ਰੇਨਿੰਗ ਸਕੂਲ ਨਹੀਂ ਹੈ ਜਿੱਥੇ ਲੋਕ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਉਣ ਤਾਂ ਇਲਾਕੇ ਦੇ ਵਿਕਾਸ ਲਈ, ਪਰ ਉਹ ਇੱਥੇ ਆਪਣੀ ਸਿਆਸਤ ਦਾ ਤਜ਼ਰਬਾ ਕਰੇ ਕਿ, ਕੀ ਉਨ੍ਹਾਂ ਨੂੰ ਸਿਆਸਤ ਵਿੱਚ ਕੁਝ ਆਉਂਦਾ ਵੀ ਹੈ, ਜਾਂ ਨਹੀਂ। ਕੈਪਟਨ ਅਮਰਿੰਦਰ ਨੇ ਇਸ ਰੈਲੀ ਵਿੱਚ ਸੁਨੀਲ ਜਾਖੜ ਦੀ ਵੀ ਦੱਬ ਕੇ ਤਾਰੀਫ ਕੀਤੀ, ਤੇ ਇੱਥੋਂ ਤੱਕ ਕਹਿ ਦਿੱਤਾ ਕਿ,”ਮੈਂ ਇਸ ਮੰਚ ਤੋਂ ਖੜ੍ਹੇ ਹੋ ਕੇ ਇਹ ਕਹਿ ਰਿਹਾ ਹਾਂ ਕਿ ਇੱਕ ਦਿਨ ਸੁਨੀਲ ਜਾਖੜ ਨੂੰ ਤੁਸੀਂ ਸਾਰੇ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਦੇਖੋਗੇ।” ਜਿਉਂ ਹੀ ਕੈਪਟਨ ਨੇ ਇਹ ਬਿਆਨ ਦਿੱਤਾ, ਉਸ ਤੋਂ ਬਾਅਦ ਜਿੱਥੇ ਮੰਚ ‘ਤੇ ਬੈਠੇ ਸੁਨੀਲ ਜਾਖੜ ਸਣੇ ਸਾਰੇ ਲੋਕ ਹੈਰਾਨ ਰਹਿ ਗਏ, ਉੱਥੇ ਪੰਡਾਲ ‘ਚ ਬੈਠੇ ਲੋਕਾਂ ਅੰਦਰ ਤੁਰੰਤ ਘੁਸਰ-ਮੁਸਰ ਸ਼ੁਰੂ ਹੋ ਗਈ। ਇੱਥੇ ਹਰ ਕੋਈ ਮੁੱਖ ਮੰਤਰੀ ਦੇ ਇਸ ਬਿਆਨ ਦੇ ਆਪੋ ਆਪਣੇ ਢੰਗ ਨਾਲ ਮਤਲਬ ਕੱਢਣ ਲੱਗ ਪਿਆ। ਕਿਸੇ ਨੇ ਕਿਹਾ ਕਿ ਕੈਪਟਨ ਆਪਣਾ ਵਚਨ ਪੁਗਾਵੇਗਾ ਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਹੀ ਆਪਣੀ ਗੱਲ ਅਨੁਸਾਰ ਹੁਣ ਅਗਲੀ ਚੋਣ ਨਹੀਂ ਲੜੇਗਾ। ਕੋਈ ਕਹਿੰਦਾ ਕੈਪਟਨ ਨੇ ਇਹ ਗੱਲ ਸੰਨੀ ਦਿਓਲ ਦੇ ਮੁਕਾਬਲੇ ਸੁਨੀਲ ਜਾਖੜ ਦਾ ਸਿਆਸੀ ਕੱਦ ਵੱਡਾ ਕਰਨ ਲਈ ਕਹੀ ਹੈ, ਤਾਂ ਜੋ ਲੋਕ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਸਮਝ ਕੇ, ਤੇ ਸੰਨੀ ਦਿਓਲ ਦੀ ਅਦਾਕਾਰੀ ਵਾਲੀ ਦਿੱਖ ਭੁੱਲਾ ਕੇ ਇਲਾਕੇ ਦੇ ਵਿਕਾਸ ਲਈ ਸੁਨੀਲ ਜਾਖੜ ਨੂੰ ਵੋਟਾਂ ਪਾਉਣ। ਕਿਸੇ ਨੇ ਕਿਹਾ ਕਿ ਕੈਪਟਨ ਆਪਣੀ ਰਿਟਾਇਰਮੈਂਟ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਆਪਣੇ ਵਿਰੋਧੀਆਂ ਨੂੰ ਨਹੀਂ ਆਉਣ ਦੇਣਾ ਚਾਹੁੰਦੇ, ਇਸ ਲਈ ਉਸ ਸੁਨੀਲ  ਜਾਖੜ ਦੇ ਰੂਪ ਵਿੱਚ ਇੱਕ ਹੋਰ ਧੜ੍ਹਾ ਖੜ੍ਹਾ ਕਰ ਰਹੇ ਹਨ, ਜੋ ਕਿ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀ ਮੰਨੇ ਜਾਂਦੇ ਹਨ ਤੇ ਅਕਸਰ ਸਿੱਧੂ ਦੇ ਮਾਮਲੇ ਵਿੱਚ ਉਨ੍ਹਾਂ ਦਾ ਪੱਖ ਪੂਰਦੇ ਦਿਖਾਈ ਦਿੰਦੇ ਹਨ। ਕਈ ਤਾਂ ਸਿੱਧਾ ਹੀ ਕਹਿ ਗਏ, ਕਿ ਕੈਪਟਨ ਵੱਲੋਂ ਇਹ ਸਭ ਨਵਜੋਤ ਸਿੰਘ ਸਿੱਧੂ ਨੂੰ ਸੁਣਾ ਕੇ ਕਿਹਾ ਗਿਆ ਹੈ, ਕਿ ਤੇਰੀ ਪੰਜਾਬ ਵਿੱਚ ਕੋਈ ਬੁੱਕਤ ਨਹੀਂ, ਮੁੱਖ ਮੰਤਰੀ ਬਣਨ ਦੇ ਸੁਫਨੇ ਛੱਡ ਦੇ, ਅਗਲਾ ਮੁੱਖ ਮੰਤਰੀ ਉਸ ਨੂੰ ਨਹੀਂ ਬਣਨ ਦਿੱਤਾ ਜਾਵੇਗਾ।

ਖੁੰਡ ਚਰਚਾਵਾਂ ਸ਼ੁਰੂ ਕਿ ਕਿਤੇ ਸਿੱਧੂ ਨੂੰ ਤਾਂ ਨਹੀਂ ਸੁਣਾਇਆ ਗਿਆ?

ਇਸ ਚਰਚਾ ਦੇ ਉਲਟ ਸਿਆਸੀ ਮਾਹਰ ਇਸ ਨੂੰ ਜਿਹੜੇ ਇੱਕ ਹੋਰ ਨਜ਼ਰੀਏ ਨਾਲ ਵੇਖਦੇ ਹਨ ਉਹ ਇਹ ਹੈ ਕਿ ਬੀਤੇ ਸਮੇਂ ਦੌਰਾਨ ਕੈਪਟਨ ਅਤੇ ਜਾਖੜ ਵਿਚਕਾਰ ਕਾਫੀ ਸਿਆਸੀ ਤਲਖੀ ਰਹੀ ਹੈ, ਤੇ ਮਾਹਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਟੇਜ਼ ਤੋਂ ਭਵਿੱਖ ਦਾ ਮੁੱਖ ਮੰਤਰੀ ਕਹਿ ਕੇ ਉਸ ਜਾਖੜ ਨੂੰ ਸਿਆਸੀ ਚੁੰਡੀ ਮਾਰੀ ਹੈ, ਜਿਸ ਨੇ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਿਧਾਇਕ ਦਲ ਦੇ ਆਗੂ ਰਹਿੰਦਿਆਂ ਸਾਲ 2017 ਵਿੱਚ ਕੈਪਟਨ ਨੂੰ ਭਰੋਸੇ ‘ਚ ਲਏ ਬਿਨਾਂ ਦਿੱਲੀ ਅੰਦਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇੱਧਰ ਪ੍ਰਤਾਪ ਸਿੰਘ ਬਾਜਵਾ, ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੂੰ ਕਿਸੇ ਹੋਰ ਨਜ਼ਰੀਏ ਨਾਲ ਵੇਖਦੇ ਹਨ, ਤੇ ਪੁੱਛਣ ‘ਤੇ ਕਹਿੰਦੇ ਹਨ, ਕਿ ਕੈਪਟਨ ਅਮਰਿੰਦਰ ਸਿੰਘ ਦੀ ਇਸ ਕਥਨੀ ਦਾ ਮਤਲਬ ਉਹ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਜਲਦਬਾਜ਼ੀ ‘ਚ ਇਸ ‘ਤੇ ਕੋਈ ਕਮੈਂਟ ਨਹੀਂ ਕਰਨਗੇ, ਪਰ ਇੰਨਾ ਜਰੂਰ ਹੈ, ਕਿ ਇਸ ਦਾ ਅਸਰ ਤੁਹਾਨੂੰ ਸਾਰਿਆਂ ਨੂੰ ਬਹੁਤ ਜਲਦ ਦੇਖਣ ਨੂੰ ਮਿਲੇਗਾ।

Check Also

ਪੀ.ਏ.ਯੂ. ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਲਈ ਵਿਸ਼ੇਸ਼ ਵਫ਼ਦ ਨਾਲ ਹੋਈ ਮੀਟਿੰਗ

ਲੁਧਿਆਣਾ: ਪੀ.ਏ.ਯੂ. ਵਿੱਚ ਅੱਜ ਪ੍ਰਮੋਸ਼ਨ ਆਫ਼ ਸਾਇੰਸ ਐਂਡ ਤਕਨਾਲੋਜੀ (ਪੀ ਐਸ ਟੀ) ਫਾਊਂਡੇਸ਼ਨ ਦੇ ਵਿਸ਼ੇਸ਼ …

Leave a Reply

Your email address will not be published. Required fields are marked *