Home / ਸਿਆਸਤ / ਕੈਨੇਡਾ ਸਰਕਾਰ ਨੇ ਕਰਤਾ ਅਜਿਹਾ ਐਲਾਨ, ਕਿ ਸਿੱਖਾਂ ਨੇ ਪਾਏ ਭੰਗੜੇ, ਸੰਸਦ ਜਗਮੀਤ ਸਿੰਘ ਦੀ ਹੋ ਗਈ ਬੱਲੇ-ਬੱਲੇ

ਕੈਨੇਡਾ ਸਰਕਾਰ ਨੇ ਕਰਤਾ ਅਜਿਹਾ ਐਲਾਨ, ਕਿ ਸਿੱਖਾਂ ਨੇ ਪਾਏ ਭੰਗੜੇ, ਸੰਸਦ ਜਗਮੀਤ ਸਿੰਘ ਦੀ ਹੋ ਗਈ ਬੱਲੇ-ਬੱਲੇ

ਟੋਰਾਂਟੋ : 2 ਮਹੀਨੇ ਪਹਿਲਾਂ ਕੈਨੇਡਾ ਸਰਕਾਰ ਨੇ ਆਪਣੀ ਜਿਸ ਸੁਰੱਖਿਆ ਰਿਪੋਰਟ ਵਿੱਚ ਸਿੱਖ ਖਾਲਿਸਤਾਨੀ ਕੱਟੜਵਾਦ ਨੂੰ ਆਪਣੇ ਦੇਸ਼ ਲਈ ਖਤਰਾ ਦੱਸਿਆ ਸੀ, ਉਸ ਖਤਰੇ ਦੀ ਸੂਚੀ ਵਾਲੀ ਰਿਪੋਰਟ ਵਿੱਚੋਂ ਸਿੱਖ ਖਾਲਿਸਤਾਨੀ ਸ਼ਬਦ ਹਟਾ ਲਿਆ ਗਿਆ ਹੈ। ਇਸ ਸਬੰਧੀ ਇੱਕ ਮੰਗ ਉੱਥੋਂ ਦੇ ਸਿੱਖ ਸੰਸਦ ਜਗਮੀਤ ਸਿੰਘ ਨੇ ਬੀਤੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੌਰਾਨ ਕੀਤੀ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਟਰੂਡੋ ਸਰਕਾਰ ਨੇ ਐਲਾਨ ਕੀਤਾ ਹੈ। ਸਰਕਾਰ ਦੀ ਇਸ ਕਾਰਵਾਈ ਨਾਲ ਜਿੱਥੇ ਉੱਥੇ ਵਸਦੇ ਸਿੱਖਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਉਸ ਭਾਰਤ ਸਰਕਾਰ ਦੀ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ, ਜਿਹੜੀ ਲੰਮੇ ਸਮੇਂ ਤੋਂ ਉੱਥੇ ਵਸਦੇ ਸਿੱਖ ਕੱਟੜਪੰਥੀਆਂ ਨੂੰ ਕੈਨੇਡਾ ਹੀ ਨਹੀਂ ਭਾਰਤ ਲਈ ਵੀ ਖ਼ਤਰਾ ਮੰਨਦੀ ਆਈ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸੰਸਦ ਮੈਂਬਰ ਜਗਮੀਤ ਸਿੰਘ ਦਾ ਉੱਥੋਂ ਦੇ ਸਿੱਖ ਭਾਈਚਾਰੇ ਅੰਦਰ ਸਤਿਕਾਰ ਹੋਰ ਵਧਿਆ ਹੈ। ਦੱਸ ਦਈਏ ਕਿ 2 ਮਹੀਨੇ ਪਹਿਲਾਂ ਜਦੋਂ ਖਾਲਿਸਤਾਨੀ ਵੱਖਵਾਦ ਨੂੰ ਕੈਨੇਡਾ ਸਰਕਾਰ ਨੇ ਪਹਿਲੀ ਵਾਰ ਅੱਤਵਾਦੀ ਖਤਰਿਆਂ ਵਿੱਚੋਂ ਇੱਕ ਮੰਨਦਿਆਂ ਆਪਣੀ ਪਬਲਿਕ ਸੇਫਟੀ ਰਿਪੋਰਟ 2018 ‘ਆਨ ਟੈਰੀਜ਼ਮ ਥ੍ਰੇਟ ਟੂ ਕੈਨੇਡਾ’ ਵਿੱਚ ਜਗ੍ਹਾ ਦਿੱਤੀ ਸੀ, ਤਾਂ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਉੱਥੇ ਵਸਦੇ ਸਿੱਖ, ਇਸ ਦਾ ਭਾਰੀ ਵਿਰੋਧ ਕਰਦਿਆਂ, ਉਕਤ ਸ਼ਬਦ ਸਰਕਾਰ ਦੀ ਇਸ ਰਿਪੋਰਟ ਵਿੱਚੋਂ ਹਟਾਉਣ ਦੀ ਮੰਗ ਕਰਦੇ ਆ ਰਹੇ ਸਨ। ਵਿਸ਼ਵ ਸਿੱਖ ਸੰਸਥਾ ਵੀ ਇਸ ਮਾਮਲੇ ਵਿੱਚ ਵਾਰ ਵਾਰ ਚਰਚਾ ਕਰਦੀ ਆ ਰਹੀ ਸੀ, ਕਿ ਜਿਸ ਸਰਕਾਰ ਵਿੱਚ 18 ਸਿੱਖ ਸੰਸਦ ਮੈਂਬਰ ਮੌਜੂਦ ਹੋਣ, ਉਸ ਸਰਕਾਰ ਵੱਲੋਂ ਸਿੱਖ ਸ਼ਬਦ ਨੂੰ ਦੇਸ਼ ਲਈ ਖ਼ਤਰੇ ਦੀ ਸੂਚੀ ‘ਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ? ਇਸੇ ਲਈ ਉੱਥੇ ਵਸਦੇ ਸਿੱਖ ਉਕਤ ਅੱਖਰਾਂ ਨੂੰ ਦੇਸ਼ ਲਈ ਖ਼ਤਰੇ ਵਾਲੀ ਸੂਚੀ ‘ਚੋਂ ਹਟਾਉਣ ਦੀ ਮੰਗ ਕਰ ਰਹੇ ਸਨ। ਇਹ ਰੋਸ ਹੁਣ ਇੱਥੋਂ ਤੱਕ ਵਧ ਗਿਆ ਸੀ, ਕਿ ਕੈਨੇਡਾ ਦੇ ਸਰੀਂ ਸ਼ਹਿਰ ਅੰਦਰ ਆਉਂਦੀ 20 ਅਪ੍ਰੈਲ ਨੂੰ ਕੱਢੇ  ਜਾਣ ਵਾਲੇ ਨਗਰ ਕੀਰਤਨ ਵਿੱਚ ਲਿਬਰਲ ਮੈਂਬਰ ਪਾਰਲੀਮੈਂਟਾਂ ਦੇ ਦਾਖ਼ਲੇ ‘ਤੇ ਰੋਕ ਲਾ ਦਿੱਤੀ ਸੀ। ਜਿਸ ਤੋਂ ਬਾਅਦ ਸਰਕਾਰ ਨੇ ਭਾਵੇਂ ਸਿੱਖਾਂ ਦੀ ਮੰਗ ਮੰਨ ਲਈ ਹੈ, ਪਰ ਨਾਲ ਹੀ ਇਹ ਵੀ ਕਹਿ ਦਿੱਤਾ ਹੈ, ਕਿ ਭਾਰਤ ਅੰਦਰ ਅਜ਼ਾਦ ਦੇਸ਼ ਦੀ ਮੰਗ ਕਰਨ ਲਈ ਹੋਣ ਵਾਲੀ ਹਿੰਸਾ ਨੂੰ ਜਿਹੜਾ ਕੱਟੜਪੰਥੀ ਸਮਰਥਨ ਦੇਵੇਗਾ ਉਹ ਕੈਨੇਡਾ ਲਈ ਵੀ ਖ਼ਤਰਾ ਮੰਨਿਆ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ, ਕਿ ਹਿੰਦੁਸਤਾਨ ਅਤੇ ਪੰਜਾਬ ਸਰਕਾਰ ਵੀ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਕੱਟੜਪੰਥੀਆਂ ਦੇ ਖਿਲਾਫ ਮੰਗ ਕਰਦੀ ਆਈ ਹੈ, ਕਿ ਜਿਹੜੇ ਲੋਕ ਭਾਰਤ ਅੰਦਰ ਆਜ਼ਾਦੀ ਦੀ ਮੰਗ ਨੂੰ ਲੈ ਕੇ ਹਿੰਸਕ ਕਾਰਵਾਈਆਂ ਦਾ ਸਮਰਥਨ ਕਰਦੇ ਹਨ। ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉੱਥੋਂ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ‘ਤੇ ਵੀ ਖਾਲਿਸਤਾਨੀ ਸਮਰਥਕਾਂ ਪ੍ਰਤੀ ਨਰਮ ਰਵੱਈਆ ਅਪਣਾਉਣ ‘ਤੇ ਉਨ੍ਹਾਂ ਨਾਲ ਸਹਿਯੋਗ ਕਰਨ ਦੇ ਦੋਸ਼ ਲਗਦੇ ਆਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਹਰਜੀਤ ਸਿੰਘ ਸੱਜਣ ਨਾਲ ਇਹ ਕਹਿ ਕੇ ਮੁਲਾਕਾਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ, ਕਿ ਸਰਦਾਰ ਸੱਜਣ ਖਾਲਿਸਤਾਨੀ ਸਮਰਥਕ ਹਨ। ਜਿਸ ਵੇਲੇ ਇਹ ਰਿਪੋਰਟ ਕੈਨੇਡਾ ਦੀ ਜਨਤਕ ਸੁਰੱਖਿਆ ਮੰਤਰੀ ਰਾਲਫ ਗੂਡਾਲੇ ਨੇ ਪੇਸ਼ ਕੀਤੀ ਸੀ, ਉਸ ਵੇਲੇ ਇਹ ਕਿਹਾ ਗਿਆ ਸੀ, ਕਿ ਕੈਨੇਡਾ ਵਿਚ ਕੁਝ ਲੋਕ ਲਗਾਤਾਰ ਸਿੱਖ ਖਾਲਿਸਤਾਨੀ ਵੱਖਵਾਦੀ ਵਿਚਾਰਧਾਰਾ ਅਤੇ ਲਹਿਰ ਨੂੰ ਸਮਰਥਨ ਦੇ ਰਹੇ ਹਨ। ਭਾਵੇਂ ਕਿ ਉਸ ਰਿਪੋਰਟ ਵਿੱਚ ਖਾਲਿਸਤਾਨ ਨਾਲ ਸਬੰਧਤ ਕੋਈ ਮੌਜੂਦਾ ਹਿੰਸਕ ਜਾਂ ਅੱਤਵਾਦੀ ਘਟਨਾ ਦਾ ਜਿਕਰ ਨਹੀਂ ਕੀਤਾ ਗਿਆ ਸੀ, ਤੇ ਸਿਰਫ 1985 ਦੌਰਾਨ ਹੋਏ ਕਨਿਸ਼ਕ ਬੰਬ ਕਾਂਡ ਦਾ ਹੀ ਹਵਾਲਾ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਜਿਸ ਤਰ੍ਹਾਂ ਸਿੱਖ ਵੱਖਵਾਦ ਨੂੰ ਉਕਤ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ, ਉਸ ਤੋਂ ਬਾਅਦ ਦੁਨੀਆਂ ਭਰ ਦੇ ਸਿੱਖਾਂ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।

Check Also

ਕੋਵਿਡ -19 : ਕੈਨੇਡਾ ਦੀ ਪਾਰਲੀਮੈਂਟ ‘ਚ ਕੈਲਗਰੀ ਗੁਰੂਘਰ ਵੱਲੋਂ ਲਗਾਏ ਲੰਗਰਾਂ ਦੀ ਹੋਈ ਸ਼ਲਾਘਾ, ਹਾਜ਼ਿਰ ਮੈਂਬਰ ਪਾਰਲੀਮੈਂਟ ਨੇ ਤਾੜੀਆਂ ਨਾਲ ਕੀਤਾ ਸਵਾਗਤ

ਓਟਾਵਾ : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੇਸ਼ਾਂ ਅਤੇ ਵਿਦੇਸ਼ਾਂ ‘ਚ ਸਥਾਪਿਤ ਗੁਰੂਘਰਾਂ ਵੱਲੋਂ ਲੋੜਵੰਦ ਲੋਕਾਂ …

Leave a Reply

Your email address will not be published. Required fields are marked *