ਬਾਗਬਾਨੀ ਫ਼ਸਲਾਂ ਖੇਤੀ ਵਿਭਿੰਨਤਾ ਦਾ ਬਿਹਤਰ ਰਾਹ ਹਨ : ਡਾ. ਬਲਦੇਵ ਸਿੰਘ ਢਿੱਲੋਂ

TeamGlobalPunjab
6 Min Read

ਲੁਧਿਆਣਾ: ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿੱਚ ਬੀਤੇ ਕੱਲ੍ਹ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ ਆਰੰਭ ਹੋਈ। ਰਾਸ਼ਟਰੀ ਬਾਗਬਾਨੀ ਮਿਸ਼ਨ, ਪੀ.ਏ.ਯੂ., ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪੰਜਾਬ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਹੋ ਰਹੀ ਇਸ ਦੋ ਰੋਜ਼ਾ ਵਰਕਸ਼ਾਪ ਵਿੱਚ ਸਰਦ ਰੁੱਤ ਦੀਆਂ ਬਾਗਬਾਨੀ ਫ਼ਸਲਾਂ ਸਬਜ਼ੀਆਂ, ਫ਼ਲਾਂ, ਖੁੰਬਾਂ ਅਤੇ ਫੁੱਲਾਂ ਦੀ ਖੇਤੀ ਦੇ ਨਾਲ-ਨਾਲ ਇਨ੍ਹਾਂ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਸੰਬੰਧੀ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।

ਵਰਕਸ਼ਾਪ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਨਿਰਦੇਸ਼ਕ ਬਾਗਬਾਨੀ ਮੈਡਮ ਸ਼ੈਲੇਂਦਰ ਕੌਰ ਆਈ.ਐਫ਼.ਐਸ. ਸ਼ਾਮਲ ਹੋਏ। ਆਪਣੇ ਉਦਘਾਟਨੀ ਭਾਸ਼ਨ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਬਾਗਬਾਨੀ ਫ਼ਸਲਾਂ ਸੰਬੰਧੀ ਇਸ ਵਰਕਸ਼ਾਪ ਦੇ ਮਹੱਤਵ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਖੋਜ ਅਤੇ ਪਸਾਰ ਗਤੀਵਿਧੀਆਂ ਦੀ ਦਿਸ਼ਾ ਤੈਅ ਕਰਨ ਵਾਲੀ ਮਹੱਤਵਪੂਰਨ ਗਤੀਵਿਧੀ ਹੈ। ਉਨ੍ਹਾਂ ਪੰਜਾਬ ਦੇ ਮੌਜੂਦਾ ਫ਼ਸਲ ਰੁਝਾਨਾਂ ਉਪਰ ਗੱਲ ਕਰਦਿਆਂ ਕਿਹਾ ਕਿ ਕੁਦਰਤੀ ਸਰੋਤਾਂ ਨੂੰ ਲੈ ਕੇ ਫ਼ਿਕਰਮੰਦੀ ਵਾਲੀ ਹਾਲਤ ਬਣ ਗਈ ਹੈ। .

ਮੰਡੀਕਰਨ ਅਤੇ ਭੰਡਾਰਨ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਦੱਸਿਆ ਕਿ ਅਸੀਂ ਉਪਜ ਦੀ ਸਿਖਰ ਛੂਹ ਰਹੇ ਹਾਂ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਜਲਵਾਯੂ ਵਿੱਚ ਹੋਈ ਖ਼ਲਬਲ਼ੀ ਨੇ ਫ਼ਸਲਾਂ ਦੇ ਕੁੱਲ ਉਤਪਾਦਨ ਉਪਰ ਅਸਰ ਪਾਇਆ ਹੈ। ਇਸ ਸਾਰੇ ਦ੍ਰਿਸ਼ ਵਿੱਚ ਬਾਗਬਾਨੀ ਇੱਕ ਸੁਚੱਜਾ ਬਦਲ ਬਣ ਕੇ ਸਾਹਮਣੇ ਆਉਂਦੀ ਹੈ। ਪੀ.ਏ.ਯੂ. ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਅਤੇ ਕਿਸਮਾਂ ਸੰਬੰਧੀ ਕੀਤੀ ਖੋਜ ਸਦਕਾ ਨਾ ਸਿਰਫ਼ ਰਕਬਾ ਵਧਿਆ ਹੈ ਬਲਕਿ ਪ੍ਰੋਸੈਸਿੰਗ ਕਰਨ ਯੋਗ ਕਿਸਮਾਂ ਅਤੇ ਉਨ੍ਹਾਂ ਦੇ ਮਿਆਰ ਵਿੱਚ ਵੀ ਸੁਧਾਰ ਆਇਆ ਹੈ । ਡਾ. ਢਿੱਲੋਂ ਨੇ ਪੀ.ਏ.ਯੂ. ਵੱਲੋਂ ਖਨੌੜਾ, ਗੰਗੀਆਂ, ਜੀਵਨ ਸਿੰਘ ਵਾਲਾ, ਨਰੈਣਗੜ੍ਹ ਆਦਿ ਖੋਜ ਕੇਂਦਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਕੇਂਦਰਾਂ ਨੂੰ ਬਾਗਬਾਨੀ ਫ਼ਸਲਾਂ ਦੇ ਵਿਕਾਸ ਵੱਲ ਪ੍ਰਮੁੱਖ ਤੌਰ ‘ਤੇ ਕੇਂਦਰਿਤ ਕੀਤਾ ਗਿਆ ਹੈ।

ਉਨ੍ਹਾਂ ਨੇ ਅਬੋਹਰ ਵਿਖੇ ਪ੍ਰੋਸੈਸਿੰਗ ਪਲਾਂਟ ਦੀ ਗੱਲ ਕੀਤੀ ਅਤੇ ਕਿਹਾ ਕਿ ਪੀ.ਏ.ਯੂ. ਨੇ ਇਸ ਖੇਤਰ ਵਿੱਚ ਸਾਰੀਆਂ ਅਸਾਮੀਆਂ ਭਰ ਕੇ ਬਾਗਬਾਨੀ ਫ਼ਸਲਾਂ ਪ੍ਰਤੀ ਆਪਣੇ ਹਿੱਸੇ ਦਾ ਕੰਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮਿਆਰੀ ਨਰਸਰੀ ਤੋਂ ਲੈ ਕੇ ਉਤਪਾਦਨ ਤਕਨੀਕਾਂ, ਤੁੜਾਈ ਉਪਰੰਤ ਸੰਭਾਲ, ਪ੍ਰੋਸੈਸਿੰਗ ਅਤੇ ਮੰਡੀਕਰਨ ਦੇ ਹਰ ਪੱਖ ਵੱਲ ਯੂਨੀਵਰਸਿਟੀ ਧਿਆਨ ਦੇ ਰਹੀ ਹੈ ਜਿਸ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਭੋਜਨ ਇੰਨਕੂਬੇਸ਼ਨ ਸੈਂਟਰ ਵਿਸ਼ੇਸ਼ ਕਾਰਜ ਕਰ ਰਹੇ ਹਨ । ਤੁਪਕਾ ਸਿੰਚਾਈ ਪ੍ਰਣਾਲੀ ਅਤੇ ਜ਼ਮੀਨਦੋਜ਼ ਸਿੰਚਾਈ ਪ੍ਰਣਾਲੀ ਦਾ ਜ਼ਿਕਰ ਕਰਦਿਆਂ ਡਾ. ਢਿੱਲੋਂ ਨੇ ਇਸ ਵਿਧੀ ਰਾਹੀਂ ਪਾਣੀ ਅਤੇ ਖਾਦ ਦੀ ਬੱਚਤ ‘ਤੇ ਜ਼ੋਰ ਦਿੱਤਾ। ਇਸ ਤੋਂ ਬਿਨਾਂ ਮਿੱਟੀ ਰਹਿਤ ਪੌਸ਼ਟਿਕ ਛੱਤ ਰਸੋਈ ਬਗੀਚੀ ਨੂੰ ਪੀ.ਏ.ਯੂ. ਦੀ ਵਿਲੱਖਣ ਖੋਜ ਕਹਿੰਦਿਆਂ ਡਾ. ਢਿੱਲੋਂ ਨੇ ਆਉਣ ਵਾਲੇ ਸਮੇਂ ਵਿੱਚ ਇਸ ਵਿਧੀ ਰਾਹੀਂ ਸਬਜ਼ੀਆਂ ਪੈਦਾ ਕਰਨ ਵੱਲ ਤੁਰਨ ਦੀ ਅਪੀਲ ਕੀਤੀ।

- Advertisement -

ਨਿਰਦੇਸ਼ਕ ਬਾਗਬਾਨੀ ਵਿਭਾਗ ਡਾ. ਸ਼ੈਲੇਂਦਰ ਕੌਰ ਨੇ ਪੀ.ਏ.ਯੂ. ਨੂੰ ਹੁਣ ਤੱਕ ਕੀਤੇ ਸਹਿਯੋਗ ਲਈ ਧੰਨਵਾਦ ਕਹਿੰਦਿਆਂ ਭਵਿੱਖ ਵਿੱਚ ਇਹ ਸਾਂਝ ਬਰਕਰਾਰ ਰੱਖਣ ਦਾ ਅਹਿਦ ਦੁਹਰਾਇਆ। ਉਨ੍ਹਾਂ ਨੇ ਬਾਗਬਾਨੀ ਫ਼ਸਲਾਂ ਦਾ ਕੁੱਲ ਉਤਪਾਦਨ 72 ਲੱਖ ਮੀਟਰਿਕ ਟਨ ਹੋਣ ‘ਤੇ ਤਸੱਲੀ ਪ੍ਰਗਟ ਕੀਤੀ ਪਰ ਨਾਲ ਹੀ ਕਿਹਾ ਕਿ ਹਰ ਸਾਲ 30 ਪ੍ਰਤੀਸ਼ਤ ਫ਼ਸਲ ਤੁੜਾਈ ਤੋਂ ਬਾਅਦ ਨਸ਼ਟ ਹੋ ਜਾਂਦੀ ਹੈ ਅਤੇ ਸਿਰਫ਼ 12 ਪ੍ਰਤੀਸ਼ਤ ਦੀ ਪ੍ਰੋਸੈਸਿੰਗ ਹੋ ਪਾਉਂਦੀ ਹੈ। ਇਸ ਦਿਸ਼ਾ ਵਿੱਚ ਹੋਰ ਕਾਰਜ ਕਰਨ ਦੀ ਲੋੜ ਹੈ। ਵਿਸ਼ੇਸ਼ ਤੌਰ ‘ਤੇ ਨਿੰਬੂ ਜਾਤੀ ਦੇ ਫ਼ਲਾਂ ਦੀਆਂ ਕਿਸਮਾਂ ਤੋਂ ਇਲਾਵਾ ਅਮਰੂਦ, ਆੜੂ ਅਤੇ ਚੀਕੂ ਦੇ ਖੇਤਰ ਵਿੱਚ ਮਿਆਰੀ ਕਿਸਮਾਂ ਦੀ ਖੋਜ ਅਤੇ ਨਰਸਰੀ ਮੁਹੱਈਆ ਕਰਵਾਉਣ ਲਈ ਪੀ.ਏ.ਯੂ. ਨੂੰ ਅਪੀਲ ਕੀਤੀ।

ਇਸ ਤੋਂ ਪਹਿਲਾਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਬਾਗਬਾਨੀ ਦੇ ਖੇਤਰ ਵਿੱਚ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਉਤਪਾਦਨ ਵਿਧੀਆਂ ਸੰਬੰਧੀ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਪੀ.ਏ.ਯੂ. ਨੇ ਲੰਮੇ ਸਮੇਂ ਤੱਕ ਸਟੋਰ ਕੀਤੀ ਜਾ ਸਕਣ ਵਾਲੀ ਪਿਆਜ਼ ਦੀ ਕਿਸਮ ਪੀ ਓ ਐਚ ਦੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਬਹੁਤ ਝਾੜ ਵਾਲੀ ਗਾਜਰ ਦੀ ਕਿਸਮ ਪੀ ਸੀ 161 ਵੀ ਬਿਜਾਈ ਲਈ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਬੈਂਗਣਾਂ ਦੀ ਨਵੀਂ ਕਿਸਮ ਪੰਜਾਬ ਭਰਪੂਰ ਅਤੇ ਕਾਲੀ ਤੋਰੀ ਦੀ ਨਵੀਂ ਕਿਸਮ ਪੰਜਾਬ ਨਿਖਾਰ ਦਾ ਵੀ ਜ਼ਿਕਰ ਕੀਤਾ। ਇਸ ਦੇ ਨਾਲ ਹੀ ਡਾ. ਬੈਂਸ ਨੇ ਪੰਜਾਬ ਦੇ ਦੱਖਣ-ਪੱਛਮ ਖੇਤਰ ਵਿੱਚ ਮਾੜੇ ਪਾਣੀਆਂ ਦੀ ਵਰਤੋਂ, ਬਾਗਾਂ ਵਿੱਚ ਖਾਦ ਸਿੰਚਾਈ, ਕਿੰਨੂ ਲਈ ਤੁਪਕਾ ਪ੍ਰਣਾਲੀ, ਬੇਰੀਆਂ ਨਾਲ ਮੂੰਗਫਲੀ ਦੀ ਅੰਤਰ ਫ਼ਸਲੀ ਕਾਸ਼ਤ, ਅਮਰੂਦਾਂ ਦੇ ਫ਼ਲਾਂ ਨੂੰ ਫ਼ਲ ਮੱਖੀ ਤੋਂ ਬਚਾਉਣ ਦੀ ਵਿਧੀ, ਨਾਸ਼ਪਾਤੀ ਆਦਿ ਬਾਰੇ ਉਤਪਾਦਨ ਤਕਨੀਕਾਂ ਪਸਾਰ ਅਤੇ ਖੋਜ ਮਾਹਰਾਂ ਨਾਲ ਸਾਂਝੀਆਂ ਕੀਤੀਆਂ। ਡਾ. ਬੈਂਸ ਨੇ ਕੁਝ ਪੌਦ ਸੁਰੱਖਿਆ ਤਕਨੀਕਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਤੁੜਾਈ ਉਪਰੰਤ ਫੁੱਲਾਂ ਦੀ ਸੰਭਾਲ ਅਤੇ ਬਾਗਬਾਨੀ ਫਸਲਾਂ ਲਈ ਫਾਰਮ ਮਸ਼ੀਨਰੀ ਸੰਬੰਧੀ ਸਿਫ਼ਾਰਸ਼ਾਂ ਵੀ ਸਾਂਝੀਆਂ ਕੀਤੀਆਂ।

ਇਸ ਤੋਂ ਪਹਿਲਾਂ ਬਾਗਬਾਨੀ ਕਾਲਜ ਦੇ ਡੀਨ ਡਾ. ਮਾਨਵਇੰਦਰ ਸਿੰਘ ਗਿੱਲ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਖੋਜ ਅਤੇ ਪਸਾਰ ਅਧਿਕਾਰੀਆਂ ਦਾ ਸਵਾਗਤ ਕੀਤਾ। ਧੰਨਵਾਦ ਦੇ ਸ਼ਬਦ ਕਹਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਬਾਗਬਾਨੀ ਮਾਹਿਰਾਂ ਨੂੰ ਆਉਣ ਵਾਲੇ ਦੋ ਦਿਨ ਨਿੱਠ ਕੇ ਸਾਰੇ ਮਸਲਿਆਂ ਨੂੰ ਵਿਚਾਰਨ ਲਈ ਸੱਦਾ ਦਿੱਤਾ ।

Share this Article
Leave a comment