ਓਟਾਵਾ: ਚੀਨ ਵਲੌਂ ਕੈਨੇਡਾ ਦੇ ਇੱਕ ਨਾਗਰਿਕ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਖਰਾਬ ਸਥਿਤੀ ਤੋਂ ਗੁਜ਼ਰ ਰਹੇ ਹਨ। ਇਸ ਦੇ ਚਲਦਿਆਂ ਕੈਨੇਡਾ ਨੇ ਮੰਗਲਵਾਰ ਨੂੰ ਚੀਨ ਨੂੰ ਅਪੀਲ ਕੀਤੀ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਨੇਡੀਅਨ ਨਾਗਰਿਕ ‘ਤੇ ਰਹਿਮ ਕਰੇ। ਚੀਨ ਨੇ ਕੈਨੇਡੀਅਨ ਨਾਗਰਿਕ ਰਾਬਰਟ ਲਿਓਜ ਸ਼ਿਲੇਨਬਰਗ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਸੋਮਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਾਅਦ ਕੈਨੇਡਾ ਨੇ ਚੀਨ ‘ਤੇ ਮਨਮਰਜ਼ੀ ਨਾਲ ਕਾਨੂੰਨ ਲਾਗੂ ਕਰਨ ਦਾ ਦੋਸ਼ ਲਗਾਉਂਦਿਆਂ ਆਪਣੇ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਸਬੰਧੀ ਚਿਤਾਵਨੀ ਜਾਰੀ ਕੀਤੀ ਸੀ।
ਪਿਛਲੇ ਮਹੀਨੇ ਚੀਨ ਦੇ ਨਾਗਰਿਕ ਅਤੇ ਹੁਆਵੇਈ ਕੰਪਨੀ ਦੀ ਮੁਖ ਵਿੱਤੀ ਸਲਾਹਕਾਰ ਮੇਂਗ ਵਾਂਗਝੋਉ ਦੀ ਕੈਨੇਡਾ ਵਿਚ ਗ੍ਰਿਫਤਾਰੀ ਦੇ ਬਾਅਦ ਦੋਹਾਂ ਦੇਸ਼ਾਂ ਵਿਚ ਵਿਵਾਦ ਪੈਦਾ ਹੋ ਗਿਆ, ਜਿਸ ਨੂੰ ਸ਼ਿਲੇਨਬਰਗ ਦੇ ਮਾਮਲੇ ਨੇ ਹੋਰ ਵਧਾ ਦਿੱਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕੈਨੇਡਾ ਵਿਚ ਚੀਨ ਦੇ ਰਾਜਦੂਤ ਤੋਂ ਸ਼ਿਲੇਨਬਰਗ ਨੂੰ ਮੁਆਫ ਕਰਨ ਦੀ ਅਪੀਲ ਕਰ ਚੁੱਕੇ ਹਾਂ। ਫ੍ਰੀਲੈਂਡ ਨੇ ਕਿਹਾ ਅਸੀਂ ਇਸ ਨੂੰ ਅਣਮਨੁੱਖੀ ਅਤੇ ਗਲਤ ਮੰਨਦੇ ਹਾਂ ਅਤੇ ਜਿੱਥੇ ਵੀ ਕੈਨੇਡੀਅਨ ਨਾਗਰਿਕ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ‘ਤੇ ਵਿਚਾਰ ਕੀਤਾ ਗਿਆ, ਅਸੀਂ ਇਸ ਦਾ ਵਿਰੋਧ ਕੀਤਾ ਹੈ।