ਕਿਸਾਨ ਵਿਚਾਰੇ ਦੀ ਬਾਂਹ ਕੌਣ ਫੜੂੰ

TeamGlobalPunjab
6 Min Read

ਅਜੋਕੇ ਕਿਸਾਨ ਦਾ ਜੀਵਨ ਦੁਸ਼ਵਾਰੀਆਂ ਨਾਲ ਭਰਿਆ ਹੋਇਆ ਹੈ। ਕਰਜ਼ੇ ਦੀ ਪੰਡ ਉਸਦੇ ਸਿਰ ਤੋਂ ਲੱਥ ਨਹੀਂ ਰਹੀ। ਕਹਿਣ ਨੂੰ ਤਾਂ ਇਸ ਨੂੰ ਭਾਵੇਂ ਅੰਨਦਾਤਾ  ਕਿਹਾ ਜਾਂਦਾ ਪਰ ਅੱਜ ਕੱਲ੍ਹ ਇਸ ਨੂੰ ਆਪਣਾ ਟੱਬਰ ਪਾਲਣਾ ਮੁਸ਼ਕਲ ਹੋਇਆ ਪਿਆ ਹੈ। ਕਿਸੇ ਨੂੰ ਘਰ ਬੈਠੀ ਕੋਠੇ ਜਿਡੀ ਧੀ ਦਾ ਫਿਕਰ ਸਤਾ ਰਿਹਾ ਤੇ ਕਿਸੇ ਦਾ ਗੱਭਰੂ ਪੁੱਤ ਨਸ਼ੇ ਵਿੱਚ ਗ੍ਰਸਤ ਹੋਣ ਕਾਰਨ ਉਸ ਨੂੰ ਘਰ ਦੀਆਂ ਜਿੰਮੇਵਾਰੀਆਂ ਨੇ ਘੁਣ ਲਾਇਆ ਪਿਆ ਹੈ। ਸਰਕਾਰੀ ਫਰਮਾਨਾ, ਮਹਿੰਗੇ ਖਾਦਾਂ ਤੇ ਬੀਜਾਂ ਨੇ ਉਸ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜਦੋਂ ਫ਼ਸਲ ‘ਤੇ ਕੁਦਰਤੀ ਮਾਰ ਪੈ ਜਾਂਦੀ ਉਦੋਂ ਤਾਂ ਉਸਦਾ ਬਚਦਾ ਹੀ ਕੁਝ ਨਹੀਂ। ਪਰਾਲੀ ਨਾ ਸਾੜਨ ਦੇ ਸਰਕਾਰੀ ਅਤੇ ਅਦਾਲਤੀ ਹੁਕਮਾਂ ਨੇ ਕਿਸਾਨ ਦੇ ਸਾਹ ਸੂਤੇ ਪਏ ਹਨ। ਆਪਣੀ ਨਵੀਂ ਫ਼ਸਲ ਬੀਜਣ ਲਈ ਪਰਾਲੀ ਨੂੰ ਲਾਂਭੇ ਕਰਨ ਵਾਲੇ ਕਿਸਾਨ ਵਿਰੁੱਧ ਪੁਲਿਸ ਕੇਸ ਦਰਜ ਕਰਕੇ ਉਸ ਨੂੰ ਜੇਲ੍ਹਾਂ ‘ਚ ਡੱਕਿਆ ਜਾ ਰਿਹਾ ਹੈ। ਜੇ ਕਿਸਾਨ ਜੱਥੇਬੰਦੀਆਂ ਉਸ ਦੇ ਹੱਕ ਵਿੱਚ ਨਿਤਰਦੀਆਂ ਤਾਂ ਉਸ ਦੀ ਸੁਣਵਾਈ ਕੋਈ ਨਹੀਂ ਕਰ ਰਿਹਾ।

ਪਰਾਲੀ ਮਾਮਲਿਆਂ ਦੇ ਨਿਪਟਾਰੇ ਦੀ ਮੰਗ ਲੈ ਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ। ਐੱਸਡੀਐੱਮ ਦਫ਼ਤਰ ਵਿੱਚ ਡੀ ਸੀ ਫ਼ਰੀਦਕੋਟ ਰਾਹੀਂ ਕਿਸਾਨ ਆਗੂਆਂ ਦੀ ਤਿੰਨ ਵਾਰ ਪੰਜਾਬ ਦੇ ਪ੍ਰਮੁੱਖ ਸਕੱਤਰ ਨਾਲ ਗੱਲਬਾਤ ਵੀ ਹੋਈ। 28 ਨਵੰਬਰ ਸ਼ਾਮ ਨੂੰ ਗੱਲਬਾਤ ਦਾ ਆਖਰੀ ਦੌਰ ਵੀ ਜਦੋਂ ਕਿਸੇ ਸਿੱਟੇ ’ਤੇ ਨਾ ਪੁੱਜਿਆ ਤਾਂ 50 ਕਿਸਾਨ ਆਗੂਆਂ ਵੱਲੋਂ ਰੋਸ ਵਜੋਂ ਗ੍ਰਿਫ਼ਤਾਰੀ ਦਿੱਤੀ ਗਈ। ਇਸ ਰੋਸ ਰੈਲੀ ਦੌਰਾਨ ਆਗੂਆਂ ਨੇ ਪਰਾਲੀ ਸਾੜਨ ਵਾਲੇ ਕਾਸ਼ਤਕਾਰਾਂ ਖ਼ਿਲਾਫ਼ ਦਰਜ ਪੁਲੀਸ ਕੇਸ ਰੱਦ ਕਰਨ, ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਜਿਣਸ ’ਤੇ 200 ਰੁਪਏ ਪ੍ਰਤੀ ਕੁਇੰਟਲ ਰਾਹਤ ਰਾਸ਼ੀ ਦੇਣ, ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੁਰਮਾਨਾ ਵਸੂਲੀ ਰੋਕਣ, ਮਾਲ ਵਿਭਾਗ ਵੱਲੋਂ ਜ਼ਮੀਨਾਂ ਦੇ ਖਾਤਿਆਂ ’ਤੇ ਕੀਤੀ ਰੈੱਡ ਐਂਟਰੀ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ।

ਰੈਲੀ ਦੌਰਾਨ ਕਿਸਾਨਾਂ ਦੇ ਵਫ਼ਦ ਦੀ ਕਰੀਬ 2:30 ਵਜੇ ਸ਼ੁਰੂ ਹੋਈ ਡੀ.ਸੀ. ਨਾਲ ਗੱਲਬਾਤ ਵਿਚਾਲੇ ਟੁੱਟ ਗਈ ਅਤੇ ਚਾਰ ਵਜੇ ਦੇ ਕਰੀਬ ਕਿਸਾਨਾਂ ਨੇ ਰੇਲਵੇ ਟਰੈਕ ਰੋਕਣ ਲਈ ਮੁਕਤਸਰ ਰੋਡ ’ਤੇ ਸਥਿਤ ਰੇਲਵੇ ਫਾਟਕ ਵੱਲ ਕੂਚ ਕਰ ਦਿੱਤਾ। ਪੁਲੀਸ ਨੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਤਾਂ ਉਹ ਫਾਟਕ ਨੇੜੇ ਚੌਕ ਵਿੱਚ ਧਰਨਾ ਲਾ ਕੇ ਬੈਠ ਗਏ। ਦੋਵਾਂ ਧਿਰਾਂ ਵਿਚਾਲੇ ਦੀ ਮੁੜ ਗੱਲਬਾਤ ਹੋਈ ਪਹਿਲਾਂ 5:30 ਵਜੇ ਤੇ ਪੰਦਰਾਂ ਮਿੰਟਾਂ ਦੇ ਵਕਫ਼ੇ ਨਾਲ ਤੀਜੀ ਵਾਰ ਹੋਈ ਗੱਲਬਾਤ ਬਿਨਾਂ ਕਿਸੇ ਫੈਸਲੇ ਦੇ ਸੱਤ ਵਜੇ ਖਤਮ ਹੋ ਗਈ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਖ਼ੁਦ ਨੂੰ ਪ੍ਰਸ਼ਾਸਨ ਅੱਗੇ ਗ੍ਰਿਫ਼ਤਾਰੀ ਲਈ ਪੇਸ਼ ਕਰ ਦਿੱਤਾ। ਕਰੀਬ 50 ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਸੀ।

ਯੂਨੀਅਨ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜਾਂ ਤਾਂ ਕਿਸਾਨਾਂ ਨੂੰ ਰੇਲਵੇ ਪਟੜੀ ’ਤੇ ਜਾਣ ਦਿੱਤਾ ਜਾਵੇ ਜਾਂ ਗ੍ਰਿਫ਼ਤਾਰ ਕੀਤਾ ਜਾਵੇ। ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇਲ੍ਹਾਂ ’ਚ ਜਗ੍ਹਾ ਦੀ ਕਮੀ ਕਰਕੇ ਅਜਿਹਾ ਸੰਭਵ ਨਹੀਂ। ਇਸ ’ਤੇ ਫ਼ੈਸਲਾ ਕੀਤਾ ਗਿਆ ਕਿ ਰੋਜ਼ਾਨਾ 50 ਕਿਸਾਨ ਜੈਤੋ ਆ ਕੇ ਗਿ੍ਰਫ਼ਤਾਰੀਆਂ ਦੇਣਗੇ।

- Advertisement -

ਉਧਰ ਮਾਲਵਾ ‘ਚ ਪੈਂਦੇ ਬੁਢਲਾਡਾ ਦੇ ਪਿੰਡ ਭਾਦੜਾ ਵਿੱਚ 10 ਏਕੜ ਖੜ੍ਹੀ ਝੋਨੇ ਦੀ ਪਰਾਲੀ ’ਚ ਬੀਜੀ ਕਣਕ ਦੀ ਫ਼ਸਲ ਸੁੰਡੀ ਪੈਣ ਕਾਰਨ ਤਬਾਹ ਹੋ ਗਈ ਹੈ। ਸਰਪੰਚ ਦੀ ਹਾਜ਼ਰੀ ’ਚ ਕਿਸਾਨ ਬਲਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਸਰਕਾਰ ਤੇ ਖੇਤੀਬਾੜੀ ਵਿਭਾਗ ਅਨੁਸਾਰ ਬਿਨਾਂ ਪਰਾਲੀ ਸਾੜੇ ਆਮ ਬਿਜਾਈ ਤੋਂ ਵੱਧ ਖ਼ਰਚ ਕਰਕੇ ਆਪਣੀ 10 ਏਕੜ ਜ਼ਮੀਨ ਵਿੱਚ ਹੈਪੀ ਸੀਡਰ ਰਾਹੀਂ ਕਣਕ ਬੀਜੀ ਸੀ।

ਹੁਣ ਜਦੋਂ ਫ਼ਸਲ ਨੂੰ ਪਾਣੀ ਦੀ ਲੋੜ ਮਹਿਸੂਸ ਹੋਣ ਲੱਗੀ ਤਾਂ ਉਸ ਵੱਲੋਂ ਪਾਣੀ ਛੱਡ ਦਿੱਤਾ ਗਿਆ ਜਿਸ ਨਾਲ ਜ਼ਮੀਨ ਵਿੱਚ ਖੜ੍ਹੀ ਕਣਕ ਗਲਣ ਅਤੇ ਸੜਨ ਲੱਗ ਗਈ ਅਤੇ ਉਸ ਵਿੱਚ ਸੁੰਡੀ ਪੈਦਾ ਹੋ ਗਈ। ਬੀਜੀ ਹੋਈ ਫ਼ਸਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰਜ਼ਾ ਚੁੱਕ ਕੇ ਆਪਣੀ ਕਣਕ ਦੀ ਫ਼ਸਲ ਬੀਜੀ ਸੀ ਅਤੇ ਹੁਣ ਮੁੜ ਵੱਡੀ ਰਕਮ ਖਰਚ ਕੇ ਕਣਕ ਬੀਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਖੇਤੀਬਾੜੀ ਅਫ਼ਸਰ ਦਾ ਕਹਿਣਾ ਸੀ ਕਿ ਇਸ ਖਰਾਬ ਹੋਈ ਕਣਕ ਉਪਰ ਗੁਲਾਬੀ ਸੁੰਡੀ ਦਾ ਅਸਰ ਹੋ ਗਿਆ ਹੈ।

ਇਹ ਸੁੰਡੀ ਝੋਨੇ ਦੀ ਫ਼ਸਲ ਉੱਪਰ ਨਵੰਬਰ ਮਹੀਨੇ ਤੱਕ ਆਪਣਾ ਅਸਰ ਦਿਖਾਉਂਦੀ ਹੈ ਤੇ ਜਦੋਂ ਕੋਈ ਕਿਸਾਨ ਖੜ੍ਹੀ ਪਰਾਲੀ ਵਿੱਚ ਕਣਕ ਦੀ ਬਿਜਾਈ ਕਰਦਾ ਹੈ ਤਾਂ ਉਸ ਨੂੰ ਅਜਿਹੇ ਕੇਸਾਂ ਵਿੱਚ ਕੁਇਨਲਫਾਸ 25 ਈ.ਸੀ.ਈ ਦਵਾਈ 500 ਤੋਂ 800 ਐਮਐਲ ਨੂੰ 100 ਲੀਟਰ ਪਾਣੀ ਵਿੱਚ ਘੋਲ ਤਿਆਰ ਕਰ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਗੁਲਾਬੀ ਸੁੰਡੀ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਉਪਰ ਕੇਸ ਦਰਜ ਕਰਕੇ ਜੁਰਮਾਨੇ ਵਸੂਲ ਰਹੀ ਹੈ ਪਰ ਜਦੋਂ ਕੋਈ ਪਰਾਲੀ ਬਿਨਾਂ ਸਾੜੇ ਕਿਸਾਨ ਸਰਕਾਰ ਦੀਆਂ ਨੀਤੀਆਂ ਤਹਿਤ ਕਣਕ ਦੀ ਬਿਜਾਈ ਕਰਦਾ ਤਾਂ ਉਸ ਨੂੰ ਆਰਥਿਕ ਤੌਰ ’ਤੇ ਮੋਟਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਤ੍ਰਾਸਦੀ ਵਿੱਚ ਕਿਸਾਨ ਦੀ ਕੌਣ ਬਾਂਹ ਫੜੇਗਾ।

 

ਅਵਤਾਰ ਸਿੰਘ

- Advertisement -

 

ਸੀਨੀਅਰ ਪੱਤਰਕਾਰ

Share this Article
Leave a comment