ਕੀ ‘Exit Polls’ ਸਹੀ ਸਾਬਤ ਹੋਣਗੇ ਜਾਂ ਅਸਲ ਨਤੀਜੇ ਵੱਖ ਦ੍ਰਿਸ਼ ਪੇਸ਼ ਕਰਨਗੇ!

TeamGlobalPunjab
15 Min Read

ਕੰਵਰ ਸੰਧੁੂ

“ਐਗਜ਼ਿਟ ਪੋਲ” ‘ਤੇ ਵਿਸ਼ੇਸ਼ ਲੇਖ “ਗਲੋਬਲ ਪੰਜਾਬ ਟੀਵੀ” ਦੇ ਕੰਸਲਟਿੰਗ ਐਡੀਟਰ-ਇਨ-ਚੀਫ, ਕੰਵਰ ਸੰਧੂ, ਦੁਆਰਾ (courtesy news9live.com)

ਪੰਜਾਬ ਵਿਧਾਨ ਸਭਾ ਚੋਣਾਂ ਦਾ ਫੈਸਲਾ ਆਉਣ ਤੋਂ ਦੋ ਦਿਨ ਪਹਿਲਾਂ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਜਸ਼ਨ ਮਨਾ ਰਹੇ ਹਨ, ਉੱਥੇ ਹੀ ਸੱਤਾਧਾਰੀ ਕਾਂਗਰਸ ਪਾਰਟੀ  ਸਮੇਤ ਹੋਰ ਰਾਜਸੀ ਪਾਰਟੀਆਂ ਦੇ ਆਗੂਆਂ ਦੀ ਨੀਂਦ ਉੱਡੀ ਹੋਈ ਹੈ।

ਦੋ ਵੱਖਰੇ ਚੋਣ ਸਰਵੇਖਣਾਂ  (Exit Polls)  ਨੂੰ ਛੱਡ ਕੇ, ਬਾਕੀ ਸਾਰਿਆਂ ਨੇ ਭਵਿੱਖਬਾਣੀ ਕੀਤੀ ਹੈ ਕਿ  ਆਮ ਆਦਮੀ ਪਾਰਟੀ ਜਾਂ ਤਾਂ ਵੱਡਾ ਬਹੁਮਤ ਹਾਸਲ ਕਰ ਕੇ ਜੇਤੂ ਹੋਵੇਗੀ ਜਾਂ ਸਭ ਤੋਂ ਵਧ ਸੀਟਾਂ ਹਾਸਲ ਕਰ ਕੇ ਵੱਡੀ ਪਾਰਟੀ ਵਜੋਂ ਉੱਭਰੇਗੀ। ਜੇਕਰ ‘ਆਪ’ ਦੀ ਪੰਜਾਬ ‘ਚ ਸਰਕਾਰ ਬਣਦੀ ਹੈ ਤਾਂ ਇਹ ਪਾਰਟੀ ਦਿੱਲੀ ਤੋਂ ਪੰਜਾਬ ਦੇ ਰਸਤੇ ਦੂਜੇ ਸੂਬਿਆਂ ਤੱਕ ਜੇਤੁੂ ਮਾਰਚ ਲੈ ਕੇ ਜਾਵੇਗੀ। ਜਿੱਥੇ ਇੱਕ ਪਾਸੇ ਪਾਰਟੀ 2014 ਤੋਂ ਪੰਜਾਬ ਵਿੱਚ ਸਫਲਤਾ ਦੀ ਉਡੀਕ ਕਰ ਰਹੀ ਹੈ, ਉਥੇ ਹੀ  2015 ਤੋਂ ਦਿੱਲੀ ਵਿੱਚ ਵੋਟਰਾਂ ਦੀ ਪਸੰਦੀਦਾ ਬਣੀ ਹੋਈ ਹੈ।

- Advertisement -

ਅਜੇ ਇਹ ਤਾਂ ਨਹੀਂ ਕਿਹਾ ਜਾ ਸਕਦਾ  ਕਿ ਚੋਣ ਸਰਵੇਖਣ (Exit Polls) ਪੁੂਰੇ ਤਰੀਕੇ ਸਹੀ ਹਨ ਜਾਂ ਨਹੀਂ, ਪਰ 20 ਫਰਵਰੀ ਨੂੰ ਹੋਈ ਵੋਟਿੰਗ ਤੋਂ ਬਾਅਦ ਤਿੰਨ ਹਫ਼ਤਿਆਂ ਦੇ ਵਕਫ਼ੇ ਬਾਅਦ ਆਏ ਅਗਾਊਂ ਨਤੀਜਿਆਂ ਦੇ ਦ੍ਰਿਸ਼ ਨੇ ਹਲਚਲ ਪੈਦਾ ਕਰ ਦਿੱਤੀ ਹੈ ਤੇ ਇਹ ਚੋਣਾਂ ਅਜੇ ਤੱਕ ਦੀਆਂ ਸਭ ਤੋਂ  ਉਲਝਣ ਭਰੀਆਂ ਹਨ। ਕਾਂਗਰਸ ਤੋਂ ਇਲਾਵਾ  ਆਮ ਆਮ ਆਦਮੀ ਪਾਰਟੀ , ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ, ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਐਸ) ਅਤੇ  ਸੰਯੁਕਤ  ਸਮਾਜ ਮੋਰਚਾ ਸ਼ਾਮਲ ਸਨ, ਜਿਸ ਨੂੰ ਪੰਜ-ਕੋਣੀ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਸੀ। ਹੁਣ ਇਹ ਉਭਰ ਕੇ ਸਾਹਮਣੇ ਆਇਆ ਹੈ ਕਿ ਅੰਤਿਮ ਮੁਕਾਬਲਾ ਕਾਂਗਰਸ, ਆਪ ਅਤੇ ਅਕਾਲੀ ਦਲ-ਬਸਪਾ ਗਠਜੋੜ ਵਿਚਕਾਰ ਤਿਕੋਣੀ ਲੜਾਈ ਵਿੱਚ ਬਦਲ ਗਿਆ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਤੇ ਭਾਈਵਾਲ ਪਾਰਟੀਆਂ  ਅਤੇ ਐਸਐਸਐਮ ਸਿਰਫ ਵੋਟ ਵੰਡਣ ਵਾਲੀ ਖੇਡ ਹੀ ਖੇਡੀਆਂ ਹਨ।

ਫਿਰ ਵੀ, ਨਤੀਜੇ 2017 ਤੋਂ ਵਧੇਰੇ  ਵੱਖਰੇ ਹੋਣ ਵੱਲ ਇਸ਼ਾਰਾ ਕਰਦੇ ਹਨ ਜਦੋਂ ਕਿ ਚੋਣ ਪੰਡਤਾਂ ਨੇ ‘ਆਪ’ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ ਪਰ ਕਾਂਗਰਸ ਨੇ 77 ਸੀਟਾਂ ਜਿੱਤੀਆਂ ਸਨ। ‘ਆਪ’ 20 ਸੀਟਾਂ ‘ਤੇ ਸਿਮਟ ਗਈ ਅਤੇ ਅਕਾਲੀ-ਭਾਜਪਾ ਗਠਜੋੜ 18 ਸੀਟਾਂ (15 ਪਲੱਸ 3) ‘ਤੇ ਰਹਿ ਗਿਆ ਸੀ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਜ਼ਿਆਦਾਤਰ ਲੋਕ ਅਜੇ ਵੀ 2017 ਦੀਆਂ ਭਵਿੱਖਬਾਣੀਆਂ ਅਤੇ ਉਸ ਤੋਂ ਪਹਿਲਾਂ 2012 ਨੁੂੰ ਵੇਖਦੇ ਹੋਏ  ਕਿਸੇ ਵੀ ਅੰਕੜੇ ਤੇ ਮੋਹਰ ਲਾਉਣ ਤੋਂ ਗੁਰੇਜ਼ ਕਰ ਰਹੇ ਹਨ।

ਇਸ ਵਾਰ ਇੱਕ ਦਰਜਨ ਤੋਂ ਵੱਧ ਐਗਜ਼ਿਟ ਪੋਲ ਹੋ ਚੁੱਕੇ ਹਨ। ਅੱਧੇ ਤੋਂ ਵੱਧ ਨੇ ‘ਆਪ’ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਵਿੱਚੋਂ ਇੱਕ (ਨਿਊਜ਼24-ਚਾਣਕਿਆ) ਨੇ ‘ਆਪ’ ਨੂੰ 100 ਤੋਂ ਵੱਧ ਸੀਟਾਂ ਦਿੱਤੀਆਂ ਹਨ। ਛੇ ਹੋਰਾਂ ਨੇ ‘ਆਪ’ ਨੂੰ 62 ਤੋਂ 90 ਸੀਟਾਂ ਦਿੱਤੀਆਂ ਹਨ। ਜੇਕਰ ਇਨ੍ਹਾਂ ਚੋਣ ਸਰਵੇਖਣਾਂ ‘ਤੇ ਵਿਸ਼ਵਾਸ ਕੀਤਾ ਜਾਵੇ ਤਾਂ ‘ਆਪ’ ਦਾ ਜਾਦੂ ਜੋ 2017 ਦੀਆਂ ਚੋਣਾਂ ‘ਚ ਮਾਲਵਾ ਪੱਟੀ (ਕੁੱਲ 69 ਸੀਟਾਂ) ਤੱਕ ਸੀਮਤ ਸੀ, ਇਸ ਵਾਰ ਪੰਜਾਬ ਦੇ ਮਾਝੇ (25 ਸੀਟਾਂ) ਅਤੇ ਦੁਆਬਾ (23 ਸੀਟਾਂ) ਖੇਤਰਾਂ ‘ਚ ਵੀ ਫੈਲ ਗਿਆ ਹੈ।

ਐਗਜ਼ਿਟ ਪੋਲ ‘ਆਪ’ ਲਈ ਸਪੱਸ਼ਟ ਬਹੁਮਤ ਦੀ ਭਵਿੱਖਬਾਣੀ ਕਰਦੇ ਹੋਏ, ਕਾਂਗਰਸ ਨੂੰ ਸਿਰਫ਼ 10 ਤੋਂ 30 ਸੀਟਾਂ ਤੱਕ ਸੀਮਤ ਕਰਦੇ ਹਨ। ਕਾਂਗਰਸ ਦੀ ਹਾਰ ਦਾ ਸਿੱਧਾ ਕਾਰਨ ਸਿਰਫ਼ ਸੱਤਾ-ਵਿਰੋਧੀ ਲਹਿਰ ਹੀ ਨਹੀਂ, ਸਗੋਂ ਖਾਨਾਜੰਗੀ  ਨੂੰ ਵੀ ਮੰਨਿਆ ਜਾ ਸਕਦਾ ਹੈ, ਜੋ ਪੋਲਿੰਗ ਵਾਲੇ ਦਿਨ ਤੱਕ ਚਲਦੀ ਰਹੀ ਅਤੇ ਅਜੇ ਵੀ ਜਾਰੀ ਹੇੈ ਜਦੋੰਕਿ ਵੋਟਾਂ ਦੀ ਗਿਣਤੀ ਦਾ ਇੰਤਜ਼ਾਰ ਹੋ ਰਿਹਾ ਹੇੈ। ਜਦੋਂ ਐਗਜ਼ਿਟ ਪੋਲ ਨਸ਼ਰ ਹੋਣੇ ਸ਼ੁਰੂ ਹੋਏ ਤਾਂ ਕਾਂਗਰਸ ਦੇ ਇੱਕ ਰਾਜ ਸਭਾ ਮੈਂਬਰ ਨੇ ਟਿੱਪਣੀ ਕੀਤੀ, “ਅਸੀਂ ਵਿਰੋਧੀਆਂ ਨਾਲ ਨਹੀਂ ਬਲਕਿ ਆਪਣੇ ਆਪ ਨਾਲ ਨਿਜੀ ਟੀਚਿਆਂ ਲਈ ਮੁਕਾਬਲਾ ਕਰ ਰਹੇ ਸੀ।”

ਜੇਕਰ ਨਸ਼ਰ ਹੋਏ  ਚੋਣ ਸਰਵੇਖਣ ਅੰਕੜੇ 10 ਮਾਰਚ ਨੂੰ ਹੋਣ ਵਾਲੇ ਅੰਤਿਮ ਨਤੀਜਿਆਂ ਨਾਲ ਮੇਲ ਖਾਂਦੇ ਨਜ਼ਰ ਆਏ ਤਾਂ ਸੱਤਾਧਾਰੀ ਪਾਰਟੀ ਨੂੰ  ਪੂਰੇ ਸੂਬੇ ਵਿੱਚ ਸਵੈ ਪੜਚੋਲ ਦਾ ਸਾਹਮਣਾ ਕਰਨਾ ਪਵੇਗਾ। ਇਸ ਦਾ ਮਤਲਬ ਇਹ ਹੋਵੇਗਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਘੋੜੇ ਅੱਧ ਵਿਚਾਲੇ ਬਦਲਣ ਵਾਲਾ ਦਾਅ ਪੁੱਠਾ ਪੈ ਗਿਆ ਹੈ। ਚੋਣਾਂ ਤੋਂ 6 ਮਹੀਨੇ ਪਹਿਲਾਂ ਪਾਰਟੀ ਨੇ ਸੁਨੀਲ ਜਾਖੜ ਦੀ ਥਾਂ ਨਵਜੋਤ ਸਿੱਧੂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਸੀ। ਚੋਣਾਂ ਤੋਂ ਚਾਰ ਮਹੀਨੇ ਪਹਿਲਾਂ  ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਇੱਕ ਘੱਟ ਚਰਚਿਤ ਪਰ ਪਹੁੰਚ ਕਰਨ ਯੋਗ ਆਗੂ  ਚਰਨਜੀਤ ਸਿੰਘ ਚੰਨੀ, ਜੋ ਦਲਿਤ ਭਾਈਚਾਰੇ ਚੋਂ ਆਉਂਦੇ ਹਨ , ਨੂੰ ਮੁੱਖ ਮੰਤਰੀ ਬਣਾਇਆ।

- Advertisement -

ਜਿਸ ਤੋਂ ਬਾਅਦ ਅਮਰਿੰਦਰ ਸਿੰਘ ਨੇ ,ਬੇਇੱਜ਼ਤੀ ਮਹਿਸੂਸ ਕਰਦਿਆਂ,  ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਤੇ ਭਾਜਪਾ ਨਾਲ ਗਠਜੋੜ ਕੀਤਾ। ਉਧਰ ਕਾਂਗਰਸ ਪਾਰਟੀ ਨੇ  ਬਾਅਦ ਵਿੱਚ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਮੋਹਰ ਲਾਈ , ਭਾਵੇਂ ਕਿ ਉਨ੍ਹਾਂ ਦੇ ਪਰਿਵਾਰ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ। ਜਿਸ ਕਾਰਨ  ਸਿੱਧੂ  ਨਮੋਸ਼ੀ ਚ ਨਜ਼ਰ ਆਏ  ਤੇ ਜਿਸ ਕਾਰਨ  ਕਾਂਗਰਸ ਪਾਰਟੀ ਕੋਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਦੇ ਮੁਕਾਬਲੇ ਕੋਈ ਵੀ ਪ੍ਰਭਾਵਸ਼ਾਲੀ ਪ੍ਰਚਾਰਕ ਨਹੀਂ ਰਿਹਾ। ਇਸ ਵਾਰ ਦੇ ਚੋਣ ਸਰਵੇਖਣ ਵੀ 1997 ਚੋਣ ਸਰਵੇਖਣਾਂ ਦੀ ਦੁਹਰਾਈ ਵੱਲ ਇਸ਼ਾਰਾ ਕਰਦੇ ਲੱਗ ਰਹੇ ਹਨ   ਜਦੋਂ ਆਖ਼ਰੀ ਵੇਲੇ  ਮੁੱਖ ਮੰਤਰੀ ਬਦਲਣ ਦੀ ਵਜ੍ਹਾ ਕਰਕੇ ਕਾਂਗਰਸ ਨੂੰ ਸਿਰਫ਼ 14 ਸੀਟਾਂ ਹੀ ਮਿਲੀਆਂ ਸਨ।

ਇਨ੍ਹਾਂ ਚੋਣ ਸਰਵੇਖਣਾਂ ਨੇ ਅਕਾਲੀ ਦਲ ਨੂੰ ਖੋਰਾ ਲਾ ਦਿੱਤਾ ਹੈ। 2017 ਵਿੱਚ ਅਕਾਲੀ ਦਲ ਨੂੰ 15 ਸੀਟਾਂ ਹਾਸਲ ਹੋਈਆਂ ਸਨ ਪਰ ਇਸ ਵਾਰ ਦੇ ਕੁਛ ਸਰਵੇਖਣ ਸਿਰਫ 6 ਤੋਂ 10 ਸੀਟਾਂ ਅਕਾਲੀ ਦਲ ਨੂੰ ਦੇ ਰਹੇ ਹਨ। 2017 ਦੀਆਂ ਚੋਣਾਂ  ਵਿੱਚ ਅਕਾਲੀ ਦਲ ਦੇ ਹਿੱਸੇ ਕੁਲ ਵੋਟ ਫੀਸਦੀ ਦਾ 24 ਫ਼ੀਸਦ ਆਇਆ ਸੀ ਤੇ ਉਸ ਵੇਲੇ ਸੱਤਾ ਵਿਰੋਧੀ ਲਹਿਰ ਸਿਖਰ ‘ਤੇ ਸੀ। ਉਸ ਸਮੇਂ ਅਕਾਲੀ ਦਲ ਨੂੰ ਪੂਰੇ ਸੂਬੇ ‘ਚ ਬੇਅਦਬੀ ਦੀਆਂ ਘਟਨਾਵਾਂ ਦਾ ਖਮਿਆਜ਼ਾ ਭੁਗਤਣਾ ਪਿਆ ਸੀ। ਭਾਵੇਂ ਕਿ ਪਾਰਟੀ ਚੋਣ ਸਰਵੇਖਣਾਂ ਦੀ ਭਵਿੱਖਬਾਣੀ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ, ਪਰ ਅਜੇ ਤੱਕ ਇਸ ਨੂੰ ਸਿੱਖ ਵੋਟਰਾਂ ਵੱਲੋਂ ਪ੍ਰਵਾਨਗੀ ਨਹੀਂ ਮਿਲੀ ਹੈ। ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਵਲੋੰ ਅਕਾਲੀ ਦਲ ਸੰਯੁਕਤ ਬਣਾਉਣ ‘ਤੇ ਅਕਾਲੀ ਦਲ ਤੋਂ ਵੱਖ ਹੋਣ ਨਾਲ ਵੀ ਮਾਲਵੇ ਦੇ ਕੁਝ ਖੇਤਰਾਂ, ਖਾਸ ਕਰਕੇ ਸੰਗਰੂਰ ਪੱਟੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਨੁਕਸਾਨ ਹੋਇਆ ਜਾਪਦਾ ਹੈ।

ਚੋਣ ਸਰਵੇਖਣ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਮਾਲਵੇ ਚ ਡੇਰਾ ਸੱਚਾ ਸੌਦਾ ਦਾ ਕੋਈ ਬਹੁਤਾ ਨਤੀਜਾ ਨਹੀਂ ਨਿਕਲਿਆ। ਸਿਰਸਾ ਸਥਿਤ ਡੇਰਾ ਸੱਚਾ ਸੌਦਾ ਜਿਸ ਦਾ  ਮਾਲਵੇ ਦੀਆਂ ਤਕਰੀਬਨ 25 ਸੀਟਾਂ ‘ਤੇ ਪ੍ਰਭਾਵ ਦੱਸਿਆ ਜਾਂਦਾ ਹੈ,  ਨੇ ਕਥਿਤ ਤੌਰ ‘ਤੇ ਆਪਣੇ ਸ਼ਰਧਾਲੂਆਂ ਨੂੰ ਅਕਾਲੀ ਦਲ ਅਤੇ ਭਾਜਪਾ ਲਈ ਵੋਟ ਪਾਉਣ ਲਈ ਕਿਹਾ ਸੀ। ਪਰ ਚੋਣਾਂ ਤੋਂ  ਸ਼ਾਮ ਪਹਿਲਾਂ “ਦੀਪ ਸਿੱਧੂ ਫੈਕਟਰ” ਵੀ ਰਿਹਾ।

ਐਕਟਰ ਤੋਂ ਕਾਰਕੁਨ ਬਣੇ ਦੀਪ ਸਿੱਧੂ ਦੀ ਪੋਲਿੰਗ ਵਾਲੇ ਦਿਨ ਤੋੰ ਪਹਿਲਾਂ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ । ਦੀਪ ਸਿੱਧੂ  ਨੇ ਸਾਬਕਾ ਆਈਪੀਐਸ ਅਫਸਰ ਤੋੰ ਖ਼ਾਲਿਸਤਾਨ ਵਿਚਾਰਧਾਰਾ ਵਾਲੇ ਆਗੂ  ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਲੋਕਾਂ ਦੇ ਇਕੱਠ ਵਿੱਚ ਅਪੀਲ ਕੀਤੀ ਸੀ ਕਿ ਉਹ ਝਾੜੂ  ਨੂੰ ਰੱਦ ਕਰ ਤਲਵਾਰ ਨੂੰ ਚੁਣਨ ਵੱਲ ਤਰਜੀਹ ਦੇਣ। ਅਮਰਗੜ੍ਹ ਚ ਦਿੱਤੀ ਇਸ ਭਾਵੁਕ ਸਪੀਚ ਦੀ ਵੀਡੀਓ ਨੌਜਵਾਨਾਂ ਵਿੱਚ ਵਾਇਰਲ ਹੋ ਗਈ।

ਚੋਣ ਸਰਵੇਖਣ ਇਸ ਤੱਥ ਨੂੰ ਵੀ ਦੁਹਰਾਉਂਦੇ ਹਨ ਕਿ ਇੱਕ ਵਰ੍ਹੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਕਿਸਾਨੀ ਅੰਦੋਲਨ ਦੀ ਸਫਲਤਾ ਦੇ ਬਾਵਜੂਦ ਵੀ ਕਿਸਾਨੀ ਪਾਰਟੀ ਸੰਯੁਕਤ ਸਮਾਜ ਮੋਰਚਾ ਦਾ ਚੋਣਾਂ ਵਿੱਚ ਦੇਰ ਨਾਲ ਦਾਖ਼ਲ  ਹੋਣ ਨਾਲ ਵੋਟਰ ਹੀ  ਨਹੀਂ  ਜੁੜ ਸਕਿਆ। ਇਸ ਗੱਲ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ SSM ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ‘ਆਪ’ ਨੂੰ ਫਾਇਦਾ ਪਹੁੰਚਾਇਆ ਹੈ। ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਸੂਬੇ ਭਰ ਵਿੱਚ ਦਲਿਤ ਵੋਟ ’ਤੇ ‘ਚੰਨੀ ਫੈਕਟਰ’ ਦਾ ਬਹੁਤਾ ਅਸਰ ਨਹੀਂ ਪਿਆ। ਦੋਆਬੇ ਵਿੱਚ ਵੀ ਬਸਪਾ ਅਕਾਲੀ ਦਲ ਨੂੰ ਮਜ਼ਬੂਤ ​​ਕਰਨ ਵਿੱਚ ਅਸਫਲ ਰਹੀ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਵੱਡੇ-ਵੱਡੇ ਦਾਅਵਿਆਂ ਅਤੇ ਜ਼ੋਰਦਾਰ ਪ੍ਰਚਾਰ ਦੇ ਬਾਵਜੂਦ ਭਾਜਪਾ ਅਜੇ ਤੱਕ ਪੰਜਾਬ ਵਿੱਚ ਆਪਣੇ ਆਪ ਨੂੰ ਇੱਕ ਵਿਹਾਰਕ ਰਾਜਨੀਤਿਕ ਧਿਰ ਵਜੋਂ ਸਥਾਪਤ ਨਹੀਂ ਕਰ ਸਕੀ ਹੈ। ਘੱਟੋ-ਘੱਟ ਚੋਣ ਸਰਵੇਖਣਾਂ ਤੋਂ  ਇਹੋ ਲੱਗ ਰਿਹਾ ਹੇੈ।

ਏਬੀਪੀ ਨਿਊਜ਼-ਸੀ-ਵੋਟਰ ਨੇ ‘ਆਪ’ ਨੂੰ 51-61 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਲੀਡ ‘ਤੇ ਰੱਖਿਆ, ਉਸ ਤੋਂ ਬਾਅਦ ਕਾਂਗਰਸ 22-28 ਸੀਟਾਂ ਅਤੇ ਫਿਰ ਅਕਾਲੀ ਦਲ-ਬਸਪਾ 20-26 ਸੀਟਾਂ ਅਤੇ ਹੋਰਾਂ ਨੂੰ 8-14 ਸੀਟਾਂ ਦਿੱਤੀਆਂ ਹਨ। ਨਿਊਜ਼9 ਮਰਾਠੀ ਨੇ ਵੀ ਅਜਿਹਾ ਹੀ ਅਨੁਮਾਨ ਦਿੱਤਾ ਹੈ। ਕੁਝ ਕੁ ਚੋਣ  ਸਰਵੇਖਣਾਂ  ਤੋੰ ਤ੍ਰਿਸ਼ੰਕੂ  ਵਿਧਾਨ ਸਭਾ ਆਉਣ ਦਾ ਸੰਕੇਤ ਮਿਲਦਾ ਹੈ ਅਤੇ ਇਹ ਸਥਿਤੀ ਅਜੇ ਖਤਮ ਨਹੀਂ ਹੋਈ ਹੈ। ਦੋ ਸਰਵੇਖਣਾਂ ‘ਚ ਤਿੰਨ ਵਿਰੋਧੀ ਪਾਰਟੀਆਂ ਨੂੰ ਬਰਾਬਰ ਸੀਟਾਂ ਦਿੱਤੀਆਂ ਗਈਆਂ ਹਨ। ਜ਼ੀ ਐਗਜ਼ਿਟ ਪੋਲ ਨੇ ‘ਆਪ’ ਨੂੰ 36 ਤੋਂ 39, ਕਾਂਗਰਸ ਨੂੰ 35 ਤੋਂ 38, ਅਕਾਲੀ ਦਲ-ਬਸਪਾ ਨੂੰ 32 ਤੋਂ 35 ਅਤੇ ਭਾਜਪਾ ਨੂੰ 4 ਤੋਂ 7 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਦੈਨਿਕ ਭਾਸਕਰ ਦੇ ਚੋਣ ਸਰਵੇਖਣ ਵਿੱਚ ਵੀ ਕੁਝ ਇਸੇ ਤਰ੍ਹਾਂ ਦਾ ਅੰਦਾਜ਼ਾ ਲਾਇਆ ਗਿਆ ਹੈ – ਇਸ ਵਿੱਚ ਆਮ ਆਦਮੀ ਪਾਰਟੀ  ਨੂੰ 38-44, ਅਕਾਲੀ ਦਲ-ਬਸਪਾ ਨੂੰ 30-39, ਕਾਂਗਰਸ ਨੂੰ 26-32, ਭਾਜਪਾ ਨੂੰ 7-10 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ।

ਹਾਲਾਂਕਿ, ਗਰਾਊਂਡ ਜ਼ੀਰੋ ਐਗਜ਼ਿਟ ਪੋਲ ਨੇ ਕਾਂਗਰਸ ਨੂੰ ਥੋੜ੍ਹੀ ਜਿਹੀ ਲੀਡ ਨਾਲ  49-59 ਸੀਟਾਂ ਦੇ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਦੱਸਿਆ ਹੈ, ਆਮ ਆਦਮੀ ਪਾਰਟੀ ਨੂੰ 27-37 ਸੀਟਾਂ, ਅਕਾਲੀ ਦਲ-ਬਸਪਾ ਨੂੰ 20-30 ਸੀਟਾਂ ਅਤੇ ਭਾਜਪਾ ਨੂੰ 2-6 ਸੀਟਾਂ ਦਿੱਤੀਆਂ ਹਨ। ਵੱਖੋ-ਵੱਖ ਚੋਣ ਅੰਕੜਿਆਂ ਅਤੇ  ਭਵਿੱਖਬਾਣੀਆਂ ਨੇ ਇੱਕ ਵਾਰ ਫਿਰ ਚੋਣ ਸਰਵੇਖਣ ਦੀ ਕਲਾ ਅਤੇ ਵਿਗਿਆਨ ‘ਤੇ ਖ਼ਦਸ਼ੇ ਪੈਦਾ ਕਰ ਦਿੱਤੇ ਹਨ। ਇੱਕ ਚੋਣ ਸਰਵੇਖਣ   ਵਿੱਚ ਆਮ ਆਦਮੀ ਪਾਰਟੀ ਨੂੰ  ਦਿੱਤੀਆਂ ਜਾ ਰਹੀਆਂ 56 ਤੋਂ 91 ਸੀਟਾਂ ਨੁੰ ਅੰਕੜਿਆਂ ਦੇ  ਵੱਡੇ ਅੰਤਰ ਵਾਲੀ ਭਵਿੱਖਬਾਣੀ ਵਜੋਂ ਵੇਖਿਆ ਜਾ ਸਕਦਾ ਹੈ!

ਬਹੁਤੇ ਸਿਆਸੀ ਵਿਸ਼ਲੇਸ਼ਕ ਇਸ ਗੱਲ ਨਾਲ ਸਹਿਮਤ ਹਨ ਕਿ ਪੰਜਾਬ ਵਿੱਚ ਬਦਲ ਦੀ ਇੱਛਾ ਪ੍ਰਤੱਖ ਹੈ। ਹਾਲਾਂਕਿ, ਚੋਣ ਭਵਿੱਖਬਾਣੀਆਂ ਨੂੰ ਲੈ ਕੇ ਉਨ੍ਹਾਂ ਨੂੰ ਉਲਝਣ ਹੇੈ। ਡਾ: ਪ੍ਰਮੋਦ ਕੁਮਾਰ, ਡਾਇਰੈਕਟਰ ਇੰਸਟੀਚਿਊਟ ਫਾਰ ਡਿਵੈਲਪਮੈਂਟ (ਆਈਡੀਸੀ) ਅਤੇ ਇੱਕ ਸਿਆਸੀ ਵਿਸ਼ਲੇਸ਼ਕ ਹਨ ਤੇ  ਓਹ  ਮਹਿਸੂਸ ਕਰਦੇ ਹਨ ਕਿ ਚੋਣ ਸਰਵੇਖਣ ਇੱਕ ਦੂਜੇ ਨੂੰ ਕੱਟਦੇ  ਨਜ਼ਰ ਆਉਂਦੇ ਹਨ ਕਿਉਂਕਿ ਵਖਾਏ ਅੰਕੜਿਆਂ ਚ ਕਾਫੀ ਫਰਕ ਨਜ਼ਰ ਆਉਂਦਾ ਹੈ। ਜਿੱਥੇ ਇਕ ਪਾਸੇ, ਇੱਕ ਸਰਵੇਖਣ  ਆਮ ਆਦਮੀ ਪਾਰਟੀ ਨੂੰ 36-44 ਸੀਟਾਂ ਦੇ ਰਿਹਾ ਹੇੈ ਉਥੇ ਹੀ ਇੱਕ ਹੋਰ ‘ਆਪ’ ਨੂੰ 100 ਤੋਂ ਵੱਧ ਸੀਟਾਂ ਦੇ ਰਿਹਾ ਹੈ। ਉੱਧਰ 7 ਚੋਣ  ਸਰਵੇਖਣਾਂ ‘ਚ ਸੀਟਾਂ ਦੇ 58 ਤੋਂ 100 ਤੱਕ ਦੇ ਫਰਕ ‘ਤੇ, ਸਾਬਕਾ ਆਈਐਫਐਸ ਅਧਿਕਾਰੀ, ਕੇ ਸੀ ਸਿੰਘ, ਜਿਨ੍ਹਾਂ ਨੇ ਇੱਕ ਸਿਆਸੀ ਸੰਗਠਨ ਸਾਂਝਾ ਸੁਨੇਹਰਾ ਮੰਚ ਦਾ ਗਠਨ ਕੀਤਾ ਸੀ, ਉਨ੍ਹਾਂ ਨੇ ਇੱਕ ਟਵਿੱਟਰ ਪੋਸਟ ਚ ਲਿਖਿਆ, “ਕੀ ਇਹ ਵਿਗਿਆਨ ਹੈ ਜਾਂ ਕ੍ਰਿਕਟ?”

ਕਾਂਗਰਸ ਅਤੇ ਅਕਾਲੀ ਦਲ-ਬਸਪਾ ਗਠਜੋੜ ਨੂੰ ਇਸ ਤੱਥ ਤੋਂ ਕੁਝ ਤਸੱਲੀ ਮਿਲ ਸਕਦੀ ਹੈ ਕਿ 2012 ਅਤੇ 2017 ਦੀਆਂ ਪਿਛਲੀਆਂ ਦੋ ਚੋਣਾਂ ਦੇ ਬਾਅਦ ਆਏ ਚੋਣ ਸਰਵੇਖਣ ਕੋਈ ਬਹੁਤੇ ਤਸੱਲੀਬਖਸ਼ ਨਹੀਂ ਸਨ।  ਹਾਲਾਂਕਿ, ਇਨ੍ਹਾਂ ਦੋਹਾਂ ਪਾਰਟੀਆਂ ਦੇ ਲੀਡਰ ਵੀ ਨਿਜੀ ਗੱਲਬਾਤ ਵਿੱਚ ਲੋਕਾਂ ਵਲੋੰ ‘ਤਬਦੀਲੀ ਜਾਂ ਬਦਲ’ ਲੈ ਕੇ ਆਉਣ  ਦੀ ਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਗਿਆ।

ਇਸੇ ਗੱਲ ਨੁੂੰ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਤੋਂ ਪੰਜਾਬ ਲਾਏ ਉਨ੍ਹਾਂ ਦੇ ਨੁਮਾਇੰਦੇ  ਰਾਘਵ ਚੱਢਾ ਵੱਲੋਂ ਵਾਰ ਵਾਰ ਕਹਿ ਗਈ। ਜੇਕਰ ਚੋਣ ਸਰਵੇਖਣਾਂ ‘ਤੇ ਵਿਸ਼ਵਾਸ ਕੀਤਾ ਜਾਵੇ, ਤਾਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਵੋਟਰ ਰਵਾਇਤੀ ਪਾਰਟੀਆਂ ਵੱਲੋਂ ਕੀਤੇ  ਭ੍ਰਿਸ਼ਟਾਚਾਰ ਅਤੇ ਮਾੜੇ ਰਾਜ ਤੋਂ ਏਨੇ ਕੁ ਤੰਗ ਆ ਚੁੱਕੇ ਹਨ ਕਿ ਉਨ੍ਹਾਂ ਨੇ ਚੋਣਾਂ ਦੌਰਾਨ ‘ਆਪ’ ‘ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰਨ ਦਾ ਫੈਸਲਾ ਕੀਤਾ, ਜਿਸ ਵਿੱਚ ਦਲ-ਬਦਲੂਆਂ ਨੂੰ ਟਿਕਟਾਂ ਦੇਣਾ ਵੀ ਸ਼ਾਮਲ ਹੈ। ਇਸਦੇ ਨਾਲ ਹੀ ਵਿਰੋਧੀ ਧਿਰਾਂ ਵਿੱਚੋਂ ਬਾਗ਼ੀ ਹੋ ਕੇ ਆਏ ਆਗੂਆਂ ਨੂੰ ਟਿਕਟਾਂ ਦੇਣ ਅਤੇ “ਟਿਕਟਾਂ ਲਈ ਪੈਸੇ” ਲਏ ਜਾਣ ਦੀਆਂ ਗੱਲਾਂ ਵੀ ਸੁਣਾਈ ਦਿੱਤੀਆਂ । ਇਸ ਸਭ ਦੇ ਵਿਚਕਾਰ  ‘ਆਪ’ ਦੀ ਜਿੱਤ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗੀ।

2017 ਤੋਂ ਬਾਅਦ, ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚੋਂ ਕਈ ਸੀਨੀਅਰ ਆਗੂ ਵੱਖ ਹੋ ਗਏ ਸਨ  ਜਿਸ ਦੀ ਵਜ੍ਹਾ ਨਾਲ ਪਾਰਟੀ ਵਿੱਚ ਵੱਡੇ ਪੱਧਰ ਤੇ ਉਲਟਫੇਰ ਹੋ ਗਿਆ ਸੀ। ਇੱਥੋਂ ਤੱਕ ਕਿ ਪਾਰਟੀ  ਮਿਉਂਸਪਲ ਅਤੇ ਪੰਚਾਇਤੀ ਚੋਣਾਂ ਵਿੱਚ ਸਫਲਤਾ ਹਾਸਲ ਨਹੀਂ ਕਰ ਸਕੀ ਸੀ ਅਤੇ ਸੰਗਰੂਰ ਲੋਕ ਸਭਾ ਸੀਟ ਨੂੰ ਛੱਡ ਕੇ, ਇਸਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮਾੜਾ ਪ੍ਰਦਰਸ਼ਨ ਕੀਤਾ। ਚੋਣਾਂ ਤੋਂ ਛੇ ਮਹੀਨੇ ਪਹਿਲਾਂ ਤੱਕ, ਪਾਰਟੀ ਬਹੁਤੀਆਂ ਥਾਵਾਂ ‘ਤੇ ਜ਼ਮੀਨੀ ਪੱਧਰ ‘ਤੇ ਬਿਨਾਂ ਕਿਸੇ ਢਾਂਚੇ ਦੇ ਸੀ ਅਤੇ ਇਸਨੂੰ ਕਾਇਮ ਰੱਖਣ ਲਈ ਸੰਘਰਸ਼ ਕਰ ਰਹੀ ਸੀ।

ਪਰ ਇਸ ਵਾਰ ਪਿਛਲੇ ਕੁਝ ਹਫ਼ਤੇ ‘ਗੇਮ ਚੇਂਜਰ’ ਸਾਬਤ ਹੋਏ ਕਿਉਂਕਿ “ਬ੍ਰਾਂਡ-ਕੇਜਰੀਵਾਲ” ਨੂੰ ਹੁਲਾਰਾ ਮਿਲਣਾ ਸ਼ੁਰੂ ਹੋ ਗਿਆ, ਖਾਸ ਤੌਰ ‘ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ-ਚਿਹਰਾ ਐਲਾਨੇ ਜਾਣ ਤੋਂ ਬਾਅਦ, ਜਦੋਂ ਕਿ ਕਾਂਗਰਸ ਵਿੱਚ ਲਗਾਤਾਰ ਟੁੱਟ ਭੱਜ ਚਲਦੀ ਰਹੀ। ਜਿਵੇਂ-ਜਿਵੇਂ ਵੋਟਾਂ ਦੀ ਗਿਣਤੀ ਦਾ ਦਿਨ ਨੇੜੇ ਆ ਰਿਹਾ ਹੈ, ਇੱਕ ਗੱਲ ਸਾਫ਼ ਹੋ ਰਹੀ ਹੈ। ਚੋਣ ਸਰਵੇਖਣਾਂ   ਵਿੱਚ ਭਵਿੱਖਬਾਣੀਆਂ ਨੂੰ ਲੈ ਕੇ ਵੇਖੇ ਜਾ ਰਹੇ ਅੰਕੜਿਆਂ ਦੇ ਫ਼ਰਕ ਨੂੰ ਦੇਖਦੇ ਹੋਏ, ਘੱਟੋ-ਘੱਟ ਕੁਝ ਸਰਵੇਖਣਾਂ ਨੂੰ ਮੂਧੇ ਮੂੰਹ ਡਿੱਗਣਾ ਪੈ ਸਕਦਾ ਹੈ ਅਤੇ ਅਸਲ ਚੋਣ ਨਤੀਜੇ ਆਉਣ ਤੋਂ ਬਾਅਦ ਪੜਚੋਲ ਕਰਨ ਲਈ ਬਹੁਤ ਕੁਝ ਹੋਵੇਗਾ।

Share this Article
Leave a comment