ਕਾਂਗਰਸੀ ਵਰਕਰਾਂ ਨੇ ਘੇਰੀ ਭਗਵੰਤ ਮਾਨ ਦੀ ਗੱਡੀ, ਮਾਨ ਨੂੰ ਗੱਡੀ ‘ਤੇ ਚੜ੍ਹ ਕੇ ਕਰਨੀ ਪਈ ਅਨਾਉਂਸਮੈਂਟ, ਲੜਾਈ ਵਰਗਾ ਹੋਇਆ ਮਾਹੌਲ

ਨਾਗਰਾ : ਲੋਕ ਸਭਾ ਚੋਣਾਂ ਨੂੰ ਲੈ ਕੇ ਲਗਭਗ ਸਾਰੇ ਹੀ ਉਮੀਦਵਾਰਾਂ ਦਾ ਜੋਸ਼ ਪੂਰੇ ਸਿਖਰਾਂ ‘ਤੇ ਹੈ ਤੇ ਇਸੇ ਦੌਰਾਨ ਉਨ੍ਹਾਂ ਨੂੰ ਚੋਣ ਜਲਸਿਆਂ ‘ਚ ਆਮ ਲੋਕਾਂ ਦੇ ਵਿਰੋਧ  ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ । ਇਸੇ ਮਾਹੌਲ ‘ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ  ਵੀ ਲੋਕਾਂ ਦੇ ਵਿਰੋਧ ਤੋਂ ਬਚ ਨਹੀਂ ਸਕੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀਂ ਉਨ੍ਹਾਂ ਨੂੰ ਹਲਕੇ ਦੇ ਪਿੰਡ ਨਾਗਰਾ ‘ਚ ਕੁਝ ਨੌਜਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਭਗਵੰਤ ਮਾਨ ਦੇ ਨਾਲ ਹਲਕਾ ਸੁਨਾਮ ਦੇ ਵਿਧਾਇਕ ਅਤੇ ‘ਆਪ’ ਦੀ ਚੋਣ ਪ੍ਰਚਾਰ ਕਮੇਟੀ ਦੇ ਚੈਅਰਮੈਨ ਅਮਨ ਅਰੋੜਾ ਵੀ ਉਨ੍ਹਾਂ ਨਾਲ ਮੌਜੂਦ ਹਨ। ਇਸ ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਪਤਾ ਲਗਦਾ ਹੈ ਕਿ ਪਹਿਲਾਂ ਤਾਂ ਮਾਨ ਨੌਜਵਾਨ ਵੱਲੋਂ ਪੁਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਹਨ ਅਤੇ ਜਦੋਂ ਉਹ ਨੌਜਵਾਨ ਮੁੜ ਉਨ੍ਹਾਂ ਤੋਂ ਕੁਝ ਸਵਾਲ ਪੁੱਛਣ ਲੱਗ ਜਾਂਦਾ ਹੈ, ਤਾਂ ਇਸ ਦੌਰਾਨ ਉਥੇ ਵੱਡੀ ਗਿਣਤੀ ‘ਚ ਮੌਜੂਦ ਭਗਵੰਤ ਮਾਨ ਦੇ ਸਰਮਰਥਕਾਂ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੌਜਵਾਨ ਦਾ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਅਤੇ ਮਾਹੌਲ ਲੜਾਈ ਵਰਗਾ ਬਣ ਗਿਆ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਨੌਜਵਾਨ ਭਗਵੰਤ ਮਾਨ ਹੁਰਾਂ ‘ਤੇ ਝੂਠ ਬੋਲ ਕੇ ਵੋਟਾਂ ਹਾਸਲ ਕਰਨ ਦਾ ਇਲਜ਼ਾਮ ਲਾ ਰਿਹਾ ਹੈ।

ਇਸੇ ਤਰ੍ਹਾਂ ਦੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਲੋਕ ਭਗਵੰਤ ਮਾਨ ਦੀ ਚੋਣ ਪ੍ਰਚਾਰ ਵਾਲੀ ਗੱਡੀ ਨੂੰ ਘੇਰੀ ਖੜ੍ਹੇ ਨਜ਼ਰ ਆ ਰਹੇ ਹਨ , ਅਤੇ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ, “ਓ ਜਵਾਬ ਤਾਂ ਦੇ ਜਾ” ਅਤੇ ਇਸ ਤੋਂ ਬਾਅਦ ਨਾਅਰੇਬਾਜੀ ਸ਼ੁਰੂ ਕਰ ਦਿੰਦੇ ਹਨ। ਇਸ ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਇਸ ਤੋਂ ਬਾਅਦ ਭਗਵੰਤ ਮਾਨ ਉਨ੍ਹਾਂ ਨੂੰ ਮਜ਼ਾਕੀਆਂ ਲਹਿਜੇ ‘ਚ ਕਾਂਗਰਸੀ ਕਹਿ ਕੇ ਰਾਹ ‘ਚੋਂ ਪਾਸੇ ਹੱਟ ਜਾਣ ਲਈ ਕਹਿੰਦੇ ਹਨ।

ਕੁੱਲ ਮਿਲਾ ਕੇ ਪਿੰਡਾਂ ‘ਚ ਉਮੀਦਵਾਰਾਂ ਦੇ ਹੋ ਰਹੇ ਵਿਰੋਧ ਨੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨੂੰ ਰੁਮਾਂਚਿਕ ਬਣਾ ਦਿੱਤਾ ਹੈ।  ਹਰ ਦਿਨ ਕਿਸੇ ਨਾ ਕਿਸੇ ਉਮੀਦਵਾਰ ਦੇ ਹੋ ਰਹੇ ਵਿਰੋਧ ਨੇ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਵਿਰੋਧ ਕਰ ਰਹੇ ਇਹ ਲੋਕ ਕੀ ਵਾਕਿਆ ਹੀ ਆਮ ਲੋਕ ਜਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਸਮਰਥਕ ਹਨ?

ਦੱਸ ਦਈਏ ਕਿ ਭਗਵੰਤ ਮਾਨ ਜਗ੍ਹਾ ਜਗ੍ਹਾ ਅਕਸਰ ਇਹ ਕਹਿੰਦੇ ਆਮ ਦਿਖਾਈ ਦਿੰਦੇ ਹਨ ਕਿ ਲੋਕਾਂ ਨੂੰ ਸਵਾਲ ਕਰਨ ਦੀ ਆਦਤ ਉਨ੍ਹਾਂ ਨੇ ਪਾਈ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਥੋੜੇ ਲੋਕਾਂ ਤੋਂ ਸ਼ੁਰੂ ਹੋਈ ਆਦਤ ਹੁਣ ਜਦੋਂ ਉਨ੍ਹਾਂ ਦੇ ਵਿਰੋਧੀਆਂ ਤੱਕ ਪਹੁੰਚ ਗਈ ਹੈ, ਤੇ ਵਿਰੋਧੀ ਵੀ ਉਨ੍ਹਾਂ ਤੋਂ ਸਵਾਲ ਕਰਨ ਲੱਗ ਪਏ ਹਨ ਤਾਂ ਕੀ ਲੋਕਾਂ ਨੂੰ ਪਈ ਇਹ ਆਦਤ ਮਾਨ ਨੂੰ ਹਜ਼ਮ ਆਏਗੀ? ਕਿਉਂਕਿ ਨਵੀਂ ਸਾਹਮਣੇ ਆਈ ਇੱਕ ਵੀਡੀਓ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਮਾਨ ਸਵਾਲ ਕਰਨ ਵਾਲਿਆਂ ਨੂੰ ਕਾਂਗਰਸੀ ਕਹਿ ਕੇ ਸੰਬੋਧਨ ਕਰਦੇ ਹਨ, ਤੇ ਬਾਅਦ ਵਿੱਚ ਆਪ ਉੱਥੋਂ ਖਿਸਕ ਜਾਂਦੇ ਹਨ। ਯਾਨੀਕਿ ਕੁੱਲ ਮਿਲਾ ਕਿ ਗੱਲ ਉੱਥੇ ਹੀ ਆ ਗਈ ਕਿ ਤੁਸੀਂ ਮਾਰੋਂ ਤਾਂ ਪੋਲੋ, ਅਸੀਂ ਮਾਰੀਏ ਤਾਂ ਠੋਲ੍ਹੇ?

 

Check Also

4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੀ ਯਾਦ ’ਚ ਹੋਵੇਗਾ ਸਮਾਗਮ: ਧਾਮੀ

ਅੰਮ੍ਰਿਤਸਰ: ਪੰਜਾਬੀ ਸੂਬਾ ਮੋਰਚਾ ਦੌਰਾਨ 4 ਜੁਲਾਈ 1955 ਨੂੰ ਤਤਕਾਲੀ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ …

Leave a Reply

Your email address will not be published.