Breaking News

ਕਸ਼ਮੀਰ ਮਸਲੇ ‘ਤੇ ਇਮਰਾਨ ਖਾਨ ‘ਤੇ ਨਿਕੱਮੇ ਪ੍ਰਧਾਨ ਮੰਤਰੀ ਦਾ ਟੈਗ ਲੱਗ ਕੇ ਜਾ ਸਕਦੀ ਹੈ ਕੁਰਸੀ!

ਕੁਲਵੰਤ ਸਿੰਘ

ਇਸਲਾਮਾਬਾਦ :  ਹਿੰਦੁਸਤਾਨ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਤੋਂ ਭਾਰਤ ਅੰਗਰੇਜ਼ਾਂ ਦੀ ਗੁਲਾਮੀਂ ਤੋਂ ਅਜ਼ਾਦ ਹੋਇਆ ਹੈ ਉਦੋਂ ਤੋਂ ਇਸ ਦੇਸ਼ ਦੀ ਜੇਕਰ ਕਿਸੇ ਹੋਰ ਦੇਸ਼ ਨਾਲ ਸਭ ਤੋਂ ਵੱਧ ਦੁਸ਼ਮਣੀ ਰਹੀ ਹੈ ਤਾਂ ਉਹ ਹੈ ਪਾਕਿਸਤਾਨ, ਤੇ ਇਸ ਦੁਸ਼ਮਣੀ ਦੀ ਇੱਕੋ ਇੱਕ ਵਜ੍ਹਾ ਰਹੀ ਹੈ ਕਸ਼ਮੀਰ। ਜਿਸ ਨੂੰ ਕਿ ਪਾਕਿਸਤਾਨ, ਹਿੰਦੁਸਤਾਨ ਨਾਲੋਂ ਵੱਖ ਹੋਣ ਤੋਂ ਬਾਅਦ ਸ਼ੁਰੂ ਤੋਂ ਹੀ  ਕਬਜ਼ੇ ਵਿੱਚ ਲੈਣ ਦੀਆਂ ਕੋਸ਼ਿਸ਼ਾਂ ਲਗਾਤਾਰ ਕਰਦਾ ਆ ਰਿਹਾ ਹੈ। ਇਨ੍ਹਾਂ ਕੋਸ਼ਿਸ਼ਾਂ ਤਹਿਤ ਹੁਣ ਤੱਕ ਹਿੰਦੁਸਤਾਨ ਪਾਕਿਸਤਾਨ ਦੀਆਂ ਕੁੱਲ 4 ਜੰਗਾਂ ਹੋ ਵੀ ਚੁਕੀਆਂ ਹਨ। ਜਿੰਨਾਂ ਵਿੱਚ ਸਾਡਾ ਇਹ ਗੁਆਂਢੀ ਮੁਲਕ ਜਿੱਤ ਤਾਂ ਹਾਸਲ ਨਹੀਂ ਕਰ ਸਕਿਆ, ਪਰ ਇਸ ਨੇ ਕਸ਼ਮੀਰ ਹਥਿਆਉਣ ਦੀ ਆਪਣੀ ਨੀਤੀ ਉਸੇ ਤਰ੍ਹਾਂ ਬਰਕਰਾਰ ਰੱਖੀ। ਇਸ ਦੌਰਾਨ ਸਮੇਂ ਸਮੇਂ ‘ਤੇ ਪਾਕਿਸਤਾਨ ਅੰਦਰ ਸਰਕਾਰਾਂ ਬਦਲਦੀਆਂ ਰਹੀਆਂ ਤੇ ਹਰ ਵਾਰ ਇਨ੍ਹਾਂ ਸਰਕਾਰਾਂ ਦੀ ਇੱਕੋ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਨੀਤੀ ਰਹੀ, ਤੇ ਉਹ ਸੀ ਕਸ਼ਮੀਰ ਨੂੰ ਭਾਰਤ ਕੋਲੋਂ ਕਿਵੇਂ ਖੋਹਣਾ ਹੈ। ਇਸ ਤੋਂ ਇਲਾਵਾ ਜੇਕਰ ਪਾਕਿਸਤਾਨ ਦੇ ਅੰਦਰੂਨੀ ਹਾਲਾਤਾਂ ਦੀ ਗੱਲ ਕਰੀਏ ਤਾਂ ਉੱਥੋਂ ਦੀ ਫੌਜ ਸਮੇਂ ਸਮੇਂ ‘ਤੇ ਲੋਕਤੰਤਰ ਦਾ ਗਲਾ ਘੁੱਟ ਕੇ ਸੱਤਾ ਨੂੰ ਆਪਣੇ ਕਬਜੇ ‘ਚ ਲੈਂਦੀ ਆਈ ਹੈ। ਫਿਰ ਚਾਹੇ ਉਹ 1958 ‘ਚ ਤਖਤਾ ਪਲਟ ਕਰਨ ਵਾਲੇ ਜਨਰਲ ਇਸਕੰਦਰ ਮਿਰਜਾ ਹੋਣ ਜਾਂ ਫਿਰ ਸਭ ਤੋਂ ਅਖੀਰਲੇ ਫੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ। ਇਸ ਦੌਰਾਨ ਜਿੰਨੇ ਵੀ ਫੌਜੀ ਤਾਨਾਸ਼ਾਹ ਆਏ ਉਨ੍ਹਾਂ ਸਾਰਿਆਂ ਨੇ ਹੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਲੋਕਤੰਤਰਿਕ ਢੰਗ ਨਾਲ ਚੁਣੀਆਂ ਗਈਆਂ ਸਰਕਾਰਾਂ ਦੇ ਅਧੀਨ ਪਾਕਿਸਤਾਨ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਕੁੱਲ ਮਿਲਾ ਕੇ ਪਾਕਿਸਤਾਨ ਅੰਦਰ ਭਾਵੇਂ ਉਹ ਲੋਕਤੰਤਰਿਕ ਢੰਗ ਨਾਲ ਚੁਣੀ ਗਈ ਸਰਕਾਰ ਹੋਵੇ ਜਾਂ ਮਿਲਟਰੀ ਤਾਨਸ਼ਾਹ ਇੰਨਾ ਸਾਰਿਆਂ ਦੇ ਹੀ ਮੁਖੀਆਂ ਨੇ ਭਾਰਤ ਦੇ ਹਰ ਉਸ ਯਤਨ ਦਾ ਜਵਾਬ ਧੋਖੇ ਅਤੇ ਮਕਾਰੀ ਨਾਲ ਦਿੱਤਾ ਜਿਸ ਕਾਰਨ ਹਰ ਵਾਰ ਦੋਵਾਂ ਦੇਸ਼ਾਂ ਅੰਦਰ ਸ਼ਾਂਤੀ ਦਾ ਮਾਹੌਲ ਨਹੀਂ ਬਣ ਪਾਇਆ। ਫਿਰ ਭਾਵੇਂ ਉਹ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਅਤੇ ਜਨਰਲ ਪ੍ਰਵੇਸ਼ ਮੁਸ਼ੱਰਫ ਦਰਮਿਆਨ ਕੀਤੀ ਗਈ ਗੱਲਬਾਤ ਤੋਂ ਬਾਅਦ ਹੋਇਆ ਕਾਰਗਿਲ ਹਮਲਾ ਹੋਵੇ ਜਾਂ ਪਠਾਨਕੋਟ ਹਵਾਈ ਅੱਡੇ ‘ਤੇ ਕੀਤਾ ਗਿਆ ਅੱਤਵਾਦੀ  ਹਮਲਾ। ਇਸ ਤੋਂ ਇਲਾਵਾ ਵੀ ਜਦ ਜਦ ਹਿੰਦੁਸਤਾਨ ਸਰਕਾਰ ਨੇ ਪਾਕਿਸਤਾਨ ਨਾਲ ਸ਼ਾਂਤੀ ਦੀ ਪਹਿਲ ਕੀਤੀ ਤੇ ਗੱਲਬਾਤ ਅੱਗੇ ਵਧਾਈ ਉਦੋਂ ਉਦੋਂ ਪਾਕਿਸਤਾਨ ਵਾਲੇ ਪਾਸਿਓਂ ਜਾਂ ਤਾਂ ਹਿੰਦੁਸਤਾਨ ‘ਤੇ ਸਿੱਧਾ ਹਮਲਾ ਕਰ ਦਿੱਤਾ ਗਿਆ ਤੇ ਜਾਂ ਫਿਰ ਲੁਕ ਛਿਪ ਕੇ  ਅੱਤਵਾਦੀ ਹਮਲਾ। ਇਨ੍ਹਾਂ ਸਾਰੀਆਂ ਘਟਨਾਂਵਾਂ ਨੇ ਭਾਰਤੀਆਂ ਦੇ ਮਨਾਂ ਵਿੱਚ ਇੱਕ ਗੱਲ ਬਿਠਾ ਦਿੱਤੀ ਕਿ ਪਾਕਿਸਤਾਨ ਨੂੰ ਚਲਾਉਣ ਵਾਲੇ ਲੋਕਾਂ  ਦੇ ਮਨਾਂ ਅੰਦਰ ਹਿੰਦੁਸਤਾਨ ਨਾਲ ਦੋਸਤੀ ਕਰਨ ਦੀ ਕੋਈ ਚਾਹਤ ਨਹੀਂ ਹੈ ਤੇ ਉਹ ਸਿਰਫ ਕਸ਼ਮੀਰ ਹਥਿਆਉਣਾ ਚਾਹੁੰਦੇ ਹਨ ਜਿਸ ਲਈ ਉਹ ਦੁਸ਼ਮਣੀ ਦੀ ਕਿਸੇ ਹੱਦ ਤੱਕ ਜਾ ਸਕਦੇ ਹਨ।    

ਅਜਿਹੇ ਵਿੱਚ ਇਸ ਦੋਸਤੀ ਨੂੰ ਅੱਗੇ ਵਧਾਉਣ ਅਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਕਾਇਮ ਕਰਨ ਲਈ ਇੱਕ ਰੌਸ਼ਨੀ ਦੀ ਕਿਰਨ ਉਸ ਵੇਲੇ ਨਜ਼ਰ ਆਈ ਜਦੋਂ ਪਿਛਲੇ ਸਾਲ ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਦੀ ਪਾਰਟੀ ਤਹਰੀਕ-ਏ-ਇਨਸਾਫ ਪਾਕਿਸਤਾਨ ‘ਚ ਚੋਣਾਂ ਜਿੱਤ ਕੇ ਸੱਤਾ ਵਿੱਚ ਆਈ। ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਹਿੰਦੁਸਤਾਨ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਹੁਣ ਤੱਕ ਪਾਕਿਸਤਾਨ ਅੰਦਰ ਜਿੰਨੀਆਂ ਵੀ ਸਰਕਾਰਾਂ ਆਈਆਂ ਸਨ ਉਹ ਉਨ੍ਹਾਂ ਤੋਂ ਬਿਲਕੁਲ ਉਲਟ ਇਮਾਨਦਾਰੀ ਨਾਲ ਦੋਵਾਂ ਮੁਲਕਾਂ ਵਿੱਚ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਕਾਇਮ ਕਰਨਾ ਚਾਹੁੰਦੇ ਹਨ। ਇਸੇ ਲਈ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਵੀ ਸੱਦਾ ਦਿੱਤਾ। ਜਿਸ ਨੂੰ ਭਾਰਤੀ ਪ੍ਰਧਾਨ ਮੰਤਰੀ ਨੇ ਨਕਾਰ ਦਿੱਤਾ ।

ਇਸ ਦੇ ਉਲਟ ਇਮਰਾਨ ਦੇ ਦੋਸਤ ਅਤੇ ਭਾਰਤ ਵਿੱਚ ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜਦੋਂ ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਤਾਂ ਪਾਕਿਸਤਾਨ ਦੇ ਜਨਰਲ ਕਮਰ ਜਾਵੇਦ ਬਾਜਵਾ ਨੇ ਸਿੱਧੂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦਾ ਸੁਨੇਹਾ ਦੇ ਕੇ ਇੱਕ ਵਾਰ ਫਿਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਵਾਰ ਉਹ ਹਰ ਤਰ੍ਹਾਂ ਨਾਲ ਭਾਰਤ ਨਾਲ ਦੋਸਤੀ ਅਤੇ ਸਾਂਤੀ ਵਾਲਾ ਮਾਹੌਲ ਕਾਇਮ ਕਰਨ ਦੇ ਮੌਕੇ ਪੈਦਾ ਕਰਦੇ ਰਹਿਣਗੇ। ਇਹ ਇੱਕ ਅਜਿਹਾ ਮਸਲਾ ਸੀ ਜਿਸ ਨਾਲ ਪੂਰੇ ਵਿਸ਼ਵ ਦੀ 12 ਕਰੋੜ ਗੁਰ ਨਾਨਕ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਸਨ ਲਿਹਾਜਾ ਥੋੜੇ ਬਹੁਤ ਰੌਲੇ ਤੋਂ ਬਾਅਦ ਭਾਰਤ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਅੱਗੇ ਝੁਕਣਾਂ ਹੀ ਪਿਆ ਤੇ  ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਲਈ ਦੋਵੇ ਦੇਸ਼ ਨਾ ਸਿਰਫ ਗੱਲਬਾਤ ਦੀ ਮੇਜ਼ ‘ਤੇ ਆ ਗਏ ਬਲਕਿ ਅੱਜ ਦੋਵਾਂ ਦੇਸ਼ਾਂ ਵਿੱਚੋਂ ਆਏ ਨਗਰ ਕੀਰਤਨਾਂ ਦਾ ਦੋਵੇਂ ਹੀ ਮੁਲਕਾਂ ਦੀ ਅਵਾਮ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰ ਰਹੀ ਹੈ।

ਇਸ ਦੌਰਾਨ ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀਆਂ ਵੱਲੋਂ ਸੀਆਰਪੀਐਫ ਦੀ ਗੱਡੀ ‘ਤੇ  ਇੱਕ ਆਤਮਘਾਤੀ ਹਮਲਾ ਕੀਤਾ ਗਿਆ, ਜਿਸ ਵਿੱਚ  44 ਭਾਰਤੀ ਜਵਾਨ ਸ਼ਹੀਦ ਹੋ ਗਏ। ਇਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਭਾਰਤ ਅੰਦਰਲੀ ਮੋਦੀ ਸਰਕਾਰ ਨੇ ਇਸ ਵਾਰ ਪਾਕਿਸਤਾਨ ਅੰਦਰਲੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਭਾਰਤੀ ਹਵਾਈ ਫੌਜ ਨੂੰ ਹੁਕਮ ਦਿੱਤਾ ਤੇ ਭਾਰਤ ਵੱਲੋਂ ਬਾਲਕੋਟ ਵਿਖੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਦੋਵਾਂ ਮੁਲਕਾਂ ਦਰਮਿਆਨ ਜੰਗ ਦੀ ਸ਼ੁਰੂਆਤ ਹੋ ਗਈ। ਇਸ ਦੌਰਾਨ ਪਾਕਿਸਤਾਨ ਵੱਲੋਂ ਬਾਲਕੋਟ ਹਮਲੇ ਦੇ ਜਵਾਬ ਵਿੱਚ ਭਾਰਤ ਵਾਲੇ ਪਾਸੇ ਕੀਤੇ ਗਏ ਹਮਲੇ ਨੂੰ ਨਾਕਾਮ ਕਰਦਿਆਂ ਭਾਰਤੀ ਹਵਾਈ ਫੌਜ ਦਾ ਇੱਕ ਪਾਇਲਟ ਜਹਾਜ ਕ੍ਰੈਸ਼ ਹੋਣ ਤੋਂ ਬਾਅਦ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ‘ਚ ਜਾ ਡਿੱਗਾ ਤੇ ਇਹ ਉਹ ਸਮਾਂ ਸੀ ਜਦੋਂ ਜੇਕਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਸਮਝਦਾਰੀ ਤੋਂ ਕੰਮ ਨਾ ਲੈਂਦੇ ਤਾਂ ਪ੍ਰਮਾਣੂ ਸ਼ਕਤੀ ਹਾਸਲ ਦੋਵੇਂ ਮੁਲਕ ਤਬਾਹ ਹੋ ਸਕਦੇ ਸਨ। ਇਮਰਾਨ ਖਾਨ ਵੱਲੋਂ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨ ਦੇ ਨਾਲ ਹੀ ਭਾਰਤ ਦਾ ਹਮਲਾਵਰ ਰੁੱਖ ਇਕਦਮ ਠੰਡਾ ਪੈ ਗਿਆ ਤੇ ਇਮਰਾਨ ਖਾਨ ਦੇ ਇਸ ਕਦਮ ਨੇ ਪਾਕਿਸਤਾਨ ਹੀ ਨਹੀਂ ਬਹੁਤ ਹੱਦ ਤੱਕ ਭਾਰਤੀ ਅਵਾਮ ਦਾ ਵੀ ਦਿਲ ਜਿੱਤਿਆ। ਇਹ ਉਹ ਮੌਕਾ ਸੀ ਜਦੋਂ ਇਹ ਲੱਗਣ ਲੱਗ ਪਿਆ ਕਿ ਹੁਣ ਹਿੰਦੁਸਤਾਨ ਅਤੇ ਪਾਕਿਸਤਾਨ ਆਪਸ ਵਿੱਚ ਦੋਸਤੀ ਦਾ ਹੱਥ ਵਧਾਉਣਗੇ ਤੇ 7 ਦਹਾਕਿਆਂ ਦੀ ਦੁਸ਼ਮਣੀ ਅਮਨ ਸ਼ਾਂਤੀ ਵਿੱਚ ਤਬਦੀਲ ਹੋ ਜਾਵੇਗੀ ਪਰ ਅਜਿਹਾ ਇਸ ਵਾਰ ਵੀ ਨਹੀਂ ਹੋਇਆ।

ਭਾਰਤ ਵਿੱਚ ਅਭਿਨੰਦਨ ਦੀ ਰਿਹਾਈ ਨੂੰ ਵੀ ਜਨੇਵਾ ਸਮਝੌਤੇ ਤਹਿਤ ਕੀਤੀ ਗਈ ਰਿਹਾਈ ਕਹਿ ਕੇ ਪ੍ਰਚਾਰਿਆ ਗਿਆ ਜਦਕਿ ਇਤਿਹਾਸ ਗਵਾਹ ਹੈ ਕਿ ਉਸ ਤੋਂ ਪਹਿਲਾਂ ਦਰਜਨਾਂ ਅਜਿਹੇ ਭਾਰਤੀ ਪਾਇਲਟ ਸਨ ਜਿਹੜੇ ਅਭਿਨੰਦਨ ਵਾਂਗ ਹੀ ਪਾਕਿਸਤਾਨ ਦੇ ਕਬਜੇ ਹੇਠ ਆਏ ਸਨ ਤੇ ਉਨ੍ਹਾਂ ਨੂੰ ਬਦ ਤੋਂ ਬਦਤਰ ਹਾਲਾਤ ਵਿੱਚ ਪਾਕਿਸਤਾਨ ਦੀਆਂ ਯਾਤਨਾਵਾਂ ਸਹਿਨ ਤੋਂ ਬਾਅਦ ਹਿੰਦੁਸਤਾਨ ਦੀ ਸਰ ਜ਼ਮੀਨ ਨਸੀਬ ਹੋਈ ਸੀ।

ਇਸ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਹਿੰਦੁਸਤਾਨ ਨੂੰ ਲਗਾਤਾਰ ਦੋਸਤੀ ਦੇ ਪੈਗਾਮ ਦੇਣੇ ਜਾਰੀ ਰੱਖੇ ਇੱਥੋਂ ਤੱਕ ਕਿ ਜਦੋਂ ਇਸ ਵਾਰ ਹਿੰਦੁਸਤਾਨ ਨੇ ਲਸ਼ਕਰ –ਏ- ਤਈਬਾ ਦੇ ਮੁਖੀ ਮਸੂਦ ਅਜ਼ਹਰ ਨੂੰ ਅੰਤਰ ਰਾਸ਼ਟਰੀ ਅੱਤਵਾਦੀ ਐਲਾਨੇ ਜਾਣ ਲਈ ਯੂਐਨਓ ਵਿੱਚ ਅਵਾਜ਼ ਚੁੱਕੀ ਤਾਂ ਉੱਥੇ ਵੀ ਪਾਕਿਸਤਾਨ ਨੇ ਕੋਈ ਬਹੁਤ ਵਿਰੋਧ ਨਹੀਂ ਕੀਤਾ ਤੇ ਇੱਥੋਂ ਤੱਕ ਕਿ ਉਸ ਚੀਨ ਨੂੰ ਵੀ ਮਸੂਦ ਅਜ਼ਹਰ ਦੀ ਮਦਦ ਕਰਨ ਤੋਂ ਮਨ੍ਹਾਂ ਕਰ ਦਿੱਤਾ ਜਿਹੜਾ ਚੀਨ ਪਹਿਲਾਂ ਹਰ ਵਾਰ ਮਸੂਦ ਅਜ਼ਹਰ ਨੂੰ ਅੰਤਰ ਰਾਸਟਰੀ ਅੱਤਵਾਦੀ ਐਲਾਨੇ ਜਾਣ ਵਿਰੁੱਧ ਵੀਟੋ ਕਰਦਾ ਆਇਆ ਸੀ।

ਇਹ ਸਾਰੀਆਂ ਉਹ ਘਟਨਾਵਾਂ ਸਨ ਜਿਸ ਵਿੱਚ ਇਮਰਾਂਨ ਖਾਨ ਦੇ ਰੂਪ ਵਿੱਚ ਪਾਕਿਸਤਾਨ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠੇ ਸਖਸ਼ ਨੇ ਜਿੱਥੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਵਾਰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਦੋਸਤੀ ਦੇ ਯਤਨ ਸੁਹਿਰਦ ਹਨ, ਉੱਥੇ ਦੂਜੇ ਪਾਸੇ ਪਾਕਿਸਤਾਨ ਅੰਦਰ ਇਮਰਾਨ ਖਾਨ ਦੇ ਵਿਰੋਧੀ ਇਹ ਕਹਿ ਕੇ ਪ੍ਰਚਾਰ ਕਰ ਰਹੇ ਹਨ ਕਿ ਇਮਰਾਨ ਹੁਣ ਤੱਕ ਦੇ ਸਭ ਤੋਂ ਨਿਕੰਮੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਵਾਰ ਵਾਰ ਭਾਰਤ ਅੱਗੇ ਗੋਡੇ ਟੇਕ ਕੇ ਮੁਲਕ ਨੂੰ ਸ਼ਰਮਸਾਰ ਕੀਤਾ ਹੈ।

ਇਸ ਦੇ ਉਲਟ ਇਨ੍ਹਾਂ ਦੋਵਾਂ ਮੁਲਕਾਂ ਦੀ  ਸਿਆਸਤ ਨੂੰ ਨੇੜਿਓਂ ਸਮਝਣ ਵਾਲੇ ਲੋਕ ਇਹ ਟਿੱਪਣੀ ਕਰਦੇ ਹਨ ਕਿ ਜਿਸ ਵੇਲੇ ਭਾਰਤ ਅੰਦਰਲੀਆਂ ਸਰਕਾਰਾਂ ਪਾਕਿਸਤਾਨ ਨਾਲ ਦੋਸਤੀ ਚਾਹੁੰਦੀਆਂ ਸਨ ਉਸ ਵੇਲੇ ਪਾਕਿਸਤਾਨ ਦੇ ਸਿਆਸਤਦਾਨ ਬੇਈਮਾਨੀਆਂ ਕਰਦੇ ਰਹੇ ਤੇ ਹੁਣ ਜਦੋਂ ਪਾਕਿਸਤਾਨ ਅੰਦਰਲੀ ਸਰਕਾਰ ਭਾਰਤ ਨਾਲ ਦੋਸਤੀ ਚਾਹੁੰਦੀ ਹੈ ਤਾਂ ਇਸ ਸਮੇਂ ਭਾਰਤ ਅੰਦਰ ਇੱਕ ਅਜਿਹੀ ਪਾਰਟੀ ਸੱਤਾ ਵਿੱਚ ਹੈ ਜਿਨ੍ਹਾਂ ਦਾ ਇੱਕ ਸੂਤਰੀ ਪ੍ਰੋਗਰਾਮ ਹੈ ਹਿੰਦੂਤਵ ਦਾ ਪ੍ਰਚਾਰ ਕਰਨਾ ਤੇ ਪੂਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਂਣਾ। ਅਜਿਹੇ ਵਿੱਚ ਇਹ ਦੋਸ਼ ਹੈ ਕਿ ਇਸ ਸਰਕਾਰ ਦੀ ਨੀਤੀ ਅੰਦਰ ਪਾਕਿਸਤਾਨ ਨਾਲ ਦੋਸਤੀ ਵਾਲਾ ਕੋਈ ਵਰਕਾ ਨਹੀਂ ਲਿਖਿਆ ਗਿਆ। ਸ਼ਾਇਦ ਇਹੋ ਕਾਰਨ ਹੈ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਵੱਲੋਂ ਭੇਜੇ ਦੋਸਤੀ ਦੇ ਪੈਗਾਮ ਨੂੰ ਇਹ ਕਹਿ ਕੇ ਨਕਾਰ ਦਿੱਤਾ ਹੈ ਕਿ ਦੋਸਤੀ ਤੇ ਅੱਤਵਾਦ ਦੋਵੇ ਇੱਕ ਸਾਰ ਨਹੀਂ ਚੱਲ ਸਕਦੇ।  ਇਸ ਦੌਰਾਨ ਭਾਰਤ ਵਿੱਚ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਵਿੱਚ ਆਪਣੀ ਸਰਕਾਰ ਬਣਾਈ ਤੇ ਸਰਕਾਰ ਬਣਾਉਂਦਿਆਂ ਹੀ ਜਿਸ ਤਰ੍ਹਾਂ ਤੇਜ਼ੀ ਨਾਲ ਪਹਿਲਾਂ ਤਿੰਨ ਤਲਾਕ ਕਾਨੂੰਨ ਪਾਸ ਕੀਤਾ ਤੇ ਫਿਰ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਭਾਰਤੀ ਸੰਵਿਧਾਨ ਦੀ ਧਾਰਾ 370 ਤੇ 35 ਏ ਨੂੰ ਖਤਮ ਕਰ ਦਿੱਤਾ ਹੈ, ਉਸ ਤੋਂ ਬਾਅਦ ਹੁਣ ਪਾਕਿਸਤਾਨ ਅੰਦਰ ਸਾਰਿਆਂ ਦੀਆਂ ਨਜ਼ਰਾਂ  ਇਮਰਾਨ ਖਾਨ ‘ਤੇ ਟਿਕੀਆਂ ਹੋਈਆਂ ਕਿ ਹੁਣ ਵੀ ਇਮਰਾਨ ਖਾਨ ਚੁੱਪ ਕਰਕੇ ਪੋਲਾ ਪੋਲਾ ਜਿਹਾ ਦੋਸਤੀ ਦਾ ਪੈਗਾਮ ਦੇਣ ਵਾਲੀਆਂ ਗੱਲਾਂ ਕਰਨਗੇ ਜਾਂ ਪਾਕਿਸਤਾਨ ਦੀ ਉਸ ਕਸ਼ਮੀਰ ਨੀਤੀ ਨੂੰ ਅੱਗੇ ਵਧਾਉਣਗੇ ਜਿਸ ਦਾ ਇੱਕ ਇੱਕ ਟੀਚਾ ਕਸ਼ਮੀਰ ਨੂੰ ਪਾਕਿਸਤਾਨ ਨਾਲ ਰਲਾਉਣਾ ਹੈ? ਤੇ ਜੇਕਰ ਇਸ ਵਾਰ ਵੀ ਇਮਰਾਨ ਖਾਨ ਨੇ ਪਾਕਿਸਤਾਨ ਅੰਦਰ ਬੈਠੇ ਕੱਟਰ ਪੰਥੀਆਂ ਦੇ ਰੁੱਖ ਨੂੰ ਭਾਂਪਦਿਆਂ ਪਹਿਲਾਂ ਵਾਲਾ ਰਵੱਈਆ ਹੀ ਜਾਰੀ ਰੱਖਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਆਂਢੀ ਮੁਲਕ ਵਿੱਚ ਇੱਕ ਵਾਰ ਫਿਰ ਸੱਤਾ ਪਲਟੀ ਹੋਵੇਗੀ ਤੇ ਇਸ ਵਾਰ ਇਸ ਸੱਤਾ ਪਲਟੀ ਦਾ ਸ਼ਿਕਾਰ ਹੋਣਗੇ ਇਮਰਾਨ ਖਾਨ। ਹੁਣ ਵੇਖਣਾ ਇਹ ਹੋਵੇਗਾ ਕਿ ਇਮਰਾਨ ਖਾਨ ਆਪਣੇ ਇਸ ਰੁੱਖ ਵਿੱਚ ਤਬਦੀਲੀ ਲਿਆਉਂਦੇ ਹਨ ਜਾਂ ਨਹੀਂ।

Check Also

ਖੇਡ ਮੰਤਰੀ ਨੇ ਖੋ ਖੋ ਖਿਡਾਰਨ ਗੁਰਵੀਰ ਕੌਰ ਨੂੰ ਏਸ਼ੀਅਨ ਚੈਂਪੀਅਨ ਬਣਨ ‘ਤੇ ਦਿੱਤੀ ਮੁਬਾਰਕਬਾਦ

ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਖੋ ਖੋ ਖਿਡਾਰਨ …

Leave a Reply

Your email address will not be published. Required fields are marked *