Sunday, August 25 2019
Home / ਸਿਆਸਤ / ਏਅਰਫੋਰਸ ਅਟੈਕ ਵੇਲੇ ਚਰਚਾ ‘ਚ ਆਏ ਐਸ ਪੀ ਸਲਵਿੰਦਰ ਸਿੰਘ ‘ਤੇ ਅਦਾਲਤ ਨੇ ਲਾਈ ਸਜ਼ਾ ਦੀ ਮੋਹਰ, ਹੋ ਸਕਦੀ ਹੈ ਉਮਰ ਕੈਦ

ਏਅਰਫੋਰਸ ਅਟੈਕ ਵੇਲੇ ਚਰਚਾ ‘ਚ ਆਏ ਐਸ ਪੀ ਸਲਵਿੰਦਰ ਸਿੰਘ ‘ਤੇ ਅਦਾਲਤ ਨੇ ਲਾਈ ਸਜ਼ਾ ਦੀ ਮੋਹਰ, ਹੋ ਸਕਦੀ ਹੈ ਉਮਰ ਕੈਦ

ਗੁਰਦਾਸਪੁਰ : ਜਿਸ ਵੇਲੇ ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਉਸ ਸਮੇਂ ਚਰਚਾ ‘ਚ ਆਇਆ ਪੰਜਾਬ ਪੁਲਿਸ ਦਾ ਐਸ ਪੀ ਸਲਵਿੰਦਰ ਸਿੰਘ ਭਾਵੇਂ ਉਸ ਵੇਲੇ ਜਾਂਚ ਤੋਂ ਬਾਅਦ ਬੇਦੋਸ਼ਾ ਸਾਬਤ ਹੋ ਗਿਆ ਸੀ, ਪਰ ਉਸ ਖਿਲਾਫ ਉਸ ਤੋਂ ਬਾਅਦ ਦਰਜ਼ ਕੀਤੇ ਗਏ ਬਲਾਤਕਾਰ ਦੇ ਮਾਮਲੇ ਵਿੱਚ ਅੱਜ ਉਸ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਪੰਜਾਬ ਪੁਲਿਸ ਦੇ ਇਸ ਦਾਗ਼ੀ ਐਸ ਪੀ ਨੂੰ ਅਦਾਲਤ ਆਉਂਦੀ 21 ਫਰਵਰੀ ਨੂੰ ਸਜ਼ਾ ਸੁਣਾਏਗੀ।

ਇੱਥੇ ਦੱਸ ਦਈਏ ਕਿ ਐਸ ਪੀ ਸਲਵਿੰਦਰ ਸਿੰਘ ਦੇ ਖਿਲਾਫ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਔਰਤ ਅਤੇ ਉਸ ਦੇ ਪਤੀ ਨੇ 3 ਅਗਸਤ 2016 ਨੂੰ ਰਿਸ਼ਵਤ ਲੈਣ ਅਤੇ ਬਲਾਤਕਾਰ ਕਰਨ ਦੇ ਦੋਸ਼ ਲਾਏ ਸਨ। ਸਲਵਿੰਦਰ ਸਿੰਘ ਦੇ ਖਿਲਾਫ ਪੀੜ੍ਹਤ ਔਰਤ ਦੇ ਪਤੀ ਨੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿੱਚ ਇਹ ਮਾਮਲਾ ਧਿਆਨ ਹੇਠ ਲਿਆਂਦਾ ਸੀ ਜਿਸ ਤੋਂ ਬਾਅਦ ਐਸ ਪੀ ਸਲਵਿੰਦਰ ਸਿੰਘ ਦੇ ਖਿਲਾਫ ਬਲਾਤਕਾਰ ਅਤੇ ਕਈ ਹੋਰ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਸੀ।ਐਸ ਪੀ ਸਲਵਿੰਦਰ ਸਿੰਘ ਖਿਲਾਫ ਦੋਸ਼ ਸੀ ਕਿ ਉਸ ਨੇ ਇੱਕ ਪਰਚਾ ਰੱਦ ਕਰਨ ਬਦਲੇ ਨਾ ਸਿਰਫ ਪੀੜ੍ਹਤ ਔਰਤ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਬਲਕਿ ਉਸ ਔਰਤ ਦਾ ਬਲਾਤਕਾਰ ਵੀ ਕੀਤਾ ਸੀ।

ਕੇਸ ਦਰਜ਼ ਕਰਨ ਤੋਂ ਬਾਅਦ ਪੁਲਿਸ ਨੇ ਐਸ ਪੀ ਸਲਵਿੰਦਰ ਸਿੰਘ ਦੇ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕਰਕੇ ਔਰਤ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਲਈ ਸਬੂਤ,ਗਵਾਹ ਅਤੇ ਦਸਤਾਵੇਜ ਪੇਸ਼ ਕੀਤੇ ਸਨ। ਇਨ੍ਹਾਂ ਸਾਰੇ ਤੱਥਾਂ ‘ਤੇ ਵਿਚਾਰ ਕਰਨ ਤੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਅੱਜ ਐਸਪੀ ਸਲਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਸਲਵਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਕਾਨੂੰਨੀ ਮਾਹਰਾਂ ਅਨੁਸਾਰ ਸਲਵਿੰਦਰ ਨੂੰ ਇਸ ਜੁਰਮ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।

 

 

Check Also

ਤੇਲ ਕੰਪਨੀਆਂ ਦੀ ਹਵਾਈ ਅੱਡਿਆਂ ਵਾਲਿਆਂ ਨਾਲ ਖੜਕੀ, ਯਾਤਰੀ ਪਰੇਸ਼ਾਨ, ਅਧਿਕਾਰੀਆਂ ਨੂੰ ਪਈਆਂ ਭਾਜੜਾਂ

ਨਵੀਂ ਦਿੱਲੀ : ਖ਼ਬਰ ਹੈ ਕਿ ਤੇਲ ਕੰਪਨੀਆਂ ਨੇ ਏਅਰ ਇੰਡੀਆ ਨੂੰ ਤੇਲ ਦੇਣ ਤੋਂ …

Leave a Reply

Your email address will not be published. Required fields are marked *