ਮੋਦੀ ਨੇ ਸੂਬਿਆਂ ਦੇ ਅਤੇ ਕੈਪਟਨ ਨੇ ਪੰਚਾਇਤਾਂ ਦੇ ਵਿੱਤੀ ਅਧਿਕਾਰਾਂ ‘ਤੇ ਮਾਰਿਆ ਡਾਕਾ: ਹਰਪਾਲ ਚੀਮਾ

TeamGlobalPunjab
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ਵੱਲੋਂ ਸੂਬੇ ਦੀਆਂ ਗ੍ਰਾਮ ਪੰਚਾਇਤਾਂ ਨੂੰ ਹੋਣ ਵਾਲੀ ਹਰ ਪ੍ਰਕਾਰ ਦੀ ਆਮਦਨੀ ‘ਚੋਂ 30 ਫ਼ੀਸਦੀ ਸਰਕਾਰੀ ਕਟੌਤੀ ਨੂੰ ਪੰਚਾਇਤਾਂ ਦੇ ਆਪਣੇ ਵਿੱਤੀ ਅਧਿਕਾਰਾਂ ‘ਤੇ ਡਾਕਾ ਕਰਾਰ ਦਿੱਤਾ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਪੰਚਾਇਤਾਂ ਨੂੰ ਪੰਚਾਇਤੀ ਜ਼ਮੀਨਾਂ, ਛੱਪੜਾਂ ਅਤੇ ਦਰਖਤਾਂ ਜਾਂ ਦੁਕਾਨਾਂ ਆਦਿ ਤੋਂ ਹੋਣ ਵਾਲੀ ਹਰ ਪ੍ਰਕਾਰ ਦੀ ਆਮਦਨੀ ‘ਚ ਕਟੌਤੀ ਦੀ ਦਰ 20 ਪ੍ਰਤੀਸ਼ਤ ਤੋਂ ਵਧਾ ਕੇ 30 ਪ੍ਰਤੀਸ਼ਤ ਕਰ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਇਹ ਫ਼ੈਸਲਾ ਤੁਰੰਤ ਵਾਪਸ ਲਵੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਦੌਰਾਨ ਕਾਂਗਰਸ ਦੀ ਸਰਕਾਰ ਵੱਲੋਂ ਪੰਚਾਇਤਾਂ ਦੇ ਵਿੱਤੀ ਅਧਿਕਾਰਾਂ ‘ਤੇ ਠੀਕ ਉਸੇ ਤਰਾਂ ਡਾਕਾ ਮਾਰਿਆ ਗਿਆ ਹੈ, ਜਿਵੇਂ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਸਮੇਤ ਹੋਰ ਸੂਬਿਆਂ ਦੇ ਅਧਿਕਾਰ ਅਤੇ ਵਿੱਤੀ ਸੋਮੇ ਲੁੱਟਣ ਲੱਗੀ ਹੋਈ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਂ ‘ਤੇ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਦਾ ਢੰਡੋਰਾ ਪਿੱਟਣ ਵਾਲੀ ਕਾਂਗਰਸ ਸਪਸ਼ਟ ਕਰੇ ਕਿ ਕੀ ਸਰਕਾਰ ਵੱਲੋਂ ਸੰਮਤੀਆਂ ਦੀ ਆੜ ‘ਚ ਪਿੰਡਾਂ ਦੀਆਂ ਪੰਚਾਇਤਾਂ ਦੀ ਆਮਦਨ ‘ਚ ਸਿੱਧਾ 30 ਪ੍ਰਤੀਸ਼ਤ ਕੱਟ ਪੰਚਾਇਤੀ ਰਾਜ ਪ੍ਰਣਾਲੀ ਨੂੰ ਸੱਚਮੁੱਚ ਮਜ਼ਬੂਤ ਕਰਨ ਵਾਲਾ ਹੈ?

- Advertisement -

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਚਾਇਤਾਂ ਦੀ ਆਮਦਨੀ ‘ਤੇ ਸਰਕਾਰੀ ਡਾਕੇ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਵਿੱਤੀ ਅਤੇ ਬੌਧਿਕ ਦੋਵੇਂ ਪਾਸਿਓ ਦੀਵਾਲੀਆ ਹੋ ਚੁੱਕੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਪੰਜਾਬ ਇਸ ਮਾਰੂ ਫ਼ੈਸਲੇ ਨੂੰ ਵਿਧਾਨ ਸਭਾ ਤੋਂ ਲੈ ਕੇ ਸੰਸਦ ਤੱਕ ਚੁੱਕੇਗੀ ਅਤੇ ਕਾਂਗਰਸ ਹਾਈਕਮਾਨ ਨੂੰ ਵੀ ਕਟਹਿਰੇ ‘ਚ ਖੜ੍ਹਾ ਕਰੇਗੀ।

Share this Article
Leave a comment