ਉਮਰਾਨੰਗਲ ਦੀ ਗ੍ਰਿਫਤਾਰੀ ਤੇ ਮੌਕੇ ਦੇ ਹਾਲਾਤ, ਹੱਸਣਾ ਮਨ੍ਹਾਂ ਹੈ

Prabhjot Kaur
10 Min Read

ਚੰਡੀਗੜ੍ਹ : ਪੰਜਾਬ ‘ਚ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਦੀ ਗੋਲੀ ਨਾਲ ਮਾਰੇ ਅਤੇ ਜ਼ਖਮੀ ਹੋਏ ਲੋਕਾਂ ਨੂੰ ਇਨਸਾਫ ਦੁਆਉਣ ਲਈ ਸਰਕਾਰ ਵਲੋਂ ਬਣਾਈ ਗਈ ਐਸਆਈਟੀ ਨੇ ਆਪਣੀ ਹੀ ਪੁਲਿਸ ਦੇ ਐਸਐਸਪੀ ਤੇ ਆਈਜੀ ਰੈਂਕ ਦੇ ਵੱਡੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਕੇ ਸੂਬੇ ‘ਚ ਵੱਡੀ ਚਰਚਾ ਛੇੜ ਦਿੱਤੀ ਹੈ। ਅੱਜ ਹਰ ਕਿਸੇ ਦੀ ਜ਼ੁਬਾਨ ‘ਤੇ ਇਹੋ ਸਵਾਲ ਹਨ ਕਿ ਹੁਣ ਅਗਲਾ ਨੰਬਰ ਕਿਸਦਾ ਹੋਵੇਗਾ ? ਕੀ ਸੁਮੇਧ ਸੈਣੀ ਤੇ ਬਾਦਲਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਹਿੰਮਤ ਦਿਖਾਵੇਗੀ ਐਸਆਈਟੀ ? ਜਾਂ ਬੈਂਸ ਭਰਾਵਾਂ ਤੇ ਖਹਿਰਾ ਦੇ ਉਹ ਦੋਸ਼ ਸੱਚ ਸਾਬਤ ਹੋਣਗੇ, ਕਿ ਚੋਣਾਂ ਜਿੱਤਣ ਲਈ ਸਿਰਫ ਦੋ ਚਾਰ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਵਾਲਾ ਕੰਮ ਕਰਨਾ ਹੈ ਸਰਕਾਰ ਨੇ ? ਇਹ ਸਵਾਲ ਤਾਂ ਅਜੇ ਭਵਿੱਖ ਦੇ ਗਰਭ ‘ਚ ਹੈ ਪਰ ਉਸ ਤੋਂ ਪਹਿਲਾਂ ਜਿਹੜੀ ਇੱਕ ਗੱਲ ਸਾਰੇ ਜਾਣਨ ਲਈ ਉਤਾਵਲੇ ਹਨ, ਉਹ ਹੈ, ਕਿ ਆਖ਼ਰ ਐਸਆਈਟੀ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫਤਾਰੀ ਤੱਕ ਪਹੁੰਚੀ ਕਿਵੇਂ ? ਤੇ ਕੀ ਹੈ ਉਮਰਾਨੰਗਲ ਦੇ ਸੇਵਾ ਕਾਲ ਦਾ ਇਤਿਹਾਸ ?

ਇਹ ਕਹਾਣੀ ਸ਼ੁਰੂ ਹੁੰਦੀ ਹੈ 14 ਅਕਤੂਬਰ 2015 ਨੂੰ ਸਵੇਰੇ 6 ਵਜੇ ਦੇ ਕਰੀਬ ਜਦੋਂ ਕੋਟਕਪੂਰਾ ‘ਚ ਧਰਨੇ ਦੌਰਾਨ ਸਿੱਖ ਆਗੂ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੂੰ ਹਿਰਾਸਤ ‘ਚ ਲਿਆ ਤੇ ਪ੍ਰਦਰਸ਼ਨਕਰੀ ਭੜ੍ਹਕ ਗਏ। ਰਿਕਾਰਡ ਅਨੁਸਾਰ ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋ ਗਈ ਤੇ ਪੁਲਿਸ ਨੇ 6 ਵੱਜ ਕੇ 49 ਮਿੰਟ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਦੀ ਗੋਲੀ ਨਾਲ ਬਰਨਾਲਾ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਸੀ ਅਜੀਤ ਸਿੰਘ ਦੇ ਪੱਟ ‘ਚ ਗੋਲੀ ਵੱਜੀ। ਪੁਲਿਸ ਨੇ ਉਸ ਦੇ ਬਿਆਨ ਤਾਂ ਲਏ ਪਰ ਕੇਸ ਫਿਰ ਵੀ ਦਰਜ਼ ਨਹੀਂ ਕੀਤਾ। ਅਜੀਤ ਸਿੰਘ ਦਾ ਲੁਧਿਆਣਾ ‘ਚ 2 ਮਹੀਨੇ ਇਲਾਜ਼ ਚੱਲਿਆ।

ਇਸ ਦੌਰਾਨ ਸਰਕਾਰ ਬਦਲ ਗਈ ਤੇ ਨਵੀਂ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕਰ ਦਿੱਤਾ। ਇਸ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ ਵਿੱਚ ਮੌਕੇ ਦੀ ਵੀਡੀ’ਓ ਫੂਟੇਜ਼ ਦਾ ਹਵਾਲਾ ਦਿੰਦਿਆਂ ਜਿਕਰ ਕੀਤਾ ਕਿ ਪੁਲਿਸ ਕਾਰਵਾਈ ਦੀ ਅਗਵਾਈ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਕੀਤੀ ਸੀ। ਰਿਪੋਰਟ ਮਿਲਣ ਤੋਂ ਬਾਅਦ ਕੈਪਟਨ ਸਰਕਾਰ ਨੂੰ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਤੇ ਕੋਟਕਪੂਰਾ ਪੁਲਿਸ ਨੇ ਜਖਮੀ ਅਜੀਤ ਸਿੰਘ ਦੇ ਬਿਆਨ ‘ਤੇ 8 ਅਗਸਤ 2018 ਨੂੰ ਥਾਣਾ ਕੋਟਕਪੂਰਾ ਵਿਖੇ ਧਾਰਾ 307 ਤਹਿਤ ਇਰਾਦਾ ਕਤਲ ਦਾ ਕੇਸ ਦਰਜ਼ ਕਰ ਦਿੱਤਾ। ਪਰ ਇੱਥੇ ਹੈਰਾਨੀ ਤਾਂ ਹੋਈ ਕਿ ਜਦੋਂ ਇਸ ਕੇਸ ਵਿੱਚ ਮੁਲਜ਼ਮ ਪੁਲਿਸ ਵਾਲਿਆਂ ਨੂੰ ਅਣਪਛਾਤੇ ਦੱਸ ਦਿੱਤਾ ਗਿਆ।

ਇੱਧਰ ਐਸ ਆਈ ਟੀ ਨੇ ਜਾਂਚ ਦੌਰਾਨ 27 ਜਨਵਰੀ 2019 ਨੂੰ ਸਵੇਰੇ 4 ਵਜੇ ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾਂ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ। ਭਾਵੇਂ ਕਿ ਸ਼ਰਮਾਂ ਦੀ ਗ੍ਰਿਫਤਾਰੀ ਬਹਿਬਲ ਕਲਾਂ ਗੋਲੀ ਕਾਂਡ ‘ਚ ਮਾਰੇ ਗਏ ਦੋ ਨੌਜਵਾਨਾਂ ਕ੍ਰਿਸ਼ਨ ਭਗਵਾਨ ਤੇ ਗੁਰਜੀਤ ਸਿੰਘ ਦੇ ਬਹਿਬਲ ਕਲਾਂ ਥਾਣੇ ਵਿੱਚ ਦਰਜ਼ ਕੀਤੇ ਗਏ ਕੇਸ ਵਿੱਚ ਕੀਤੀ ਗਈ ਸੀ, ਪਰ ਸ਼ਰਮੇਂ ਦੀ ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਸ ਮਾਮਲੇ ਵਿੱਚ ਸਾਜ਼ਿਸ਼ ਰਚ ਕੇ ਸਬੂਤ ਵੀ ਮਿਟਾਏ ਗਏ ਸਨ। ਲਿਹਾਜ਼ਾ 29 ਜਨਵਰੀ 2019 ਨੂੰ ਉਸ ਕੇਸ ਵਿੱਚ ਸਾਜ਼ਿਸ਼ ਅਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਵੀ ਨਾਲ ਜੋੜ ਦਿੱਤੀਆ ਗਈਆਂ।

- Advertisement -

ਪੁਲਿਸ ਜ਼ਾਚ ਅੱਗੇ ਤੁਰੀ ਤਾਂ ਇਹ ਗੱਲ ਸਾਹਮਣੇ ਆਈ ਕਿ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਪੁਲਿਸ ਨੇ ਇੱਕ ਕਰਾਸ ਐਫ ਆਈ ਆਰ ਦਰਜ਼ ਕੀਤੀ ਸੀ। ਜਿਸ ਵਿੱਚ ਕਾਰਨ ਇਹ ਦੱਸਿਆ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਐਸ ਐਸ ਪੀ ਚਰਨਜੀਤ ਸ਼ਰਮਾ ਦੀ ਗੱਡੀ ‘ਤੇ 12 ਬੋਰ ਦੀ ਰਾਇਫਲ ਨਾਲ ਗੋਲੀ ਚਲਾਈ ਸੀ, ਤੇ ਪੁਲਿਸ ਨੂੰ ਇਸ ਦੇ ਜਵਾਬ ਵਿੱਚ ਗੋਲੀ ਚਲਾਉਣੀ ਪਈ। ਪਰ ਜਦੋਂ 14 ਫਰਵਰੀ 2019 ਨੂੰ ਐਸ ਆਈ ਟੀ ਨੇ ਚਰਨਜੀਤ ਸ਼ਰਮਾਂ ਦੇ ਡਰਾਇਵਰ ਤੋਂ ਆਪਣੇ ਢੰਗ ਨਾਲ ਪੁੱਛਗਿੱਛ ਕੀਤੀ ਤਾਂ ਉਹ ਆਪਣੇ ਪਹਿਲਾਂ ਵਾਲੇ ਬਿਆਨਾਂ ਤੋਂ ਪਲਟ ਗਿਆ ਤੇ ਕਹਿਣ ਲੱਗਾ ਕਿ ਜਿਪਸੀ ‘ਤੇ ਕੋਈ ਫਾਇਰਿੰਗ ਨਹੀ਼ ਹੋਈ ਸੀ। ਬੱਸ ਫਿਰ ਕੀ ਸੀ ਐਸ ਆਈ ਟੀ ਗਰਨਾਮ ਸਿੰਘ ਨੂੰ ਤੁਰੰਤ ਫੜ੍ਹ ਕੇ ਅਦਾਲਤ ਵਿੱਚ ਲੈ ਗਈ ਤੇ ਉੱਥੇ ਉਸ ਦਾ ਸੀਆਰਪੀਸੀ ਦੀ ਧਾਰਾ 164 ਤਹਿਤ ਉਹ ਬਿਆਨ ਜੱਜ ਦੇ ਸਾਹਮਣੇ ਦਰਜ਼ ਕਰਵਾ ਦਿੱਤਾ।

ਹੁਣ ਵਾਰੀ ਉਸ ਦੀ ਸੀ ਜਿਸ ਦੇ ਕਹਿਣ ‘ਤੇ ਪੁਲਿਸ ਨੇ ਗੋਲੀ ਚਲਾਈ ਸੀ। ਲਿਹਾਜ਼ਾ ਐਸ ਆਈ ਟੀ ਦੇ ਸ਼ੱਕ ਦੀ ਸੂਈ ਪਰਮਰਾਜ ਸਿੰਘ ਉਮਰਾਨੰਗਲ ‘ਤੇ ਆ ਕੇ ਠਹਿਰ ਗਈ। ਐਸ ਆਈ ਟੀ ਨੇ ਉਮਰਾਨੰਗਲ ਨੂੰ ਜਾਂਚ ਲਈ ਸੱਦ ਕੇ ਉਸ ਦੇ ਸਾਹਮਣੇ ਸਵਾਲਾਂ ਦੀ ਝੜੀ ਲਾ ਦਿੱਤੀ ਕਿ ਤੁਸੀ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਹੋਣ ਦੇ ਬਾਵਜੂਦ 2 ਸੌ ਪੁਲਿਸ ਮੁਲਾਜ਼ਮ ਨਾਲ ਲੈ ਕੇ ਆਪਣੇ ਜ਼ੋਨ ਤੋਂ ਬਾਹਰ ਕਿਉਂ ਗਏ? ਤੁਹਾਨੂੰ ਕਿਸ ਅਧਿਕਾਰੀ ਨੇ ਫਰੀਦਕੋਟ ਜਾਣ ਲਈ ਕਿਹਾ ਸੀ? ਕੀ ਤੁਸੀਂ ਸੁਮੇਧ ਸੈਣੀ ਦੇ ਹੁਕਮਾ ‘ਤੇ ਲੁਧਿਆਣਾ ਛੱਡ ਕੇ ਫਰੀਦਕੋਟ ਗਏ ਜਾਂ ਤੁਹਾਨੂੰ ਹੁਕਮ ਦੇਣ ਵਾਲਾ ਏਡੀਜੀਪੀ ਰੋਹਿਤ ਚੌਧਰੀ ਸੀ? ਘਟਨਾ ਵਾਲੀ ਥਾਂ ‘ਤੇ ਤੁਸੀਂ ਫੋਰਸ ਦੀ ਕਮਾਂਡ ਕਿਸ ਦੇ ਹੁਕਮਾਂ ‘ਤੇ ਕੀਤੀ
? ਕੀ ਉਸ ਦੌਰਾਨ ਤੁਹਾਡੀ ਗੱਲ ਮੁੱਖ ਮੰਤਰੀ ਜਾਂ ਉਪ ਮੰਤਰੀ ਨਾਲ ਵੀ ਹੋਈ ਸੀ? ਕੀ ਤੁਹਾਡੇ ‘ਤੇ ਫਰੀਦਕੋਟ, ਕੋਟਕਪੂਰਾ,ਮੋਗਾ ਲੁਧਿਆਣਾ ਮੁੱਖ ਸੜਕ ਖਾਲੀ ਕਰਵਾਉਣ ਲਈ ਬਾਦਲਾਂ ਦੇ ਟ੍ਰਾਂਸਪੋਰਟ ਮੈਨੇਜ਼ਰ ਨੇ ਦਬਾਅ ਪਾਇਆ ਸੀ? ਜਿੰਨ੍ਹਾਂ ਪੁਲਿਸ ਵਾਲਿਆਂ ਨੇ ਗੋਲੀ ਚਲਾਈ ਉਨ੍ਹਾਂ ਨੂੰ ਬਚਾਉਣ ਲਈ ਸਬੂਤ ਕਿਸ ਦੇ ਹੁਕਮਾਂ ‘ਤੇ ਮਟਾਉਣ ਦੀ ਕੋਸ਼ਿਸ਼ ਕੀਤੀ ਗਈ? ਕੀ ਫਰੀਦਕੋਟ, ਕੋਟਕਪੂਰਾ ਨਾਲ ਸਬੰਧਤ ਕਿਸੇ ਵਿਧਾਇਕ ਜਾਂ ਅਕਾਲੀ ਆਗੂ ਨਾਲ ਤੁਸੀਂ ਸੰਪਰਕ ਵਿੱਚ ਸੀ? ਪੁਲਿਸ ਵੱਲੋਂ ਹਰ ਵਾਰ ਇੱਕੋ ਹੀ ਸਵਾਲ ਨੂੰ ਵਾਰ ਵਾਰ ਦੁਹਰਾਇਆ ਗਿਆ ਕਿ ਗੋਲੀ ਕਿਸ ਦੇ ਕਹਿਣ ‘ਤੇ ਚਲਾਈ ਗਈ? ਪਰ ਉਮਰਾਨੰਗਲ ਨੇ ਹਰ ਵਾਰ ਇੱਕੋ ਜਵਾਬ ਦਿੱਤਾ ਕਿ ਮੈਨੂੰ ਇਹ ਹੁਕਮ ਉੱਪਰੋ਼ ਆਇਆ ਸੀ ਕਿ ਦੂਜੇ ਅਧਿਕਾਰੀਆਂ ਨਾਲ ਮਿਲ ਕੇ ਤੁਸੀਂ ਇਹ ਹਾਲਾਤ ਸੰਭਾਲੋ। ਤੇ ਇਹੋ ਜਿਹੀਆਂ ਹਦਾਇਤਾਂ ਪੁਲਿਸ ਨੂੰ ਫੋਨ ‘ਤੇ ਹੀ ਮਿਲਦੀਆਂ ਹਨ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਉਮਰਾਨੰਗਲ ਦਾ ਐਸ ਆਈ ਟੀ ਨੂੰ ਜਵਾਬ ਸੀ ਕਿ ਨਾ ਤਾਂ ਕੋਟਕਪੂਰਾ, ਨਾ ਫਰੀਦਕੋਟ ਤੇ ਨਾ ਬਹਿਬਲ ਕਲਾਂ ‘ਚ ਹੀ ਗੋਲੀ ਚਲਾਉਣ ਦੇ ਹੁਕਮ ਉਸ ਨੇ ਦਿੱਤੇ ਸਨ। ਉਮਰਾਨੰਗਲ ਅਨੁਸਾਰ ਉਸ ਨੇ ਤਾਂ ਅਮਨ ਅਤੇ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਆਪਣੀ ਬਣਦੀ ਡਿਊਟੀ ਕੀਤੀ ਸੀ। ਜਦ ਕਿ ਪੁਲਿਸ ਨੂੰ ਗੋਲੀ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਤੇ ਕੀਤੇ ਗਏ ਹਮਲੇ ਤੋ਼ ਬਾਅਦ ਚਲਾਉਣੀ ਪਈ।

ਪਰ ਐਸ ਆਈ ਟੀ ਕੋਲ ਨਾ ਸਿਰਫ ਡਰਾਇਵਰ ਗੁਰਨਾਮ ਸਿੰਘ ਦਾ ਬਿਆਨ ਸੀ ਬਲਕਿ ਚਰਨਜੀਤ ਸ਼ਰਮਾਂ ਤੋਂ ਕੀਤੀ ਗਈ ਪੁੱਛਤਾਛ ਵਿੱਚ ਵੀ ਵੱਡੇ ਖੁਲਾਸੇ ਹੋਏ ਸਨ। ਲਿਹਾਜ਼ਾ ਸੂਤਰਾਂ ਅਨੁਸਾਰ ਉਮਰਾਨੰਗਲ ਵੱਲੋ਼ ਕੀਤੇ ਗਏ ਇਨਕਾਰ ਅਤੇ ਦਿੱਤੇ ਗਏ ਗੋਲਮੋਲ ਜਵਾਬ ਐਸ ਆਈ ਟੀ ਨੂੰ ਸੰਤੁਸ਼ਟ ਨਹੀਂ ਕਰ ਪਾਏ ਤੇ ਉਨ੍ਹਾਂ ਨੇ ਉਮਰਾਨੰਗਲ ਨੂੰ ਗ੍ਰਿਫਤਾਰ ਕਰਕੇ ਪੁੱਛ ਤਾਛ ਕਰਨ ਦਾ ਮਨ ਬਣਾ ਲਿਆ।

ਤੇ ਫਿਰ ਆਇਆ 17 ਫਰਵਰੀ 2019 ਦਾ ਉਹ ਦਿਨ ਜਦੋਂ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ। ਸੋਮਵਾਰ ਦਾ ਦਿਨ ਸੀ ਤੇ ਪੁਲਸ ਸੂਤਰਾਂ ਅਨੁਸਾਰ ਉਸ ਦਿਨ ਸਵੇਰੇ ਹੀ ਉਮਰਾਨੰਗਲ ਦੇ ਫੋਨ ਤੇ ਇੱਕ ਸੁਨੇਹਾ ਆਇਆ ਕਿ ਉਸ ਨੇ ਆਈਜੀ ਅਤੇ ਡੀਆਈਜੀ ਰੈਂਕ ਦੇ ਅਧਿਕਾਰੀਆਂ ਦੀ ਮੀਟਿੰਗ ‘ਚ ਸ਼ਾਮਲ ਹੋਣਾ ਹੈ। ਜਿਸ ਦੀ ਪ੍ਰਧਾਨਗੀ ਏਡੀਜੀਪੀ ਰੈਂਕ ਦੇ ਅਧਿਕਾਰੀ ਵੱਲੋਂ ਪੁਲਿਸ ਹੈਡਕੁਆਟਰ ਚੰਡੀਗੜ੍ਹ ਵੱਲੋਂ 6ਵੀਂ ਮੰਜ਼ਿਲ ‘ਤੇ ਕੀਤੀ ਜਾਵੇਗੀ। ਉਮਰਾਨੰਗਲ ਜਿਸ ਦਾ ਦਫਤਰ ਇਸੇ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਸੀ, ਨੂੰ ਕੁਝ ਦੇਰ ਬਾਅਦ ਇੱਕ ਹੋਰ ਸੁਨੇਹਾ ਮਿਲਿਆ ਕਿ ਜਿਸ ਮੀਟਿੰਗ ਦੀ ਪ੍ਰਧਾਨਗੀ ਏਡੀਜੀਪੀ ਨੇ ਕਰਨੀ ਸੀ ਉਸ ਦੀ ਪ੍ਰਧਾਨਗੀ ਹੁਣ ਡੀਜੀਪੀ ਕਰਨਗੇ। ਸੂਤਰ ਦੱਸਦੇ ਹਨ ਕਿ ਇਹ ਸੁਨੇਹਾ ਉਮਰਾਨੰਗਲ ਨੂੰ ਏਡੀਜੀਪੀ ਜਤਿੰਦਰ ਜੈਨ ਦੇ ਦਫਤਰ ਵਿੱਚੋਂ ਮਿਲਿਆ ਕਿ ਤੁਸੀਂ ਸ਼੍ਰੀ ਜੈਨ ਦੀ ਜਗ੍ਹਾ ਤੇ ਇਸ ਮੀਟਿੰਗ ‘ਚ ਸ਼ਾਮਲ ਹੋਣਾ ਹੈ, ਕਿਉਂਕਿ ਸ਼੍ਰੀ ਜੈਨ ਉਸ ਸਮੇਂ ਚੰਡੀਗੜ੍ਹ ਵਿੱਚ ਨਹੀਂ ਸਨ। ਇਸ ਤੋ਼ ਬਾਅਦ ਉਮਰਾਨੰਗਲ ਮੀਟਿੰਗ ਹਾਲ ‘ਚ ਪਹੁੰਚੇ ਤੇ ਮੀਟਿੰਗ ਹੋਈ ਪਰ ਸੂਤਰਾਂ ਅਨੁਸਾਰ ਇਸ ਮੀਟਿੰਗ ਦੇ ਖਾਤਮੇ ਤੋਂ ਬਾਅਦ ਐਸ ਆਈ ਟੀ ਦੇ ਮੈਂਬਰਾਂ ਨੇ ਉਮਰਾਨੰਗਲ ਨੂੰ ਹਿਰਾਸਤ ਵਿੱਚ ਲੈਣਾ ਚਾਹਿਆ।

ਮੌਕੇ ‘ਤੇ ਮੌਜੂਦ ਇੱਕ ਅਧਿਕਾਰੀ ਅਨੁਸਾਰ ਐਸ ਆਈ ਟੀ ਵੱਲੋਂ ਭੇਜੇ ਗਏ ਡੀਆਈ ਜੀ ਰੈਂਕ ਦੇ ਇੱਕ ਅਧਿਕਾਰੀ ਨੇ ਜਿਸ ਵੇਲੇ ਉਮਰਾਨੰਗਲ ਨੂੰ ਐਸਆਈਟੀ ਚੀਫ ਪ੍ਰਬੋਧ ਕੁਮਾਰ ਦੇ ਦਫਤਰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਹੰਗਾਮਾਂ ਕਰ ਦਿੱਤਾ। ਦੱਸ ਦਈਏ ਕਿ ਜਿਸ ਵੇਲੇ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਜਾਣਾਸੀ ਤਾਂ ਉਹ ਉਸ ਵੇਲੇ ਵਰਦੀ ਵਿੱਚ ਸੀ ਸ਼ਾਇਦ ਇਸੇ ਲਈ ਐਸ ਆਈ ਟੀ ਨੇ ਪਹਿਲਾਂ ਉਸ ਦੇ ਘਰੋ਼ ਕੁੜਤਾ ਪਜ਼ਾਮਾ ਮੰਗਵਾ ਕੇ ਉਮਰਾਨੰਗਲ ਨੂੰ ਪਵਾਇਆ ਗਿਆ ਤੇ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਪਰ ਗ੍ਰਿਫਤਾਰੀ ਮੌਕੇ ਵੀ ਉਮਰਾਨੰਗਲ ਨੇ ਦਸਤਾਰ ਪੁਲਿਸ ਵਰਦੀ ਵਾਲੀ ਹੀ ਬੰਨ੍ਹੀ ਹੋਈ ਸੀ।

- Advertisement -

ਇਸ ਬਾਰੇ ਐਸ ਆਈ ਟੀ ਦੇ ਮੈਂਬਰ  ਕੁਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਉਹ ਇੱਥੇ ਹੀ ਨਹੀਂ ਰੁਕਣਗੇ ਤੇ ਜੇ ਲੋੜ ਪਈ ਤਾਂ ਉਹ ਪਾਰਦਰਸ਼ੀ ਜਾਂਚ ਲਈ ਹੋਰ ਲੋਕਾਂ ਕੋਲੋਂ ਵੀ ਪੁੱਛਗਿੱਛ ਕਰਨਗੇ। ਚਰਚਾ ਹੈ ਕਿ ਉਮਰਾਨੰਗਲ ਦੀ ਗ੍ਰਿਫਤਾਰੀ ਤੋਂ ਬਾਅਦ ਐਸ ਆਈ ਟੀ ਨਜ਼ਰ ਹੁਣ ਆਈ ਜੀ ਰੈਂਕ ਦੇ ਇੱਕ ਹੋਰ ਅਜਿਹੇ ਅਧਿਕਾਰੀ ‘ਤੇ ਹੈ ਜੋ ਕਿ ਅੰਮ੍ਰਿਤਸਰ ‘ਚ ਦੋ ਅਹਿਮ ਆਹੁਦਿਆਂ ‘ਤੇ ਰਹਿ  ਚੁੱਕਿਆ ਹੈ ਤੇ ਗੋਲੀ ਕਾਂਡ ਵੇਲੇ ਉਹ ਵੀ ਮੌਕੇ ਤੇ ਮੌਜੂਦ ਸੀ। ਸੂਤਰ ਦੱਸਦੇ ਹਨ ਕਿ ਇਸ ਆਈ ਜੀ ਅਧਿਕਾਰੀ ਦੀ ਵੀ ਜਲਦ ਹੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ। ਇਸ ਦੌਰਾਨ ਸਵਾਲ ਫਿਰ ਉਹੀ ਚੁੱਕੇ ਜਾ ਰਹੇ ਹਨ ਕਿ, ਕੀ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਬਾਦਲਾਂ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਕਰ ਪਾਵੇਗੀ ਐਸ ਆਈ ਟੀ?

 

Share this Article
Leave a comment