ਨਵੀਂ ਦਿੱਲੀ : ਜਦੋਂ ਤੋਂ ਯੂਨਾਈਟਡ ਪ੍ਰੋ੍ਗ੍ਰੈਸਿਵ ਅਲਾਇਸ (ਯੂਪੀਏ) ਦੀ ਚੇਅਰਪਸਨ ਸੋਨੀਆਂ ਗਾਂਧੀ ਨੂੰ ਕੁੱਲ ਹਿੰਦ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਉਦੋਂ ਤੋਂ ਇਹ ਚਰਚਾ ਛਿੜੀ ਹੋਈ ਹੈ ਕਿ ਕੀ ਹੁਣ ਪੰਜਾਬ ਵਿੱਚ ਕੈਪਟਨ ਸਿੱਧੂ ਵਿਵਾਦ ਹੱਲ ਹੋ ਪਾਵੇਗਾ ਜਾਂ ਫਿਰ ਇਹ ਸੰਕਟ ਪਹਿਲਾਂ ਨਾਲੋ ਹੋਰ ਡੂੰਘਾ ਹੋਵੇਗਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੂੰ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਮੰਨਿਆ ਜਾਂਦਾ ਹੈ ਉੱਥੇ ਸੋਨੀਆਂ ਗਾਂਧੀ ਨੂੰ ਕੈਪਟਨ ਅਮਰਿੰਦਰ ਸਿੰਘ ਦਾ। ਦੁਨੀਆਂ ਜਾਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਰਾਜੀਵ ਗਾਂਧੀ ਦੀ ਆਪਸ ਵਿੱਚ ਡੂੰਘੀ ਸਾਂਝ ਸੀ ਜਿਸ ਕਾਰਨ ਸੋਨੀਆਂ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਬੰਧ ਹੋਣੇ ਲਾਜ਼ਮੀ ਹਨ। ਅਜਿਹੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸੋਨੀਆਂ ਦੇ ਪ੍ਰਧਾਨ ਬਣਨ ਨਾਲ ਕੈਪਟਨ ਧੜ੍ਹਾ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਇਆ ਹੈ।
ਚਰਚਾ ਕਰ ਰਹੇ ਲੋਕ ਦੱਸਦੇ ਹਨ ਜਿਸ ਸਮੇਂ 1997 ‘ਚ ਸੋਨੀਆਂ ਗਾਂਧੀ ਨੇ ਕਾਂਗਰਸ ਦੀ ਕਮਾਨ ਸੰਭਾਲੀ ਸੀ ਤਾਂ 1998-99 ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਮੁੜ ਵਾਪਸੀ ਕਰ ਲਈ ਸੀ। ਇਸ ਤੋਂ ਬਾਅਦ ਹੀ ਪੰਜਾਬ ਕਾਂਗਰਸ ਦੀ ਵੱਡੀ ਨੇਤਾ ਰਜਿੰਦਰ ਕੌਰ ਭੱਠਲ ਦੀ ਥਾਂ ਕੈਪਟਨ ਨੂੰ ਪੰਜਾਬ ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਬਣਾਇਆ ਗਿਆ ਅਤੇ ਇਸ ਤੋਂ ਬਾਅਦ 2002 ‘ਚ ਜਦੋਂ ਕਾਂਗਰਸ ਪਾਰਟੀ ਦੀ ਜਿੱਤ ਹੋਈ ਤਾਂ ਕੈਪਟਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਲੋਕ ਕਹਿੰਦੇ ਹਨ ਕਿ ਉਸ ਸਮੇਂ ਜਦੋਂ ਰਜਿੰਦਰ ਕੌਰ ਭੱਠਲ ਨੇ ਹੋਰਨਾਂ ਵਿਧਾਇਕਾਂ ਨੂੰ ਨਾਲ ਲੈ ਕੇ ਕਾਂਗਰਸ ਵਿੱਚੋਂ ਕਥਿਤ ਬਗਾਵਤ ਕੀਤੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਣ ਵਾਲੀ ਸੋਨੀਆਂ ਗਾਂਧੀ ਹੀ ਸੀ ਅਤੇ ਭੱਠਲ ਨੂੰ ਡਿਪਟੀ ਸੀਐਮ ਬਣਾ ਕੇ ਸਥਿਤੀ ‘ਤੇ ਕਾਬੂ ਪਾਇਆ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਹੁਣ ਤੱਕ ਕੈਪਟਨ ਧੜ੍ਹਾ ਮਜਬੂਤ ਹੈ ਅਤੇ ਹੁਣ ਜੇਕਰ ਕੁਝ ਕਾਂਗਰਸੀ ਵਿਧਾਇਕਾਂ ਵੱਲੋਂ ਬਗਾਵਤੀ ਸੁਰ ਅਪਣਾਏ ਵੀ ਜਾਂਦੇ ਹਨ ਤਾਂ ਉਨ੍ਹਾਂ ਤੋਂ ਵੀ ਹੁਣ ਸੋਨੀਆਂ ਗਾਂਧੀ ਹੀ ਕੈਪਟਨ ਨੂੰ ਬਚਾ ਲਵੇਗੀ।
ਇਸ ਸਾਰੇ ਮਾਹੌਲ ‘ਚ ਕਿਆਸ ਇਹ ਵੀ ਲਾਏ ਜਾ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਦਿੱਲੀ ਵਾਲੇ ਸੂਬੇ ਦੇ ਸਾਰੇ ਕੰਮ ‘ਤੇ ਨਿਗਰਾਨੀਆਂ ਰੱਖਣ ਦਾ ਕੰਮ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਸਕਦੇ ਹਨ।