ਆਹ ਦੇਖੋ ਸਿੱਧੂ ਨੇ ਇਸ ਲਈ ਵੱਟੀ ਹੋਈ ਹੈ ਚੁੱਪੀ!

TeamGlobalPunjab
4 Min Read

ਪਟਿਆਲਾ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਇੰਨੀ ਦਿਨੀਂ ਇੱਕ ਵਾਰ ਫਿਰ ਸਿਆਸਤ ਦੀ ਮੌਜੂਦਾ ਪਾਰੀ ਪੂਰੀ ਖੇਡਣ ਤੋਂ ਪਹਿਲਾਂ ਹੀ ਹਿੱਟ ਵਿਕਟ ਹੋ ਗਏ। ਹੁਣ ਇਸ ਤੋਂ ਬਾਅਦ ਸਿੱਧੂ ਭਾਵੇਂ ਟੀਮ ‘ਚ ਤਾਂ ਹਨ (ਵਿਧਾਇਕ ਦੇ ਤੌਰ ‘ਤੇ) ਪਰ ਉਨ੍ਹਾਂ ਕੋਲ ਖੇਡਣ ਦਾ ਮੌਕਾ ਨਹੀਂ ਮਿਲੇਗਾ (ਮੰਤਰੀ ਦੀਆਂ ਸ਼ਕਤੀਆਂ)। ਅਜਿਹੇ ਵਿੱਚ ਸਿੱਧੂ ਨੂੰ ਜੇਕਰ ਕਿਸੇ ਦਾ ਸਭ ਤੋਂ ਵੱਧ ਸਹਾਰਾ ਹੈ ਤਾਂ ਉਹ ਹੈ ਉਹ ਰਾਹੁਲ ਤੇ ਪ੍ਰਿਅੰਕਾ ਗਾਂਧੀ ਦਾ ਜਿਹੜੇ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ‘ਚ ਲੈ ਕੇ ਆਏ ਸਨ। ਪਰ ਤ੍ਰਾਸਦੀ ਇਹ ਹੈ ਕਿ ਦੇਸ਼ ਵਿੱਚ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ ਹੈ ਤੇ ਪ੍ਰਿਅੰਕਾ ਗਾਂਧੀ ਕੋਲ ਪਾਰਟੀ ਦੀਆਂ ਅਜਿਹੀਆਂ ਕੋਈ ਅਧਿਕਾਰਿਤ ਸ਼ਕਤੀਆਂ ਨਹੀਂ ਹਨ ਜਿਸ  ਰਾਹੀਂ ਉਹ ਨਵਜੋਤ ਸਿੰਘ ਸਿੱਧੂ ਨੂੰ ਕੋਈ ਰਾਹਤ ਪਹੁੰਚਾ ਸਕਣ। ਇਸ ਦੇ ਚਲਦਿਆਂ ਸਿੱਧੂ ਦੇ ਸਮਰਥਕ ਨਿਰਾਸ਼ ਹਨ ਤੇ ਜੇਕਰ ਉਨ੍ਹਾਂ ਨੂੰ ਕੋਈ ਆਸ ਹੈ ਤਾਂ ਉਹ ਹੈ ਪ੍ਰਿਅੰਕਾ ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਤੋਂ, ਕਿਉਂਕਿ ਰਾਹੁਲ ਗਾਂਧੀ ਨੇ ਕਾਂਗਰਸ ਦੀ ਪ੍ਰਧਾਨਗੀ ਸਾਂਭਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਾਂਗਰਸ ਪਾਰਟੀ ਦੇ ਆਗੂ ਹੋਰ ਕਿਸੇ ਨੂੰ ਆਪਣਾ ਆਗੂ ਮੰਨਣ ਨੂੰ ਤਿਆਰ ਨਹੀਂ ਹਨ। ਇਨ੍ਹਾਂ ਹਾਲਾਤਾਂ ਵਿੱਚ ਜੇਕਰ ਪ੍ਰਿਅੰਕਾ ਗਾਂਧੀ ਹੱਥ ਕਾਂਗਰਸ ਦੀ ਕਮਾਂਡ ਆਉਂਦੀ ਹੈ ਤਾਂ ਇਹ ਤੈਅ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪਾਰਟੀ ਵਿੱਚ ਬੇਹੱਦ ਅਹਿਮ ਸਥਾਨ ਹੋਵੇਗਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚ ਲੈ ਕੇ ਆਉਣ ਵਾਲੇ ਵੀ ਪ੍ਰਿਅੰਕਾ ਗਾਂਧੀ ਸਨ ਤੇ ਹੁਣ ਜਦੋਂ ਕੈਪਟਨ ਸਿੱਧੂ ਵਿਵਾਦ ਖੜ੍ਹਾ ਹੋਇਆ ਹੈ ਤਾਂ ਇੱਥੇ ਵੀ ਉਹ ਪ੍ਰਿਅੰਕਾ ਗਾਂਧੀ ਹੀ ਸਿੱਧੂ ਦੇ ਨਾਲ ਖੜ੍ਹੇ ਦਿਖਾਈ ਦਿੱਤੇ ਜਿੰਨਾਂ ਨੇ ਉਨ੍ਹਾਂ ਦਾ ਪਾਰਟੀ ਅੰਦਰ ਰੁਤਬਾ ਬਹਾਲ ਰੱਖਣ ਲਈ ਪੁਰਜੋਰ ਯਤਨ ਕੀਤੇ ਸਨ।

ਪ੍ਰਿਅੰਕਾ ਤੇ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਸ ਲਈ ਵੀ ਚਿੰਤਤ ਦੱਸੇ ਜਾਂਦੇ ਹਨ ਕਿਉਂਕਿ ਸੂਤਰਾਂ ਅਨੁਸਾਰ ਕਿਤੇ ਨਾ ਕਿਤੇ ਉਨ੍ਹਾਂ ਨੂੰ ਵੀ ਇਹ ਸੁਨੇਹਾ ਗਿਆ ਹੈ ਕਿ ਆਪਣੀ ਜਗ੍ਹਾ ਸਹੀ ਹੁੰਦੇ ਹੋਏ ਵੀ ਸਿੱਧੂ ਤੋਂ ਸਥਾਨਕ ਸਰਕਾਰਾਂ ਮਹਿਕਮਾਂ ਵਾਪਸ ਲੈ ਲਿਆ ਗਿਆ ਹੈ, ਪਰ ਇਹ ਦੋਵੇਂ ਆਗੂ ਰਾਸ਼ਟਰੀ ਪੱਧਰ ‘ਤੇ ਕਮਜੋਰ  ਹੋਣ ਕਾਰਨ ਆਪਣੀ ਗੱਲ ਕੈਪਟਨ ਤੋਂ ਉਸ ਜੋਰ ਨਾਲ ਨਹੀਂ ਮੰਨਵਾ ਪਾਏ ਜਿਸ ਜੋਰ ਨਾਲ ਹਾਈ ਕਮਾਂਡ ਵਾਲੇ ਅਕਸਰ ਮੰਨਵਾ ਲਿਆ ਕਰਦੇ ਹਨ। ਉੱਧਰ ਦੂਜੇ ਪਾਸੇ ਖੇਤਰੀ ਪਾਰਟੀਆਂ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਵਾਰ ਵਾਰ ਆਪਣੀਆਂ ਪਾਰਟੀਆਂ ‘ਚ ਸ਼ਾਮਲ ਹੋਣ ਲਈ ਸੱਦੇ ਦਿੰਦੀਆਂ ਅਵਾਜ਼ਾਂ ਮਾਰ ਰਹੀਆਂ ਹਨ, ਤੇ ਕਾਂਗਰਸ ਹਾਈ ਕਮਾਂਡ ਇਸ ਗੱਲ ਤੋਂ ਵੀ ਭਲੀ ਭਾਂਤ ਜਾਣੂ ਹੈ। ਸ਼ਾਇਦ ਇਹੋ ਕਾਰਨ ਹੈ ਕਿ ਹਰਿਆਣਾ ਤੇ ਕੁਝ ਹੋਰ ਰਾਜਾਂ ਵਿੱਚ ਆਉਂਦੇ ਕੁਝ ਮਹੀਨਿਆਂ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਤੇ ਜਿਮਨੀ ਚੋਣਾਂ ਤੋਂ ਪਹਿਲਾਂ ਗਾਂਧੀ ਪਰਿਵਾਰ ਸਿੱਧੂ ਨੂੰ ਪਾਰਟੀ ‘ਚੋਂ ਗਵਾਉਣਾ ਨਹੀਂ ਚਾਹੁੰਦੇ। ਇਨ੍ਹਾਂ ਹਾਲਾਤਾਂ ਵਿੱਚ ਨਾ ਸਿਰਫ ਨਵਜੋਤ ਸਿੰਘ ਸਿੱਧੂ ਬਲਕਿ ਉਨ੍ਹਾਂ ਦੇ ਸਮਰਥਕ ਵੀ ਇਸ ਇੰਤਜਾਰ ਵਿੱਚ ਹਨ ਕਿ ਕਦੋਂ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰ ਸ਼ਿੱਪ ਵਿੱਚ ਆਏ ਸੰਕਟ ਦਾ ਹੱਲ ਨਿੱਕਲੇ ਤੇ ਪਾਰਟੀ ਦੀ ਕਮਾਂਡ ਪ੍ਰਿਅੰਕਾ ਜਾਂ ਰਾਹੁਲ ਗਾਂਧੀ ਦੇ ਹੱਥ ਵਿੱਚ ਮੁੜ ਆ ਜਾਵੇ ਤੇ ਸਿੱਧੂ ਆਪਣਾ ਗਵਾਚਿਆ ਮਾਣ ਫਿਰ ਹਾਸਲ ਕਰ ਸਕਣ। ਹੁਣ ਇਸ ਲਈ ਸਿੱਧੂ ਨੂੰ ਹੋਰ ਕਿੰਨਾ ਚਿਰ ਚੁੱਪ ਰਹਿ ਕੇ ਇੰਤਜਾਰ ਕਰਨਾ ਪਵੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।

Share this Article
Leave a comment