ਗਿਆਨੀ ਦਿੱਤ ਸਿੰਘ – ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਖਿਲਾਫ ਜਹਾਦ ਛੇੜਨ ਵਾਲੇ ਪੰਥ ਰਤਨ

TeamGlobalPunjab
2 Min Read

-ਅਵਤਾਰ ਸਿੰਘ

ਕਰਮਕਾਂਡ, ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਖਿਲਾਫ ਜਹਾਦ ਛੇੜਨ ਵਾਲੇ ਪੰਥ ਰਤਨ ਗਿਆਨੀ ਦਿੱਤ ਸਿੰਘ ਦਾ ਜਨਮ 21/4/1850 ਨੂੰ ਨੰਦਪੁਰ ਕਲੌੜ, ਫਤਿਹਗੜ੍ਹ ਸਾਹਿਬ ਵਿੱਚ ਹੋਇਆ।

ਮੁੱਢਲੀ ਪੜ੍ਹਾਈ ਗੁਲਾਬ ਉਦਾਸੀਆਂ ਦੇ ਡੇਰੇ ਤੋਂ ਪ੍ਰਾਪਤ ਕੀਤੀ। ਇਸ ਦੌਰਾਨ ਧਾਰਮਿਕ ਪੁਸਤਕਾਂ ਤੇ ਧਰਮ ਅਧਿਐਨ ਦੀ ਰੁਚੀ ਪੈਦਾ ਹੋਈ। ਭਾਂਵੇ ਉਹ ਸਕੂਲ ਨਹੀਂ ਗਏ ਫਿਰ ਵੀ ਗਿਆਨੀ ਕਰਕੇ ਲਾਹੌਰ ਦੇ ਓਰੀਐਂਟਲ ਕਾਲਜ ਵਿੱਚ ਪੰਜਾਬੀ ਪੜ੍ਹਾਉਣ ਲੱਗ ਪਏ ਤੇ ਉਹ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਮੰਨੇ ਜਾਂਦੇ ਹਨ।

ਉਨ੍ਹਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਬਰਾਬਰ ਦੀ ਗੱਦੀ ਲਾ ਕੇ ਬੈਠੇ ਬਾਬਾ ਖੇਮ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ। ਆਰੀਆ ਸਮਾਜ ਦੇ ਮੋਢੀ ਸਾਧੂ ਦਇਆ ਨੰਦ ਨੂੰ ਤਿੰਨ ਵਾਰ ਬਹਿਸ ਵਿੱਚ ਹਰਾਇਆ।

- Advertisement -

ਉਨ੍ਹਾਂ ‘ਗੁੱਗਾ ਗਪੋੜ ਸੁਲਤਾਨ ਪੁਆੜਾ” ਨਕਲੀ ਸਿਖ ਪਰਬੋਧ’ ਤੇ ਖਾਲਸਾ ਅਖਬਾਰ ਰਾਂਹੀ ਕੌਮ ਵਿੱਚ ਜਾਗ੍ਰਿਤੀ ਲਿਆਂਦੀ। ਉਹ ਸਿੱਖ ਕੌਮ ਦੇ ਮਹਾਨ ਵਿਦਵਾਨ, ਉੱਚਕੋਟੀ ਦੇ ਕਵੀ, ਉਤਮ ਵਿਆਖਿਆਕਾਰ, ਪ੍ਰਚਾਰਕ,ਖਾਲਸਾ ਅਖਬਾਰ ਦੇ ਸੰਪਾਦਕ ਤੇ ਬਾਨੀ, ਸ਼੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਤੇ ਲਾਹੌਰ ਦੇ ਮੋਢੀ ਸਨ।

ਉਨ੍ਹਾਂ 71 ਦੇ ਕਰੀਬ ਕਿਤਾਬਾਂ ਲਿਖੀਆਂ। ਉਨ੍ਹਾਂ ਨੇ 22 ਸਾਲ ਆਪਣੀ ਕਲਮ ਰਾਹੀਂ ਸਿੱਖੀ ਦੀ ਯਾਦਗਾਰੀ ਅਤੇ ਉਰਦੂ ਦੀ ਸੇਵਾ ਕੀਤੀ। ਸੈਂਕੜੇ ਲੇਖਾਂ ਅਤੇ 30 ਤੋਂ ਵਧ ਪੁਸਤਕਾਂ ਨੇ ਸਿੱਖ ਕੌਮ ਨੂੰ ਜੋ ਹਲੂਣਾ ਦਿੱਤਾ, ਉਸ ਦੇ ਸਿੱਟੇ ਵਜੋਂ ‘ਸਿੰਘ ਸਭਾ’ ਨੇ ਇਕ ਲਹਿਰ ਦਾ ਰੂਪ ਧਾਰ ਲਿਆ।

ਉਨ੍ਹਾਂ ਦੀਆਂ ਲਿਖੀਆਂ ਗਈਆਂ ਪੁਸਤਕਾਂ ’ਚੋਂ ਕਿੱਸਾ ਸ਼ੀਰੀ ਫਰਿਹਾਦ (1872), ਅਬਲਾ ਨੰਦ (1876), ਆਤਮ ਸਿਧੀ (1877), ਸਾਧੂ ਦਯਾਨੰਦ ਸੰਬਾਦ (1877), ਸੁਪਨ ਨਾਟਕ (1887), ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ (1896), ਸੈਲਾਨੀ ਸਿੰਘ, ਗੁੱਗਾ ਗਪੌੜਾ, ਨਕਲੀ ਸਿੱਖ ਪ੍ਰਬੋਧ, ਗੁਰੂ ਨਾਨਕ ਪ੍ਰਬੋਧ, ਧਰਮ ਦਰਪਨ, ਸਿੰਘਣੀਆਂ ਦੇ ਸਿਦਕ, ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ, ਬਹਾਦਰੀ ਮਹਿਤਾਬ ਸਿੰਘ ਮੀਰਾਂ ਕੋਟੀਆਂ ਆਦਿ ਪ੍ਰਮੁੱਖ ਹਨ।

ਉਨ੍ਹਾਂ ਨੇ ਸਿੱਖ ਸਮਾਜ ਨੂੰ ਪ੍ਰਚੱਲਤ ਮੰਨਤਾਂ-ਮਨਾਉਤਾਂ, ਕਰਮ ਕਾਂਡਾਂ ਤੋਂ ਉੱਪਰ ਉਠਾਉਣ ਲਈ ਯਤਨ ਕੀਤੇ। ਮਨੁੱਖਤਾ ਦੇ ਨਾਂ ‘ਤੇ ਕੀਤੇ ਜਾ ਰਹੇ ਅਖੌਤੀ ਕਰਮਕਾਂਡਾਂ ਤੋਂ ਸੁਚੇਤ ਕੀਤਾ ਤੇ ਸੱਚ ਦਾ ਮਾਰਗ ਵਿਖਾਇਆ। 6 ਸਤੰਬਰ, 1901 ਨੂੰ ਉਹ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਨਾਮ ‘ਤੇ ਕਈ ਸੰਸਥਾਵਾਂ ਤੇ ਲਾਇਬਰੇਰੀਆਂ ਚਲ ਰਹੀਆਂ ਹਨ।

Share this Article
Leave a comment