ਆਹ ਕੁੜੀਆਂ ਨੂੰ ਮੂੰਹ ਬੰਨ੍ਹ ਕੇ ਕਰਤਾ ਅਜਿਹਾ ਕਾਰਾ, ਰਾਸ਼ਟਰਪਤੀ ਭਵਨ ਤੱਕ ਮੱਚ ਗਈ ਹਾ-ਹਾ-ਕਾਰ

TeamGlobalPunjab
7 Min Read

ਮੋਗਾ : ਇੰਨੀ ਦਿਨੀਂ 2 ਕੁੜੀਆਂ ਵਲੋਂ ਰਾਸ਼ਟਰਪਤੀ ਨੂੰ ਆਪਣੇ ਖੂਨ ਨਾਲ ਲਿਖੀ ਗਈ ਇੱਕ ਚਿੱਠੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਨ੍ਹਾਂ ਲੜਕੀਆਂ ਵੱਲੋਂ ਇਸ ਚਿੱਠੀ ‘ਚ ਰਾਸ਼ਟਰਪਤੀ ਤੋਂ ਮਰਨ ਦੀ ਇਜਾਜ਼ਤ ਮੰਗੀ ਗਈ ਹੈ। ਚਿੱਠੀ ਵਿੱਚ ਇਨ੍ਹਾਂ ਦੋਵਾਂ ਲੜਕੀਆਂ ਨੇ ਇੱਕ ਵਿਅਕਤੀ ‘ਤੇ ਇਲਜ਼ਾਮ ਲਾਏ ਹਨ ਕਿ ਉਸ ਨੇ ਪੁਲਿਸ ‘ਤੇ ਦਬਾਅ ਪਾ ਕੇ ਉਨ੍ਹਾਂ ‘ਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਹਨ। ਲੜਕੀਆਂ ਅਨੁਸਾਰ ਇਸ ਤੋਂ ਤੰਗ ਆ ਕੇ ਹੀ ਉਹ ਮਰਨ ਦੀ ਇਜਾਜ਼ਤ ਮੰਗ ਰਹੀਆਂ ਹਨ, ਤੇ ਇਹ ਚਿੱਠੀ ਖੂਨ ਨਾਲ ਇਸ ਲਈ ਲਿਖੀ ਗਈ ਹੈ ਤਾਂ ਕਿ ਇਸ ਦੀ ਸੱਚਾਈ ‘ਤੇ ਰਾਸ਼ਟਰਪਤੀ ਨੂੰ ਵਿਸ਼ਵਾਸ ਆ ਸਕੇ। ਉਨ੍ਹਾਂ ਵਿੱਚੋਂ ਨੀਸ਼ਾ ਨਾਮ ਦੀ ਇੱਕ ਲੜਕੀ ਵੱਲੋਂ ਲਿਖੀ ਗਈ ਚਿੱਠੀ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਹ ਇੱਕ ਅਜਿਹੇ ਵਿਅਕਤੀ ਕੋਲ ਨੌਕਰੀ ਕਰਦੀਆਂ ਹਨ ਜਿਹੜਾ ਕਿ ਬੈਂਕ ਵਾਂਗ ਘੱਟ ਵਿਆਜ਼ ਦੇ ਕੇ ਲੋਕਾਂ ਦੇ ਪੈਸੇ ਆਪਣੇ ਕੋਲ ਜਮ੍ਹਾ ਕਰਦਾ ਹੈ ਜਿਸ ਤੋਂ ਬਾਅਦ ਉਹ ਉਸ ਪੈਸੇ ਨੂੰ ਅੱਗੇ ਵੱਧ ਵਿਆਜ਼ ‘ਤੇ ਚੜ੍ਹਾ ਕੇ ਆਪ ਖੁਦ ਮੁਨਾਫਾ ਕਮਾਉਂਦਾ ਹੈ। ਪੀੜਤ ਦੱਸੀਆਂ ਜਾ ਰਹੀਆਂ ਇਨ੍ਹਾਂ ਲੜਕੀਆਂ ਅਨੁਸਾਰ ਉਹ ਉਸ ਫਾਇਨਾਂਸਰ ਲਈ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਲਿਆਉਂਦੀਆਂ ਸਨ। ਚਿੱਠੀ ਅਨੁਸਾਰ ਪਹਿਲੀ ਵਾਰ ਤਾਂ ਉਨ੍ਹਾਂ ਨੇ ਇਸ ਫਾਇਨਾਂਸਰ ਕੋਲ ਲੋਕਾਂ ਤੋਂ ਇਕੱਠੇ ਕਰਕੇ 30 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ ਜਿਹੜੇ ਕਿ ਉਸ ਫਾਇਨਾਂਸਰ ਨੇ ਸਮੇਂ ਸਿਰ ਲੋਕਾਂ ਨੂੰ ਮੋੜ ਵੀ ਦਿੱਤੇ ਪਰ ਬਾਅਦ ਵਿੱਚ ਜਦੋਂ ਵਿਸ਼ਵਾਸ ਬਣਨ ਤੋਂ ਬਾਅਦ ਉਨ੍ਹਾਂ ਨੇ ਫਾਇਨਾਸਰ ਨੂੰ ਵੱਖ ਵੱਖ ਲੋਕਾਂ ਤੋਂ ਇਕੱਠੇ ਕਰਕੇ 21 ਲੱਖ 59 ਹਜ਼ਾਰ ਰੁਪਏ ਦੇ ਕਰੀਬ ਜਮ੍ਹਾਂ ਕਰਵਾ ਦਿੱਤੇ ਤਾਂ ਇਸ ਫਾਇਨਾਸਰ ਨੇ ਉਨ੍ਹਾਂ ਪੈਸਿਆਂ ਨੂੰ ਵਾਪਸ ਕਰਨ ਤੋਂ ਮੁੱਕਰਦਿਆਂ ਉਲਟਾ ਉਨ੍ਹਾਂ ਲੜਕੀਆਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ, ਤੇ ਉਨ੍ਹਾਂ ਕਈ ਪਰਚੇ ਦਰਜ ਕਰਵਾ ਦਿੱਤੇ। ਜਿਸ ਕਾਰਨ ਉਹ ਘਰੋਂ ਬੇਘਰ ਹੋਈਆਂ ਅੱਜ ਆਤਮ ਹੱਤਿਆ ਦੇ ਰਾਹ ‘ਤੇ ਜਾਣ ਲਈ ਮਜ਼ਬੂਰ ਹਨ।

ਇਸ ਸਬੰਧੀ ਚਿੱਠੀ ਲਿਖਣ ਵਾਲੀ ਨੀਸ਼ਾ ਨਾਲ ਜਦੋਂ ਗਲੋਬਲ ਪੰਜਾਬ ਟੀਵੀ ਦੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇੱਕ ਸਕੂਲ ‘ਚ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਦੀ ਸੀ ਤੇ ਇਸ ਦੌਰਾਨ ਇੱਕ ਦਿਨ ਜਦੋਂ ਉਹ ਮੋਬਾਇਲ ਰਿਚਾਰਜ ਕਰਵਾਉਣ ਲਈ ਨਜਦੀਕ ਦੀ ਇੱਕ ਦੁਕਾਨ ‘ਤੇ ਗਈ ਤਾਂ ਉੱਥੇ ਸੁਨੀਲ ਕੁਮਾਰ ਨਾਮਕ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਸ ਦੇ ਮੋਬਾਇਲ ‘ਚ ਕੋਈ ਖਰਾਬੀ ਹੈ। ਨੀਸ਼ਾ ਅਨੁਸਾਰ ਉਸ ਤੋਂ ਬਾਅਦ ਉਸ ਨੇ ਸੁਨੀਲ ਕੁਮਾਰ ਨੂੰ ਇਹ ਦੱਸਿਆ ਕਿ ਇਸ ਸਮੇਂ ਉਸ ਦੀ ਤਨਖਾਹ ਨਹੀਂ ਆਈ ਜਦੋਂ ਆਏਗੀ ਤਾਂ ਉਹ ਉਦੋਂ ਠੀਕ ਕਰਵਾ ਲਏਗੀ ਤਾਂ ਸੁਨੀਲ ਨੇ ਉਸ ਦੀ ਸਿਫਾਰਸ ਕਿਸੇ ਹੋਰ ਸਕੂਲ ‘ਚ ਕਰਕੇ ਉਸ ਨੂੰ ਉੱਥੇ ਨੌਕਰੀ ਲਗਵਾ ਦਿੱਤਾ। ਲੜਕੀ ਨੇ ਦੱਸਿਆ ਕਿ ਉੱਥੇ ਨਾ ਸਿਰਫ ਉਸ ਦੀ ਆਰਥਿਕ ਮਦਦ ਹੋਈ ਬਲਕਿ ਸਕੂਲ ਵਾਲਿਆਂ ਨੇ ਉਸ ਨੂੰ ਆਈਲੈਟਸ ਕਰਵਾ ਕੇ ਉਸ ਦੀ ਅੰਗਰੇਜੀ ਸੁਧਾਰਨ ਵਿੱਚ ਵੀ ਮਦਦ ਕੀਤੀ।

ਨੀਸ਼ਾ ਅਨੁਸਾਰ ਇਸੇ ਤਰ੍ਹਾਂ ਹੌਲੀ ਹੌਲੀ ਸੁਨੀਲ ਨੇ ਜਦੋਂ ਉਨ੍ਹਾਂ ਦਾ ਵਿਸ਼ਵਾਸ ਜਿੱਤ ਲਿਆ ਤਾਂ ਉਸ  ਤੋਂ  ਬਾਅਦ ਸੁਨੀਲ ਨੇ ਉਸ ਨੂੰ ਅਮਨਜੋਤ ਨਾਮ ਦੀ ਉਸ (ਨੀਸ਼ਾ) ਦੀ ਸਹੇਲੀ ਨਾਲ ਮਿਲ ਕੇ ਫਾਇਨਾਂਸ ਦਾ ਕੰਮ ਕਰਨ ਦੀ ਸਲਾਹ ਦਿੱਤੀ। ਜਿਸ ਵਿੱਚ ਲੋਕਾਂ ਤੋਂ ਪੈਸੇ ਉਨ੍ਹਾਂ ਦੋਨਾਂ ਲੜਕੀਆਂ ਵੱਲੋਂ ਇਕੱਠੇ ਕਰਕੇ ਲਿਆਉਣੇ ਸਨ ਤੇ ਵਿਆਜ਼ ‘ਤੇ ਸੁਨੀਲ ਹੁਰਾਂ ਨੇ ਚੜ੍ਹਾਉਣੇ ਸਨ।ਨੀਸ਼ਾ ਦਾ ਦਾਅਵਾ ਹੈ ਕਿ ਇਸ ਕੰਮ ਦੀ ਸੁਨੀਲ ਵੱਲੋਂ ਉਨ੍ਹਾਂ ਦੋਵਾਂ ਲੜਕੀਆਂ ਨੂੰ ਚੰਗੀ ਤਨਖਾਹ ਦੇਣ ਦਾ ਲਾਲਚ ਵੀ ਦਿੱਤਾ ਗਿਆ। ਲੜਕੀ ਅਨੁਸਾਰ ਉਸ ਨੇ ਇਹ ਸੋਚ ਕੇ ਫਾਇਨਾਂਸ ਦੇ ਕੰਮ ਲਈ ਰੁਪਏ ਵੀ ਇਕੱਠੇ ਕੀਤੇ ਕਿ ਇੱਥੇ ਉਨ੍ਹਾਂ ਨੂੰ ਚੰਗੀ ਤਨਖਾਹ ਮਿਲੇਗੀ ਤੇ ਬੰਦਾ ਵੀ ਵਿਸ਼ਵਾਸ ਵਾਲਾ ਹੈ, ਪਰ ਹੁਣ ਉਹ ਸੁਨੀਲ ਜਿਸ ਨਾਲ ਨਾਲ ਉਨ੍ਹਾਂ ਦਾ ਬਹੁਤ ਪਿਆਰ ਸੀ ਅਤੇ ਸੁਨੀਲ ਉਸ ਕੋਲੋਂ ਰੱਖੜੀ ਵੀ ਬੰਨ੍ਹਵਾਉਂਦਾ ਸੀ ਅੱਜ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਗਿਆ ਹੈ।

ਇੱਥੇ ਹੀ ਬੱਸ ਨਹੀਂ ਨੀਸ਼ਾ ਨੇ ਦੋਸ਼ ਲਾਇਆ ਹੈ ਕਿ ਸੁਨੀਲ ਨੇ ਉਸ ‘ਤੇ ਕਬੂਤਰਬਾਜ਼ੀ ਦਾ ਝੂਠਾ ਪਰਚਾ ਵੀ ਦਰਜ ਕਰਵਾ ਦਿੱਤਾ ਹੈ। ਜਿਸ ਕਾਰਨ ਉਹ 8 ਮਹੀਨੇ ਤੋਂ ਆਪਣੇ ਘਰੇ ਵੀ ਨਹੀਂ ਰਹਿ ਰਹੀ ਕਿਉਂਕਿ ਜਦੋਂ ਉਹ ਘਰੇ ਹੁੰਦੀ ਹੈ ਤਾਂ ਇਹ ਸੁਨੀਲ ਉਸ ‘ਤੇ ਹਮਲੇ ਕਰਵਾਉਂਦਾ ਹੈ। ਨੀਸ਼ਾ ਨੇ ਇਹ ਵੀ ਦੱਸਿਆ ਕਿ ਸੁਨੀਲ ਦੇ ਕਹਿਣ ‘ਤੇ ਪੁਲਿਸ ਵੱਲੋਂ ਉਸ ਦੇ ਭਰਾ ਨੂੰ ਵੀ ਕਈ ਵਾਰ ਚੁੱਕਿਆ ਗਿਆ ਜਿਸ ਤੋਂ ਅੱਕ ਕੇ ਉਨ੍ਹਾਂ ਨੇ ਹੁਣ ਉਸ ਦੇ ਭਰਾ ਨੂੰ ਬਾਹਰ ਭੇਜ ਦਿੱਤਾ ਹੈ। ਨੀਸ਼ਾ ਨੇ ਕਿਹਾ ਕਿ ਉਹ ਖੁਦ ਵੀ ਸੜਕਾਂ ‘ਤੇ ਰਾਤਾਂ ਗੁਜਾਰ ਰਹੀ ਹੈ ਅਤੇ ਹੁਣ ਉਹ 2 ਦਿਨ ਤੋਂ ਘਰ ਆਈ ਹੈ ਤਾਂ ਸੁਨੀਲ ਦੇ ਬੰਦੇ ਲਗਾਤਾਰ ਗਲੀਆਂ ‘ਚ ਗੇੜ੍ਹੇ ਮਾਰ ਰਹੇ ਹਨ। ਨੀਸ਼ਾ ਨੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਹੈ ਤੇ ਉਸ ਦੀਆਂ ਚੁੰਨੀਆਂ ਤੱਕ ਖਿੱਚੀਆਂ ਜਾਂਦੀ ਹਨ।

- Advertisement -

ਇੰਨ੍ਹਾਂ ਲੜਕੀਆਂ ਨੇ ਡੀਜੀਪੀ ਪੰਜਾਬ ਨੂੰ ਵੀ ਉਨ੍ਹਾਂ ਵਿਰੁੱਧ ਦਰਜ ਕੀਤੇ ਗਏ ਕੇਸ ਦੀ ਮੁੜ ਤੋਂ ਜਾਂਚ ਕਰ ਲਈ ਬੇਨਤੀ ਕੀਤੀ ਹੈ।ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿਪੁਲਿਸ ਇਸ ਮਾਮਲੇ ‘ਚ ਇੰਨ੍ਹਾਂ ਲੜਕੀਆਂ ‘ਤੇ ਦਰਜ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

ਇਸ ਮਾਮਲੇ ਦੀ ਪੂਰੀ ਜਾਣਕਾਰੀ ਲਈ ਜਦੋਂ ਸਥਾਨਕ ਡੀਐਸਪੀ ਕੁਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਲੜਕੀਆਂ ‘ਤੇ 2 ਮੁਕੱਦਮੇਂ ਦਰਜ ਹੋਏ ਹਨ ਜਿਸ ਵਿੱਚ ਦੋਸ਼ ਲੱਗਿਆ ਹੈ ਕਿ ਇਨ੍ਹਾਂ ਦੋਵਾਂ ਨੇ ਏਜੰਟ ਦੇ ਤੌਰ ‘ਤੇ ਲੋਕਾਂ ਕੋਲੋਂ ਪੈਸੇ ਲੈ ਕੇ ਠੱਗੀ ਮਾਰੀ ਹੈ ਤੇ ਦੂਜੀ ਲੜਕੀ ਨੇ ਲੋਨ ‘ਤੇ ਮੋਟਰ ਸਾਈਕਲ ਲੈ ਕੇ ਲੋਨ ਹੋਣ ਦੇ ਬਾਵਜੂਦ ਮੋਟਰ ਸਾਈਕਲ ਅੱਗੇ ਵੇਚ ਦਿੱਤਾ ਹੈ ਜਿਸ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ। ਕੁਲਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਵੱਲੋਂ ਵੀ ਦਰਖਾਸਤ ਆਈ ਹੈ ਕਿ ਉਨ੍ਹਾਂ ਨੇ ਨਾ ਹੀ ਤਾਂ ਕੋਈ ਏਜੰਟੀ ਦਾ ਕੰਮ ਕੀਤਾ ਹੈ ਤੇ ਉਹ ਫਾਇਨਾਂਸ ਦਾ ਕੰਮ ਕਰਦੀਆਂ ਹਨ, ਤੇ ਉਨ੍ਹਾਂ ਦਾ ਵਿਆਜ ਦੇ ਹਿਸਾਬ ਨਾਲ ਕੰਮ ਕਾਜ ਚਲਦਾ ਸੀ।

ਇੱਥੇ ਹੀ ਡੀਐਸਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਲੜਕੀਆਂ ਡੀਜੀਪੀ ਪੰਜਾਬ ਨੂੰ ਮਿਲੀਆਂ ਸਨ ਤੇ ਉਨ੍ਹਾਂ ਨੂੰ ਮਿਲ ਕੇ ਇਨ੍ਹਾਂ ਲੜਕੀਆਂ ਨੇ ਇਨਕੁਆਰੀ ਮਾਰਕ ਕਰਵਾਈ ਹੈ। ਕੁਲਜਿੰਦਰ ਸਿੰਘ ਅਨੁਸਾਰ ਉਹ ਇਨ੍ਹਾਂ ਮੁਕੱਦਮਿਆਂ ਦੀ ਜਾਂਚ ਕਰ ਵੀ ਰਹੇ ਹਨ। ਡੀਐਸਪੀ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਖਿਲਾਫ ਥਾਣਾ ਸਿਟੀ 2 ਵਿੱਚ ਦੋ ਮੁਕੱਦਮੇਂ ਦਰਜ ਹਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਜਿਸ ਤਰ੍ਹਾ ਇੰਨ੍ਹਾਂ ਲੜਕੀਆਂ ਵਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਕਿ ਉਨ੍ਹਾਂ ਨੂੰ ਪਰਿਵਾਰ ਸਣੇ ਮਰਨ ਦੀ ਆਗਿਆ ਦਿੱਤੀ ਜਾਵੇ, ਇਹ ਕਾਫੀ ਗੰਭੀਰ ਗੱਲ ਹੈ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/KEgSN0jHlCA

- Advertisement -
Share this Article
Leave a comment