‘ਆਪ’ ‘ਚ ਪੈਸੇ ਲੈ ਕੇ ਟਿਕਟਾਂ ਦੀ ਵੰਡ ਕਰਨ ਦਾ ਮਾਮਲਾ: ਆਹ ਬੰਦਾ ਕਰ ਗਿਆ ਵੱਡਾ ਧਮਾਕਾ, 30 ਲੱਖ ਦੇਣ ਦੀ ਬਣਾ ਲਈ ਵੀਡੀਓ? ਦਾਅਵਾ : ਜ਼ਮੀਨ ਵੇਚ, ਤੇ ਲੋਨ ਲੈ ਮੈਂ ਇਕੱਠੇ ਕੀਤੇ ਸੀ ਪੈਸੇ

TeamGlobalPunjab
11 Min Read

ਰੋਪੜ : ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਨੂੰ ਛੱਡ ਛੱਡ ਜਾ ਰਹੇ ਆਗੂ ਅਤੇ ਨਿੱਤ ਦਿਹਾੜੇ ਖੜ੍ਹੇ ਹੁੰਦੇ ਵਿਵਾਦ ‘ਆਪ’ ਨੂੰ ਸੂਬੇ ਵਿੱਚੋਂ ਖ਼ਤਮ ਕਰਨ ‘ਤੇ ਤੁਲੇ ਹੋਏ ਹਨ। ਸ਼ਾਇਦ ਇਹੋ ਕਾਰਨ ਹੈ, ਕਿ ਪਾਰਟੀ ਦੇ ਹੱਕ ਵਿੱਚ ਜੋ ਲਹਿਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ, ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਖਾਈ ਦਿੱਤੀ ਸੀ, ਉਹ ਹੁਣ ਕਿਤੇ ਐਨਕ ਲਾ ਕੇ ਲੱਭਿਆਂ ਵੀ ਦਿਖਾਈ ਨਹੀਂ ਦੇ ਰਹੀ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ, ਕਿਉਂਕਿ ਪਹਿਲਾਂ ਪਾਰਟੀ ਨੇ ‘ਆਪ’ ਖੁਦ ਆਪਣੇ ਕਈ ਆਗੂਆਂ ਨੂੰ ਅਨੁਸਾਸ਼ਨ ਭੰਗ ਕਰਨ ਦੇ ਇਲਜ਼ਾਮ ਲਾ ਕੇ ਬਾਹਰ ਕੱਢ ਦਿੱਤਾ ਤੇ ਫਿਰ ਲੋਕ ਹੌਲੀ ਹੌਲੀ ਕਰਕੇ ਇਸ ਪਾਰਟੀ ਨੂੰ ਆਪ ਖੁਦ ਛੱਡ ਕੇ ਜਾਣ ਲੱਗ ਪਏ। ਵਿਧਾਇਕ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਅਤੇ ਪੰਜ ਹੋਰ ਵਿਧਾਇਕਾਂ ਨੇ ਜਿਹੜੇ ਦੋਸ਼ ਪਾਰਟੀ ‘ਚੋਂ ਬਗਾਵਤ ਕਰਨ ਵੇਲੇ ‘ਆਪ’ ਹਾਈ ਕਮਾਂਡ ‘ਤੇ ਲਾਏ ਸਨ, ਉਨ੍ਹਾਂ ਦੋਸ਼ਾਂ ਦੀ ਚਿੰਗਾਰੀ ਹੁਣ ਇੱਕ ਵਾਰ ਫਿਰ ਮੌਜੂਦਾ ਚੋਣਾਂ ਦੌਰਾਨ ਪੈਸੇ ਲੈ ਕੇ ਟਿਕਟਾਂ ਵੰਡਣ ਵਾਲੇ ਭਾਂਬੜ ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਸ ਸਬੰਧੀ ਇਲਜ਼ਾਮ ਹੁਣ ‘ਆਪ’ ਦੇ ਸੀਨੀਅਰ ਆਗੂ ਤੇ ਜ਼ੋਨਲ ਇੰਚਾਰਜ ਤਰਲੋਚਨ ਸਿੰਘ ਚੱਠਾ ਨੇ ਲਾਏ ਹਨ। ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਾਰਟੀ ਦੀ ਮੰਗ ‘ਤੇ ਹਲਕਾ ਆਨੰਦਪੁਰ ਸਾਹਿਬ ਦੀ ਟਿਕਟ ਬਦਲੇ ‘ਆਪ’ ਆਗੂਆਂ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ, ਜਿਹੜੀ ਕਿ ਉਹ ਡਕਾਰ ਕੇ ਮੁੱਕਰ ਗਏ, ਤੇ ਟਿਕਟ ਕਿਸੇ ਹੋਰ ਆਗੂ ਨੂੰ ਦੇ ਦਿੱਤੀ ਗਈ। ਤਰਲੋਚਨ ਸਿੰਘ ਚੱਠਾ ਅਨੁਸਾਰ ਇਹ ਰਕਮ ਉਸ ਨੇ ਆਪਣੀ ਜ਼ਮੀਨ ਵੇਚ ਕੇ ਅਤੇ ਬੈਂਕ ਤੋਂ ਲੋਨ ਲੈ ਕੇ ‘ਆਪ’ ਆਗੂਆਂ ਦੇ ਹਵਾਲੇ ਕੀਤੀ ਸੀ। ਇੱਕ ਪੱਤਰਕਾਰ ਸੰਮੇਲਨ ਵਿੱਚ ਵੱਡਾ ਖੁਲਾਸਾ ਕਰਨ ਵਾਲੇ ਤਰਲੋਚਨ ਸਿੰਘ ਚੱਠਾ ਨੇ ਇਸ ਸਬੰਧੀ ਇੱਕ ਸ਼ਿਕਾਇਤ ਰੂਪਨਗਰ ਦੇ ਪੁਲਿਸ ਮੁਖੀ, ਡੀਜੀਪੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ ਹੈ, ਤੇ ਮਾਮਲੇ ਦੀ ਜਾਂਚ ਕਰਵਾਕੇ ਉਨ੍ਹਾਂ ਇਨਸਾਫ ਦੇਣ ਦੀ ਮੰਗ ਕੀਤੀ ਹੈ। ਜਿਸ ਦੀ ਪੁਸ਼ਟੀ ਜਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾਂ ਨੇ ਵੀ ਕਰ ਦਿੱਤੀ ਹੈ।

ਇਸ ਸਬੰਧੀ ਇੱਕ ਭਰਵੇਂ ਪੱਤਰਕਾਰ ਸੰਮੇਲਨ ਵਿੱਚ ‘ਆਪ’ ਆਗੂ ਤਰਲੋਚਨ ਸਿੰਘ ਚੱਠਾ ਨੇ ਨਾ ਸਿਰਫ ਅਨੰਦਪੁਰ ਸਾਹਿਬ ਦੀ ਟਿਕਟ ਲੈਣ ਬਦਲੇ ਆਮ ਆਦਮੀ ਪਾਰਟੀ ਆਗੂਆਂ ਨੂੰ ਦਿੱਤੀ ਗਈ ਰਿਸ਼ਵਤ ਸਬੰਧੀ ਮੌਕੇ ‘ਤੇ ਵੀਡੀਓ ਬਣਾਏ ਜਾਣ ਦਾ ਦਾਅਵਾ ਕਰਦਿਆਂ ਉਹ ਵੀਡੀਓ ਵੀ ਪੱਤਰਕਾਰਾਂ ਨੂੰ ਚਲਾ ਕੇ ਦਿਖਾਈਆਂ, ਬਲਕਿ ਇਹ ਵੀਡੀਓ ਚੱਠਾ ਨੇ ਪੱਤਰਕਾਰਾਂ ਦੇ ਹਵਾਲੇ ਵੀ ਕਰ ਦਿੱਤੀਆਂ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਚੱਠਾ ਨੇ ਇਹ ਦੋਸ਼ ਲਾਇਆ ਹੈ, ਕਿ ਇਹ ਠੱਗੀ ਉਸ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੇ ਨਜਦੀਕੀ ਦੁਰਗੇਸ਼ ਪਾਠਕ, ਦੀਪਕ ਤੋਮਰ ਅਤੇ ਚੰਦਨ ਸਿੰਘ ਨੇ ਵਿਧਾਨ ਸਭਾ ਟਿਕਟ ਬਦਲੇ ਪਾਰਟੀ ਫੰਡ ਲੈਣ ਦੇ ਨਾਂ ‘ਤੇ ਮਾਰੀ ਹੈ।

ਕੀ ਹੈ ਪੂਰਾ ਮਾਮਲਾ?

‘ਆਪ’ ਦੇ ਜੋਨਲ ਇੰਚਾਰਜ ਤਰਲੋਚਨ ਸਿੰਘ ਨੇ ਪੱਤਰਕਾਰਾਂ ਅੱਗੇ ਵੀ ਦਾਅਵਾ ਕੀਤਾ ਹੈ ਕਿ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਹਾਈ ਕਮਾਂਡ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਦੀ ਅਗਵਾਈ ਵਿੱਚ ਇੱਕ ਅਜਿਹੀ ਟੀਮ ਬਣਾਈ ਸੀ, ਜਿਸ ਰਾਹੀਂ ਕਿ ਉਹ ਲੋਕ ‘ਆਪ’ ਨੂੰ ਉਨ੍ਹਾਂ ਦੇ ਹਲਕੇ ‘ਚ ਮਜਬੂਤ ਕਰਨਾ ਚਾਹੁੰਦੇ ਸੀ। ਚੱਠਾ ਅਨੁਸਾਰ ਇਹੋ ਗੱਲ ‘ਆਪ’ ਦੇ ਸੰਯੁਕਤ ਸਕੱਤਰ ਦੀਪਕ ਤੋਮਰ ਅਤੇ ਚੰਦਨ ਸਿੰਘ ਨੇ ਉਨ੍ਹਾਂ ਨੂੰ ਕਹੀ ਸੀ ਕਿ ਉਹ ਲੋਕ ਜਿੱਥੇ ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨਾ ਚਾਹੁੰਦੇ ਹਨ, ਉੱਥੇ ਆਉਣ ਵਾਲੇ ਸਮੇਂ ‘ਚ ਗੋਆ ਅੰਦਰ ਵੀ ਚੋਣਾਂ ਹੋਣ ਜਾ ਰਹੀਆਂ ਹਨ। ਲਿਹਾਜਾ ਆਮ ਆਦਮੀ ਪਾਰਟੀ ਨੂੰ ਫੰਡਾ ਦੀ ਲੋੜ ਹੈ। ਤਰਲੋਚਨ ਸਿੰਘ ਚੱਠਾ ਨੇ ਕਿਹਾ ਕਿ ਇਨ੍ਹਾਂ ਉਕਤ ਲੋਕਾਂ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਜੇਕਰ ਉਹ 50 ਲੱਖ ਰੁਪਏ ਦੇਣ ਤਾਂ ਇਸ ਨਾਲ ਉਹ ਪਾਰਟੀ ਨੂੰ ਮਜਬੂਤ ਕਰਨਗੇ ਤੇ ਇਸ ਬਦਲੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਲਈ ਟਿਕਟ ਵੀ ਦੇਵੇਗੀ। ਚੱਠਾ ਅਨੁਸਾਰ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਵੇਚੀ ਹੋਈ ਜ਼ਮੀਨ ਤੋਂ ਇਕੱਠੀ ਹੋਈ ਰਕਮ ਸਮੇਤ ਕੁਝ ਪੈਸੇ ਬੈਂਕ ਤੋਂ ਲੋਨ ਲਏ ਤੇ ਪਹਿਲੀ ਕਿਸਤ ਦੇ ਰੂਪ ਵਿੱਚ 30 ਲੱਖ ਰੁਪਏ ਉਨ੍ਹਾਂ ਨੇ ਇਨ੍ਹਾਂ ਪਾਰਟੀ ਆਗੂਆਂ ਦੇ ਹਵਾਲੇ ਕਰ ਦਿੱਤੇ।

- Advertisement -

ਕੀ ਦਿਖਾਈ ਦਿੰਦਾ ਹੈ ਇਨ੍ਹਾਂ ਸਟਿੰਗ ਆਪ੍ਰੇਸ਼ਨ ਵਾਲੀਆਂ 2 ਵੀਡੀਓ ਵਿੱਚ?

ਤਰਲੋਚਨ ਸਿੰਘ ਚੱਠਾ ਵੱਲੋਂ ਸਟਿੰਗ ਵਾਲੀਆਂ ਕਹੀਆਂ ਜਾ ਰਹੀਆਂ ਜਿਹੜੀਆਂ 2 ਵੀਡੀਓ ਇਸ ਮੌਕੇ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਇੱਕ ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਪਤਾ ਲਗਦਾ ਹੈ ਕਿ ਪਹਿਲੀ ਵੀਡੀਓ ਵਿੱਚ ਤਰਲੋਚਨ ਸਿੰਘ ਚੱਠਾ ਦਾ ਲੜਕਾ ਅਕਾਸ਼ ਵੀਡੀਓ ਦੀ ਸ਼ੁਰੂਆਤ ਵਿੱਚ ਇਹ ਕਹਿੰਦਾ ਹੈ ਕਿ ‘ਆਪ’ ਵਾਲਿਆਂ ਨੇ ਟਿਕਟ ਦੇ ਬਦਲੇ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿੱਚੋਂ 30 ਲੱਖ ਰੁਪਏ ਉਹ ‘ਆਪ’ ਆਗੂਆਂ ਦੇ ਹਵਾਲੇ ਕਰਨ ਜਾ ਰਿਹਾ ਹੈ। ਇਸ ਦੌਰਾਨ ਉਹ ਈਨੋਵਾ ਗੱਡੀ ਦੀ ਪਿਛਲੇ ਪਾਸਿਓਂ ਡਿੱਗੀ ਖੋਲਦਾ ਹੈ, ਤੇ ਗੱਡੀ ਅੰਦਰ ਰੱਖੇ ਲਿਫਾਫੇ ਨੂੰ ਥੋੜਾ ਜਿਹਾ ਪਾੜ ਕੇ ਉਸ ਵਿੱਚ ਰੱਖੇ ਨੋਟ ਕੈਮਰੇ ‘ਤੇ ਵਿਖਾਉਂਦੇ ਹੋਏ ਇਹ ਦਾਅਵਾ ਕਰਦਾ ਹੈ ਕਿ ਉਹ ਇਹ 30 ਲੱਖ ਰੁਪਏ ਦੀ ਰਕਮ ‘ਆਪ’ ਆਗੂਆਂ ਦੇ ਹਵਾਲੇ ਕਰਨ ਜਾ ਰਿਹਾ ਹੈ। ਇੱਥੇ ਇਹ ਵੀਡੀਓ ਬੰਦ ਹੋ ਜਾਂਦੀ ਹੈ। ਇਸੇ ਤਰ੍ਹਾਂ ਦੂਜੀ ਵੀਡੀਓ ਨੂੰ ਚਲਾ ਕੇ ਦੇਖੀਏ ਤਾਂ ਪਤਾ ਲਗਦਾ ਹੈ ਕਿ ਉਸ ਵੀਡੀਓ ਨੂੰ ਦੂਰ ਖੜ੍ਹ ਕੇ ਬਣਾਇਆ ਗਿਆ ਹੈ। ਜਿਸ ਵਿੱਚ ਅਕਾਸ਼ ਉਸੇ ਈਨੋਵਾ ਗੱਡੀ ਵਿੱਚੋਂ ਉਸੇ ਤਰ੍ਹਾਂ ਦਾ ਲਿਫਾਫਾ ਚੁੱਕ ਕੇ ਆਪਣੇ ਨਾਲ ਖੜ੍ਹੀ ਕਾਲੇ ਰੰਗ ਦੀ ਫਾਰਚੂਨਰ ਗੱਡੀ ਦੀ ਤਾਕੀ ਖੋਲ੍ਹ ਕੇ ਉਸ ਵਿੱਚ ਰੱਖ ਦਿੰਦਾ ਹੈ ਤੇ ਉਹ ਗੱਡੀ ਉੱਥੋਂ ਚਲੀ ਜਾਂਦੀ ਹੈ। ਇੱਥੇ ਇਹ ਵੀਡੀਓ ਵੀ ਬੰਦ ਹੋ ਜਾਂਦੀ ਹੈ।

ਵੀਡੀਓ ਬਾਰੇ ਤਰਲੋਚਨ ਸਿੰਘ ਚੱਠਾ ਦੇ ਦਾਅਵੇ

ਇਨ੍ਹਾਂ ਵੀਡੀਓ ਸਬੰਧੀ ਤਰਲੋਚਨ ਸਿੰਘ ਚੱਠਾ ਦਾ ਦਾਅਵਾ ਹੈ ਕਿ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਜਿਸ ਗੱਡੀ ਵਿੱਚ ਉਨ੍ਹਾਂ ਦੇ ਲੜਕੇ ਅਕਾਸ਼ ਨੇ ਪੈਸੇ ਰੱਖੇ ਸਨ, ਉਹ ਫਾਰਚੂਨਰ ਗੱਡੀ ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਦੀ ਸੀ, ਤੇ ਇਸ ਤੋਂ ਇਲਾਵਾ ਬਾਕੀ ਦੇ 20 ਲੱਖ ਰੁਪਏ ਵਿਧਾਨ ਸਭਾ ਟਿਕਟਾਂ ਦੇ ਐਲਾਨ ਹੋਣ ਤੋਂ 4 ਦਿਨ ਪਹਿਲਾਂ ‘ਆਪ’ ਆਗੂਆਂ ਨੇ ਉਸ ਦੇ ਘਰੋਂ ਵਸੂਲੇ ਸਨ। ਚੱਠਾ ਨੇ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਇਹ ਟਿਕਟ ਉਨ੍ਹਾਂ ਨੂੰ ਨਾ ਦੇ ਕੇ ਡਾ. ਸੰਜੀਵ ਗੌਤਮ ਨੂੰ ਦੇ ਦਿੱਤੀ ਗਈ ਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਉਹ ਪੈਸੇ ਵੀ ਵਾਪਸ ਨਹੀਂ ਮੋੜੇ ਗਏ, ਜਿਹੜੇ ਕਿ ਟਿਕਟ ਲੈਣ ਬਦਲੇ ਉਨ੍ਹਾਂ ਨੇ ਰਿਸ਼ਵਤ ਦੇ ਤੌਰ ‘ਤੇ ‘ਆਪ’ ਆਗੂਆਂ ਨੂੰ ਦਿੱਤੇ ਸਨ।

ਸਰਕਾਰ ਬਣਨ ‘ਤੇ ਮੈਨੂੰ ਚੇਅਰਮੈਨੀ ਦੇਣ ਦਾ ਵੀ ਕੀਤਾ ਗਿਆ ਸੀ ਵਾਅਦਾ : ਚੱਠਾ

- Advertisement -

ਆਪਣੇ ਆਪ ਨੂੰ ਪੀੜਤ ਦੱਸ ਰਹੇ ਤਰਲੋਚਨ ਸਿੰਘ ਚੱਠਾ ਨੇ ਇਹ ਵੀ ਦਾਅਵਾ ਕੀਤਾ ਕਿ ਉਕਤ ‘ਆਪ’ ਆਗੂਆਂ ਨੇ ਉਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਚੇਅਰਮੈਨੀ ਦੇਣ ਦਾ ਵਾਅਦਾ ਵੀ ਕੀਤਾ ਸੀ, ਪਰ ਇਹ ਵਾਅਦਾ ਵੀ ਤਾਂ ਪੂਰਾ ਨਾ ਹੋ ਸਕਿਆ, ਕਿਉਂਕਿ ਉਸ ਵੇਲੇ ‘ਆਪ’ ਦੀ ਸਰਕਾਰ ਨਹੀਂ ਬਣ ਸਕੀ ਸੀ। ਚੱਠਾ ਦਾ ਦਾਅਵਾ ਹੈ ਕਿ ਇਸ ਮਗਰੋਂ ਜਦੋਂ ਉਨ੍ਹਾਂ ਨੇ ਉਕਤ ਆਗੂਆਂ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਪੈਸੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇਣਗੇ, ਪਰ ਜਦੋਂ ਉਨ੍ਹਾਂ ਨੇ ਵੀ ਇਹ ਰਕਮ ਨਹੀਂ ਦਿੱਤੀ ਤਾਂ ਫਿਰ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਡੇ ਪੈਸੇ ਨਰਿੰਦਰ ਸਿੰਘ ਸ਼ੇਰਗਿੱਲ ਮੋੜਨਗੇ, ਤੇ ਹੁਣ ਇਨ੍ਹਾਂ ਸਾਰਿਆਂ ਵਿੱਚ ਕੋਈ ਵੀ ਹੱਥ ਪੱਲਾ ਨਹੀਂ ਫੜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਹੇਠਲੇ ਪੱਧਰ ਦੇ ਬਲਾਕ ਪ੍ਰਧਾਨ ਤੱਕ ਦੇ ਲੋਕਾਂ ਨੂੰ ਵੀ ਹੈ, ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕੋਈ ਉਪਰਾਲਾ ਨਹੀਂ ਕੀਤਾ।

ਕੀ ਕਹਿਣਾ ਹੈ ਰੂਪਨਗਰ ਦੇ ਪੁਲਿਸ ਮੁਖੀ ਦਾ?

ਇੱਧਰ ਦੂਜੇ ਪਾਸੇ ਰੂਪਨਗਰ ਦੇ ਜਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾਂ ਅਨੁਸਾਰ ਉਨ੍ਹਾਂ ਨੂੰ ਤਰਲੋਚਨ ਸਿੰਘ ਸ਼ੇਰਗਿੱਲ ਵੱਲੋਂ ਭੇਜੀ ਗਈ ਸ਼ਿਕਾਇਤ ਮਿਲ ਗਈ ਹੈ, ਜਿਸ ਦੇ ਅਧਾਰ ‘ਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਜਿਨ੍ਹਾਂ 3 ‘ਆਪ’ ਆਗੂਆਂ ‘ਤੇ ਚੱਠਾ ਨੇ ਦੋਸ਼ ਲਾਏ ਹਨ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕਰ ਲਿਆ ਗਿਆ ਹੈ।

ਉਹ ਗੱਡੀ ਮੇਰੀ ਜਰੂਰ ਹੈ, ਪਰ ਕੀ ਪਤਾ ਉਸ ਵਿੱਚ ਕਿਸੇ ਨੇ ਗਾਜਰਾਂ ਰੱਖੀਆਂ ਹਨ ਜਾਂ ਕੁਝ ਹੋਰ : ਸ਼ੇਰਗਿੱਲ

ਉੱਧਰ ਦੂਜੇ ਪਾਸੇ ਤਰਲੋਚਨ ਸਿੰਘ ਚੱਠਾ ਨੇ ਨਰਿੰਦਰ ਸਿੰਘ ਸ਼ੇਰਗਿੱਲ ਦੀ ਜਿਸ ਫਾਰਚੂਨਰ ਗੱਡੀ ਵਿੱਚ ਪੈਸੇ ਰੱਖਣ ਦਾ ਦਾਅਵਾ ਕੀਤਾ ਹੈ, ਉਸ ਸਬੰਧੀ ਜਦੋਂ ਸਾਡੇ ਪੱਤਰਕਾਰ ਕ੍ਰਿਸ਼ਨ ਸਿੰਘ ਨੇ ਫੋਨ ‘ਤੇ ਸ਼ੇਰਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਹ ਤਾਂ ਮੰਨਿਆ ਕਿ ਉਹ ਫਾਰਚੂਨਰ ਗੱਡੀ ਉਨ੍ਹਾਂ ਦੀ ਹੀ ਸੀ ਕਿਉਂਕਿ ਉਨ੍ਹਾਂ ਚੋਣਾਂ ਦੌਰਾਨ ਉਹ ਗੱਡੀ ਉਨ੍ਹਾਂ (ਸ਼ੇਰਗਿੱਲ) ਨੇ ਪਾਰਟੀ ਨੂੰ ਇਸਤਿਮਾਲ ਕਰਨ ਲਈ ਦਿੱਤੀ ਸੀ, ਪਰ ਸ਼ੇਰਗਿੱਲ ਨੇ ਇੱਥੇ ਇਹ ਸਵਾਲ ਖੜ੍ਹਾ ਕਰ ਦਿੱਤਾ ਕਿ ਉਨ੍ਹਾਂ ਨੂੰ ਕੀ ਪਤਾ ਹੈ ਕਿ ਜੋ ਲਿਫਾਫਾ ਉਨ੍ਹਾਂ ਦੀ ਗੱਡੀ ਵਿੱਚ ਰੱਖਿਆ ਗਿਆ ਸੀ ਉਸ ਵਿੱਚ ਗਾਜਰਾਂ ਸਨ ਜਾਂ ਕੁਝ ਹੋਰ? ਸ਼ੇਰਗਿੱਲ ਅਨੁਸਾਰ ਇਹ ਹੋ ਵੀ ਸਕਦਾ ਹੈ ਕਿ ਉਨ੍ਹਾਂ ਦੀ ਗੱਡੀ ਵਿੱਚ ਰਕਮ ਰੱਖ ਗਈ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਤਰਲੋਚਨ ਸਿੰਘ ਚੱਠਾ ਝੂਠ ਬੋਲਦਾ ਹੋਵੇ। ਲਿਹਾਜਾ ਉਹ ਇਸ ਮਾਮਲੇ ਵਿੱਚ ਪੁਲਿਸ ਦੀ ਜਾਂਚ ਮੁਕੰਮਲ ਹੋਣ ਦਾ ਇੰਤਜਾਰ ਕਰਨਗੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

ਪੂਰਾ ਮਾਮਲਾ ਤੁਹਾਡੇ ਸਾਹਮਣੇ ਹੈ, ਜਿਸ ਨੂੰ ਵਾਚਨ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਆਗੂਆਂ ‘ਤੇ ਨੋਟਾਂ ਬਦਲੇ ਟਿਕਟਾਂ ਵੰਡਣ ਦੇ ਜੋ ਦੋਸ਼ ਸਾਹਮਣੇ ਆਏ ਹਨ, ਉਸ ਨੇ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲਾਏ ਗਏ ਉਨ੍ਹਾਂ ਦੋਸ਼ਾਂ ਨੂੰ ਬਲ ਦਿੱਤਾ ਹੈ ਜਿਸ ਵਿੱਚ ਖਹਿਰਾ ਐਂਡ ਪਾਰਟੀ ਨੇ ਵੀ 2017 ਵਿਧਾਨ ਸਭਾ ਚੋਣਾਂ ਦੌਰਾਨ ਪੈਸੇ ਲੈ ਕੇ ਟਿਕਟਾਂ ਵੰਡਣ ਦਾ ਦੋਸ਼ ਲਾਏ ਸਨ। ਹੁਣ ਇਸ ਵਿੱਚ ਕੀ ਸੱਚ ਹੈ, ਤੇ ਕੀ ਝੂਠ? ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਇਸ ਰੌਲੇ ਨੇ ਉਨ੍ਹਾਂ ਲੋਕਾਂ ਦੀ ਉਹ ਗੱਲ ਨੂੰ ਜਰੂਰ ਸੱਚ ਕਰ ਵਿਖਾਇਆ ਹੈ, ਜੋ ਕਹਿੰਦੇ ਹਨ ਕਿ, ” ਧੂੰਆ ਝੂਠ ਨਹੀਂ ਬੋਲਤਾ ਯਾਰੋ! ਬਸਤੀ ਮੇਂ ਕੋਈ ਘਰ ਤੋ ਜਲਾ ਹੋਗਾ।”

Share this Article
Leave a comment