ਅੰਮ੍ਰਿਤਧਾਰੀ ਸਿੱਖ ਦੇ ਕੱਛਹਿਰੇ ‘ਤੇ ਵਿਧਾਨ ਸਭਾ ‘ਚ ਪੈ ਗਿਆ ਰੌਲਾ, ਲੜ ਪਏ ਬੈਂਸ ਤੇ ਰੰਧਾਵਾ

TeamGlobalPunjab
3 Min Read

ਚੰਡੀਗੜ੍ਹ : ਬੀਤੀ ਕੱਲ੍ਹ ਪੰਜਾਬ ਵਿਧਾਨ ਸਭਾ ਅੰਦਰ ਲੋਕ ਇਨਸਾਫ ਪਾਰਟੀ ਅਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਉਸ ਵੇਲੇ ਸ਼ਬਦੀ ਝੜੱਪ ਹੋ ਗਈ ਜਦੋਂ ਰੰਧਾਵਾ ਨੇ ਜੇਲ੍ਹ ਅੰਦਰ ਬੰਦ ਕੈਦੀਆਂ ਵੱਲੋਂ ਪਾਬੰਧੀ ਵਾਲੀਆਂ ਚੀਜਾਂ ਲਿਜਾਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਅੰਮ੍ਰਿਤਧਾਰੀ ਸਿੰਘ ਆਪਣੇ ਕੱਛਹਿਰਿਆਂ ਵਿੱਚ ਲਕੋ ਕੇ ਵੀ ਅਜਿਹੀਆਂ ਵਸਤਾ ਲੈ ਜਾਂਦੇ ਹਨ। ਇਹ ਗੱਲ ਸੁਣਦਿਆਂ ਹੀ ਸਿਮਰਜੀਤ ਸਿੰਘ ਬੈਂਸ ਤੁਰੰਤ ਭੜਕ ਗਏ ਤੇ ਉਨ੍ਹਾਂ ਕਿਹਾ ਕਿ ਮੰਤਰੀ ਅਜਿਹਾ ਕਹਿ ਕੇ ਅੰਮ੍ਰਿਤਧਾਰੀ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਵੀ ਇੱਕ ਅਮ੍ਰਿਤਧਾਰੀ ਸਿੱਖ ਹਾਂ, ਤੇ ਮੈਨੂੰ ਇਹ ਦੋਸ਼ ਬੇਇੱਜ਼ਤੀ ਕਰਨ ਵਾਲੇ ਮਹਿਸੂਸ ਹੋਏ ਹਨ।

ਦੱਸ ਦਈਏ ਕਿ ਇਹ ਮਸਲਾ ਉਸ ਵੇਲੇ ਉੱਠ ਖੜ੍ਹਾ ਹੋਇਆ ਜਦੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਤੇ ਅਮਨ ਅਰੋੜਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲੁਧਿਆਣਾ ਜੇਲ੍ਹ ਅੰਦਰ ਕੈਦੀਆਂ ਦੀਆਂ ਹੋਈਆਂ ਖੂਨੀ ਝੜੱਪਾਂ ਤੇ ਅੱਗ ਲਾਉਣ ਦੀਆਂ ਘਟਨਾਵਾਂ, ਨਾਭਾ ਜੇਲ੍ਹ ‘ਚ ਮਾਰੇ ਗਏ ਮਹਿੰਦਰਪਾਲ ਬਿੱਟੂ ਦੇ ਕਤਲ ਦਾ ਮਾਮਲਾ ਚੁੱਕਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਜ਼ੁਰਮ ਦਾ ਰਾਜ ਹੋ ਗਿਆ ਹੈ। ਇਸ ਦੇ ਜਵਾਬ ਵਿੱਚ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਇਹ ਲਿਖਿਆ ਹੈ ਕਿ ਜੇਲ੍ਹ ਵਿਭਾਗ ਨੂੰ ਇੱਕ ਵੱਖਰਾ ਖੂਫੀਆ ਵਿੰਗ ਦਿੱਤਾ ਜਾਵੇ ਜਿਸ ਤੋਂ ਕਿ ਇਹ ਪਤਾ ਲੱਗੇ ਕਿ ਜੇਲ੍ਹ ਅੰਦਰ ਬੰਦ ਕੈਦੀ ਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ  ਇਸ ਵੇਲੇ ਸੂਬੇ ਦੀਆਂ ਜੇਲ੍ਹਾਂ ਅੰਦਰ ਬੰਦ 51 ਪ੍ਰਤੀਸ਼ਤ ਸਜ਼ਾ ਯਾਫਤਾ ਉਹ ਹਨ ਜਿਨ੍ਹਾਂ ਨੂੰ ਅਦਾਲਤਾਂ ਵੱਲੋਂ ਨਸ਼ਾ ਤਸਕਰੀ ‘ਚ ਸਜ਼ਾਵਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਅੰਦਰੋਂ ਮੋਬਾਇਲ ਫੋਨ ਅਤੇ ਨਸ਼ੇ ਫੜੇ ਜਾਣ ਤੋਂ ਬਾਅਦ ਅਸੀਂ ਜੇਲ੍ਹ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਹੈ।  ਰੰਧਾਵਾ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਅਸੀ਼ ਉੱਚ ਪਹੁੰਚ ਹਾਸਲ ਕੈਦੀ ਕੋਲ ਜੇਲ੍ਹ ਅੰਦਰ ਵੱਖਰੀ ਰਸੋਈ ਹਾਸਲ ਸੀ ਜਿਨ੍ਹਾਂ ਨੂੰ ਬਾਕੀ ਕੈਦੀਆਂ ਨਾਲ ਖਾਣਾ ਖਾਣ ਲਾ ਦਿੱਤਾ ਗਿਆ ਹੈ ਇਹ ਸਭ ਸਾਬਤ ਕਰਦਾ ਹੈ ਕਿ ਜੇਲ੍ਹ ਸੁਧਾਰਾਂ ਵਿੱਚ ਸਮਾਂ ਲੱਗੇਗਾ।

ਰੰਧਾਵਾ ਅਨੁਸਾਰ ਕਈ ਅਜਿਹੇ ਮਾਮਲੇ ਵੀ ਦੇਖਣ ਵਿੱਚ  ਆਏ ਹਨ ਕਿ ਕੁਝ ਅੰਮ੍ਰਿਤਧਾਰੀ ਸਿੱਖ ਪਾਬੰਧੀਸ਼ੁਦਾ ਚੀਜਾਂ ਨੂੰ ਉਹ ਲੋਕ ਆਪਣੇ ਕੱਛਹਿਰੇ ਅੰਦਰ ਛੁਪਾ ਕੇ ਜੇਲ੍ਹ ਅੰਦਰ ਲੈ ਗਏ ਸਨ। ਇਸੇ ਗੱਲ ਨੂੰ ਲੈ ਕੇ ਉੱਥੇ ਬੈਠੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਭੜਕ ਪਏ ਤੇ ਉਨ੍ਹਾਂ ਕਿਹਾ ਕਿ ਰੰਧਾਵਾ ਅਜਿਹਾ ਕਹਿ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸੁਣਦੇ ਸਾਰ ਰੰਧਾਵਾ ਵੀ ਭੜਕ ਪਏ ਤੇ ਉਨ੍ਹਾਂ ਕਿਹਾ ਕਿ ਉਹ ਵੀ ਇੱਕ ਅੰਮ੍ਰਿਤਧਾਰੀ ਸਿੱਖ ਹਨ ਤੇ ਉਹ ਅਜਿਹਾ ਉਸ ਵੀਡੀਓ ਦੇ ਅਧਾਰ ‘ਤੇ ਕਹਿ ਰਹੇ ਹਨ ਜਿਹੜੀ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਟ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਦੇ ਆਪਣੇ ਜਿਲ੍ਹੇ ਗੁਰਦਾਸਪੁਰ ‘ਚ ਵਾਪਰਿਆ ਹੈ। ਰੰਧਾਵਾ ਅਨੁਸਾਰ ਉਹ ਸਿਰਫ ਅਜਿਹੇ ਮਾਮਲਿਆਂ ਨੂੰ ਉਭਾਰ ਰਹੇ ਹਨ ਜਿੰਨਾਂ ਵਿੱਚ ਲੋਕ ਪਾਬੰਦੀਸ਼ੁਦਾ ਚੀਜਾਂ ਨੂੰ ਜੇਲ੍ਹ ਅੰਦਰ ਲਿਜਾਣ ਲਈ ਇਹੋ ਜਿਹੇ ਤਰੀਕੇ ਇਸਤਿਮਾਲ ਕਰਦੇ ਫੜੇ ਗਏ ਹਨ।

Share this Article
Leave a comment