ਅਸਤੀਫੇ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਨੇ ਖੋਲ੍ਹੀ ਬਾਦਲਾਂ ਦੀ ਪੋਲ? ਰੂਪੋਸ਼ ਹੋ ਸਕਦੇ ਹਨ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਗੁਰਬਚਨ ਸਿੰਘ

Prabhjot Kaur
6 Min Read

ਅੰਮ੍ਰਿਤਸਰ : ਹਿੰਦੀ ਦੀ ਕਹਾਵਤ ਹੈ, “ਹਮ ਤੋਂ ਡੂਬੇਂਗੇ ਸਨਮ ਤੁਮ ਕੋ ਭੀ ਲੇ ਡੂਬੇਂਗੇ।”ਇੰਝ ਜਾਪਦਾ ਹੈ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਅਹੁਦਾ ਛੱਡਣ ਜਾ ਰਹੇ ਗਿਆਨੀ ਇਕਬਾਲ ਸਿੰਘ ਇਹ ਕਹਾਵਤ ਸੱਚ ਕਰਨ ਜਾ ਰਹੇ ਹਨ। ਜੀ ਹਾਂ, ਇਸ ਖ਼ਬਰ ਦਾ ਵਿਸਥਾਰ ਪੜ੍ਹਨ ਤੋਂ ਬਾਅਦ ਤੁਸੀਂ ਵੀ ਇਹ ਮੰਨੋਗੇ ਕਿ ਕਿਤੇ-ਨਾ-ਕਿਤੇ ਇਹ ਗੱਲ ਸੱਚ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੀ ਕੱਲ੍ਹ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅੰਗਰੇਜ਼ੀ ਦੇ ਇੱਕ ਮੀਡੀਆ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਮੰਨਿਆ ਹੈ ਕਿ ਸਾਲ 2015 ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮਾਫੀ ਵਾਲੀ ਚਿੱਠੀ ਨਾਲ ਛੇੜਛਾੜ ਕਰਕੇ ਉਸ ਵਿੱਚ ਗਿਆਨੀ ਗੁਰਮੁੱਖ ਸਿੰਘ ਨੇ ਸ਼੍ਰੀ ਅਕਾਲ ਤਖ਼ਤ ‘ਤੇ ਰੱਖੇ ਇੱਕ ਕੰਪਿਊਟਰ ਰਾਹੀਂ ‘ਖਿਮਾਂ ਦਾ ਜਾਚਕ’ ਅੱਖਰ ਲਿਖ ਦਿੱਤੇ ਸਨ। ਗਿਆਨੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਇਹ ਕੰਮ ਉਸ ਵੇਲੇ ਦੇ ਤਖ਼ਤ ਸ਼੍ਰੀ ਤਲਵੰਡੀ ਸਾਬੋ ਦੇ ਜਥੇਦਾਰ ਨੇ ਆਪਣੇ ਇੱਕ ਨਜ਼ਦੀਕੀ ਅਤੇ ਵਿਸ਼ਵਾਸਪਾਤਰ ਨੂੰ ਦਿੱਲੀ ਤੋਂ ਬੁਲਾ ਕੇ ਕਰਵਾਇਆ ਸੀ। ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਦਾ ਇਹ ਬਿਆਨ ਅਜਿਹੇ ਸਮੇਂ ਦੌਰਾਨ ਆਇਆ ਹੈ, ਜਦੋਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਹੌਲੀ ਹੌਲੀ ਸਬੂਤਾਂ ਅਤੇ ਗਵਾਹਾਂ ਰਾਹੀਂ ਬਾਦਲਾਂ ਨੂੰ ਘੇਰਨ ਦੀ ਤਿਆਰੀ ਵਿੱਚ ਹੈ। ਸੂਤਰ ਦੱਸਦੇ ਹਨ ਕਿ ਇਸ ਬਿਆਨ ਦੇ ਪ੍ਰਕਾਸ਼ ਵਿੱਚ ਆਉਣ ਤੋਂ ਬਾਅਦ ਹੁਣ ਐਸਆਈਟੀ ਨੇ ਬਾਦਲਾਂ ‘ਤੇ ਸਿਕੰਜ਼ਾ ਕਸਣ ਦੀ ਪੂਰੀ ਤਿਆਰੀ ਕਰ ਲਈ ਹੈ।

ਆਪਣੀ ਇਸ ਇੰਟਰਵਿਊ ਵਿੱਚ ਗਿਆਨੀ ਇਕਬਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਹੈ ਕਿ ਜਿਹੜੀ ਚਿੱਠੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਕਥਿਤ ਤੌਰ ‘ਤੇ ਸ਼੍ਰੀ ਅਕਾਲੀ ਤਖ਼ਤ ਸਾਹਿਬ ‘ਤੇ ਭੇਜੀ ਸੀ, ਉਸ ਵਿੱਚ ਕਿਸੇ ਤਰ੍ਹਾਂ ਵੀ ਮਾਫੀ ਮੰਗੇ ਜਾਣ ਦੀ ਕੋਈ ਗੱਲ ਨਹੀਂ ਲਿਖੀ ਗਈ ਸੀ, ਤੇ ‘ਖਿਮਾਂ ਦਾ ਜਾਚਕ’ ਅੱਖਰ ਸੌਦਾ ਸਾਧ ਵੱਲੋਂ ਭੇਜੀ ਗਈ ਚਿੱਠੀ ਅੰਦਰ ਉਸ ਜਗ੍ਹਾ ‘ਤੇ ਲਿਖ ਲਏ ਗਏ ਜਿਸ ਜਗ੍ਹਾ ਚਿੱਠੀ ‘ਤੇ ਰਾਮ ਰਹੀਮ ਨੇ ਹਸਤਾਖ਼ਰ ਕੀਤੇ ਸਨ।

ਦੱਸ ਦਈਏ ਕਿ ਸਾਲ 2015 ਦੌਰਾਨ ਜਿਸ ਵੇਲੇ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ, ਉਸ ਵੇਲੇ ਗਿਆਨੀ ਇਕਬਾਲ ਸਿੰਘ ਵੀ ਉਨ੍ਹਾਂ ਪੰਜਾਂ ਜਥੇਦਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਉਸ ਮਾਫੀਨਾਮੇ ‘ਤੇ ਹਸਤਾਖ਼ਰ ਕੀਤੇ ਸਨ। ਇਨ੍ਹਾਂ ਪੰਜਾਂ ਜਥੇਦਾਰਾਂ ਵਿੱਚੋਂ 3 ਜਥੇਦਾਰ ਨਿਯਮਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਸਨ ਤੇ 2 ਜਥੇਦਾਰ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਧੇ ਤੌਰ ‘ਤੇ ਅਧੀਨ ਨਹੀਂ ਹਨ।

ਗਿਆਨੀ ਇਕਬਾਲ ਸਿੰਘ ਵੱਲੋਂ ਮਾਫੀਨਾਮੇ ਵਿੱਚ ਕੀਤੀ ਗਈ ਗੜਬੜ ਸਬੰਧੀ ਇਹ ਖੁਲਾਸਾ ਉਸ ਵੇਲੇ ਕੀਤਾ ਗਿਆ ਹੈ ਜਦੋਂ ਉਸ ਮਾਫੀਨਾਮੇ ਦੇ ਜ਼ਾਰੀ ਹੋਣ ਤੋਂ ਬਾਅਦ ਸਾਲ 2015 ਦੌਰਾਨ ਹੀ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਵਾਪਰੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਇਹ ਜਾਣਨ ਲਈ ਜਾਂਚ ਵਿੱਚ ਸ਼ਾਮਲ ਕਰਨ ਦੀ ਯੋਜਨਾਂ ਬਣਾ ਰਹੀ ਹੈ ਕਿ ਉਸ ਮਾਫੀਨਾਮੇ ਦਾ ਸਾਲ 2015 ਦੌਰਾਨ ਹੀ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਨਾਲ ਕੀ ਸਬੰਧ ਸੀ ?

- Advertisement -

ਆਪਣੀ ਇਸ ਇੰਟਰਵਿਊ ਵਿੱਚ ਗਿਆਨੀ ਇਕਬਾਲ ਸਿੰਘ ਨੇ ਮੀਡੀਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 24 ਸਤੰਬਰ 2015 ਨੂੰ ਉਨ੍ਹਾਂ ਨੂੰ ਇੱਕ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ। ਜਿਸ ਮੀਟਿੰਗ ਦਾ ਗਿਆਨੀ ਇਕਬਾਲ ਸਿੰਘ ਨੂੰ ਖਰੜਾ ਤਾਂ ਨਹੀਂ ਦੱਸਿਆ ਗਿਆ, ਪਰ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਨੂੰ ਇੰਨਾਂ ਜਰੂਰ ਕਿਹਾ ਗਿਆ ਕਿ ਡੇਰਾ ਸੱਚਾ ਸੌਦਾ ਮੁਖੀ ਵੱਲੋਂ ਕੋਈ ਚਿੱਠੀ ਭੇਜੀ ਗਈ ਹੈ। ਗਿਆਨੀ ਇਕਬਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਦੱਸਿਆ ਗਿਆ ਸੀ ਕਿ ਪੰਜਾਬ ਵਿੱਚ ਇਸ ਲਈ ਅਸ਼ਾਂਤੀ ਦਾ ਮਹੌਲ ਬਣਿਆ ਹੋਇਆ ਹੈ ਕਿਉਂਕਿ ਜ਼ਿਆਦਾਤਰ ਘਰਾਂ ਵਿੱਚ ਇੱਕ ਮੈਂਬਰ ਸਿੱਖ ਅਤੇ ਇੱਕ ਡੇਰਾ ਪ੍ਰੇਮੀ ਹੈ। ਗਿਆਨੀ ਇਕਬਾਲ ਸਿੰਘ ਅਨੁਸਾਰ ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਡੇਰਾ ਮੁਖੀ ਨੂੰ ਮਾਫੀ ਦਿੱਤੇ ਜਾਣ ਨਾਲ ਪੰਜਾਬ ਵਿੱਚ ਸ਼ਾਂਤੀ ਦਾ ਮਹੌਲ ਕਾਇਮ ਕਰਨ ਵਿੱਚ ਸਹਾਇਤਾ ਮਿਲੇਗੀ।

ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਤਖ਼ਤ ਸ਼੍ਰੀ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਹੀ ਉਹ ਸਖਸ਼ ਸਨ ਜਿਨ੍ਹਾਂ ਨੇ ਦਿੱਲੀ ਤੋਂ ਆਪਣਾ ਖਾਸ ਵਿਸ਼ਵਾਸਪਾਤਰ ਬੁਲਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਰੱਖੇ ਕੰਪਿਊਟਰ ਰਾਹੀਂ ਡੇਰਾ ਮੁਖੀ ਦੀ ਚਿੱਠੀ ‘ਤੇ ‘ਖਿਮਾਂ ਦਾ ਜਾਚਕ’ ਅੱਖਰ ਦਰਜ਼ ਕਰਵਾ ਦਿੱਤੇ ਸਨ। ਗਿਆਨੀ ਹੁਰਾਂ ਕਿਹਾ ਕਿ ਉਨ੍ਹਾਂ ਨੇ ਉਸ ਛੇੜਛਾੜ ਕੀਤੀ ਗਈ ਚਿੱਠੀ ‘ਤੇ ਹਸਤਾਖ਼ਰ ਇਸ ਪ੍ਰਭਾਵ ਹੇਠ ਕਰ ਦਿੱਤੇ ਸਨ ਕਿ ਅਜਿਹਾ ਕਰਨ ਨਾਲ ਪੰਜਾਬ ਵਿੱਚ ਸ਼ਾਂਤੀ ਕਾਇਮ ਹੋਵੇਗੀ। ਉਨ੍ਹਾਂ ਕਿਹਾ ਕਿ ਅਸਲ ਜ਼ਮੀਨੀ ਹਲਾਤ ਤੋਂ ਉਹ ਜਾਣੂ ਨਹੀਂ ਸਨ। ਜਥੇਦਾਰ ਅਨੁਸਾਰ 16 ਅਕਤੂਬਰ 2015 ਨੂੰ ਜਦੋਂ ਉਨ੍ਹਾਂ ਨੂੰ ਦੁਆਰਾ ਬੁਲਾਇਆ ਗਿਆ ਤਾਂ ਡੇਰਾ ਮੁਖੀ ਦੀ ਜਿਸ ਚਿੱਠੀ ਨਾਲ ਛੇੜਛਾੜ ਕੀਤੀ ਗਈ ਸੀ ਉਸ ਅੰਦਰ ਬਾਅਦ ਵਿੱਚੋਂ ਛੇੜਛਾੜ ਕਰਕੇ ਦਰਜ਼ ਕੀਤੇ ਗਏ ਅੱਖਰ ਹਟਾ ਦਿੱਤੇ ਗਏ ਸਨ।

ਇਸ ਸਬੰਧ ਵਿੱਚ ਮੀਡੀਆ ਨੇ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਅਜੇ ਪੰਜਾਬ ਤੋਂ ਬਾਹਰ ਹਾਂ, ਤੇ ਜਦੋਂ ਵਾਪਸ ਆਵਾਂਗਾਂ ਇਸ ਮਸਲੇ ‘ਤੇ ਤਾਂ ਹੀ ਬੋਲਾਂਗਾ।

 

Share this Article
Leave a comment