ਵਾਸ਼ਿੰਗਟਨ : ਅਮਰੀਕਾ ਜਾਣ ਲਈ ਅੱਜ ਕੱਲ੍ਹ ਹਰ ਕੋਈ ਉਤਾਵਲਾ ਹੋਇਆ ਫਿਰਦਾ ਹੈ। ਪਰ ਉਨ੍ਹਾਂ ਅਮਰੀਕਾ ਜਾਣ ਵਾਲੇ ਲੋਕਾਂ ਦੀਆਂ ਇੱਛਾਵਾਂ ਦਾ ਗਲਾ ਘੁੱਟਦਾ ਨਜ਼ਰ ਆ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਨੂੰ ਸਾਫ ਚਿਤਾਵਨੀ ਜਾਰੀ ਕੀਤੀ ਹੈ ਕਿ ਅਮਰੀਕਾ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਤੇ ਅਸੀਂ ਇੱਥੇ ਹੋਰ ਲੋਕਾਂ ਨੂੰ ਨਹੀਂ ਰੱਖ ਸਕਦੇ। ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਬੇਹਤਰ ਹੋਵੇਗਾ ਕਿ ਤੁਸੀਂ ਵਾਪਸ ਪਰਤ ਜਾਓਂ। ਟਰੰਪ ਇੱਥੇ ਅਮਰੀਕੀ ਸੀਮਾਂ ‘ਤੇ ਤਾਇਨਾਤ ਏਜੰਟਾਂ ਨੂੰ ਮਿਲਣ ਪਹੁੰਚੇ ਸਨ।
ਟਰੰਪ ਨੇ ਫੌਜੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਸਿਸਟਮ ‘ਤੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਪਰ ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ। ਇਸ ਤੋਂ ਬਾਅਦ ਉਨ੍ਹਾਂ ਨੇ ਵਾਪਸ ਜਾਣ ਦੀ ਚਿਤਾਵਨੀ ਵੀ ਜਾਰੀ ਕੀਤੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਟਰੰਪ ਵੱਲੋਂ ਅਮਰੀਕਾ ਵਿੱਚ ਫਰਵਰੀ ‘ਚ ਐਮਰਜੈਂਸੀ ਐਲਾਨੇ ਜਾਣ ਵਾਲੇ ਫੈਸਲੇ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਹੈ, ਉੱਥੇ ਸਰਹੱਦ ‘ਤੇ ਕੰਧ ਉਸਰਾਨ ਦੇ ਫੈਸਲੇ ਵਿਰੁੱਧ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੇਜ਼ੇਂਟੇਟਿਵਸ ਨੇ ਵੀ ਨਰਾਜ਼ਗੀ ਜ਼ਾਹਰ ਕਰਦਿਆਂ ਇਸ ਮਾਮਲੇ ਨੂੰ ਅਦਾਲਤ ਵਿੱਚ ਘੜੀਸ ਲਿਆ ਹੈ। ਜਾਣਕਾਰੀ ਮੁਤਾਬਿਕ ਇਸ ਮੁਕੱਦਮੇਂ ਵਿੱਚ ਹੇਠਲੇ ਸਦਨ ਨੇ ਟਰੰਪ ‘ਤੇ ਆਪਣੀਆਂ ਸ਼ਕਤੀਆਂ ਦੀ ਨਾਜ਼ਾਇਜ਼ ਵਰਤੋਂ ਕਰਨ ਦਾ ਦੋਸ਼ ਲਾਇਆ ਹੈ।
ਦੱਸ ਦਈਏ ਕਿ ਮੈਕਸਿਕੋ ਸਰਹੱਦ ‘ਤੇ ਦੀਵਾਰ ਉਸਾਰਨ ਵਾਸਤੇ ਮਾਲੀਆ ਇਕੱਤਰ ਕਰਨ ਦੀ ਲੋੜ ਸੀ, ਜਿਸ ਲਈ ਟਰੰਪ ਵੱਲੋਂ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਇਸ ਸਬੰਧ ਵਿੱਚ ਸੌ ਕਰੋੜ ਡਾਲਰ ਦੀ ਰਕਮ ਜਾਰੀ ਕੀਤੀ ਹੈ। ਜਦਕਿ ਕੰਧ ਦੀ ਉਸਾਰੀ ਲਈ ਕੁੱਲ 40 ਹਜ਼ਾਰ ਕਰੋੜ ਰੁਪਏ ਯਾਨੀ 5.7 ਬਿਲੀਅਨ ਡਾਲਰ ਦੀ ਲੋੜ ਹੈ।