ਅਬੋਹਰ : ਇੰਨੀ ਦਿਨੀ ਦੇਸ਼ ਅੰਦਰ ਜਿੱਥੇ ਆਮ ਲੋਕਾਂ ਦੀ ਕੁੱਟਮਾਰ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਉੱਥੇ ਹੁਣ ਵਿਧਾਇਕਾਂ ਅਤੇ ਸੀਨੀਅਰ ਆਗੂਆਂ ‘ਤੇ ਵੀ ਹਮਲੇ ਹੋਣ ਲੱਗ ਪਏ ਹਨ। ਜੀ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੋਂ ਬਾਅਦ ਹੁਣ ਇੱਥੋਂ ਦੇ ਪਿੰਡ ਖਾਟਵਾ ਦੇ ਸੀਨੀਅਰ ਅਕਾਲੀ ਆਗੂ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਪ੍ਰਹਿਲਾਦ ਖਾਟਵਾ ‘ਤੇ ਵੀ ਅੱਜ ਸਵੇਰ ਸਾਢੇ 8 ਵਜੇ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਂਝ ਭਾਵੇਂ ਇਸ ਹਮਲੇ ਦੌਰਾਨ ਪ੍ਰਹਿਲਾਦ ਦੀ ਜਾਨ ਬਚ ਗਈ ਪਰ ਇਸ ਮੌਕੇ ਅਕਾਲੀ ਆਗੂ ਦੇ ਸਮਰਥਕਾਂ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ‘ਚ ਇੱਕ ਹਮਲਾਵਰ ਦੀ ਵੀ ਮੌਤ ਹੋ ਗਈ ਅਤੇ ਇੱਕ ਨੂੰ ਲੋਕਾਂ ਨੇ ਫੜ ਲਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਹੱਥ ਆਏ ਹਮਲਾਵਰ ਦੀ ਗ੍ਰਿਫਤਾਰੀ ਪਾ ਦਿੱਤੀ ਹੈ। ਪੁਲਿਸ ਅਨੁਸਾਰ ਤਫਤੀਸ਼ ਜਾਰੀ ਹੈ ਅੱਗੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾਂ ਹੈ।