ਫਰੀਦਕੋਟ : ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੇ ਗੋਲੀ ਕਾਂਡ ਮਾਮਲੇ ‘ਚ ਨਾਮਜ਼ਦ ਮੁਲਜ਼ਮ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਇੱਥੋਂ ਦੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਵਿੱਚ ਆਪਣੀ ਜ਼ਮਾਨਤ ਦਾਖਲ ਕਰ ਦਿੱਤੀ ਗਈ ਹੈ। ਅਦਾਲਤ ਵੱਲੋਂ ਇਸ ਅਰਜ਼ੀ ‘ਤੇ 6 ਮਾਰਚ ਨੂੰ ਸੁਣਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਅਦਾਲਤ ਨੇ ਸਰਕਾਰੀ ਪੱਖ ਨੂੰ 6 ਮਾਰਚ ਵਾਲੇ ਦਿਨ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ 2015 ‘ਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ‘ਤੇ ਹੋਈ ਪੁਲਿਸ ਕਾਰਵਾਈ ਮੌਕੇ ਉਮਰਾਨੰਗਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ‘ਤੇ ਤਾਇਨਾਤ ਸਨ,ਪਰ ਇਸ ਦੇ ਬਾਵਜੂਦ ਉਨ੍ਹਾਂ ‘ਤੇ ਦੋਸ਼ ਹੈ ਕਿ ਉਹ ਲੁਧਿਆਣਾ ਤੋਂ 200 ਦੇ ਕਰੀਬ ਪੁਲਿਸ ਮੁਲਾਜ਼ਮ ਲੈ ਕੇ ਫਰੀਦਕੋਟ ਪਹੁੰਚੇ ਤੇ ਉੱਥੇ ਉਨ੍ਹਾਂ ਨੇ ਗੋਲੀ ਕਾਂਡ ਦੀਆਂ ਮੰਦਭਾਗੀ ਘਟਨਾਵਾਂ ਦੌਰਾਨ ਪੁਲਿਸ ਟੀਮ ਦੀ ਅਗਵਾਈ ਕੀਤੀ। ਇਸ ਕਰਕੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਵੱਲੋਂ ਉਮਰਾਨੰਗਲ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਆਈਜੀ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਕਾਰਨ 18 ਫਰਵਰੀ ਨੂੰ ਐਸਆਈਟੀ ਨੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਦਾਲਤ ਵੱਲੋਂ 2 ਵਾਰ 3-3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜੇ ਜਾਣ ਤੋਂ ਬਾਅਦ ਰਿਮਾਂਡ ਖਤਮ ਹੋਣ ‘ਤੇ ਆਈ ਜੀ ਨੂੰ 26 ਫਰਵਰੀ ਵਾਲੇ ਦਿਨ ਨਿਆਂਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਜਿੱਥੋਂ ਹੁਣ ਉਮਰਾਨੰਗਲ ਨੇ ਸੀਆਰਪੀਸੀ ਦੀ ਧਾਰਾ 439 ਸੀਆਰਪੀਸੀ ਤਹਿਤ ਪੱਕੀ ਜ਼ਮਾਨਤ ਹਾਸਲ ਕਰਨ ਲਈ ਅਦਾਲਤ ਵਿੱਚ ਅਰਜ਼ੀ ਪਾਈ ਗਈ ਹੈ। ਜ਼ਮਾਨਤ ਅਰਜ਼ੀ ਅੰਦਰ ਉਮਰਾਨੰਗਲ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਉਸਨੇ ਕਾਰਜਕਾਰੀ ਮੈਜਿਸਟ੍ਰੇਟ ਦੇ ਲਿਖਤੀ ਹੁਕਮਾਂ ਤੋਂ ਬਾਅਦ ਹੀ ਭੀੜ ਨੂੰ ਤਿਤਰ ਬਿਤਰ ਲਈ ਹਵਾਈ ਫਾਇਰਿੰਗ ਕੀਤੀ ਸੀ ਤੇ ਆਪਣੇ ਅਧਿਕਾਰਾਂ ਦੀ ਕੋਈ ਦੁਰਵਰਤੋਂ ਨਹੀਂ ਕੀਤੀ । ਜਦਕਿ ਦੂਜੇ ਪਾਸੇ ਡਿਊਟੀ ਮੈਜਿਸਟ੍ਰੇਟ ਕੋਲੋਂ ਜਦੋਂ ਐਸਆਈਟੀ ਨੇ ਪੁੱਛਗਿੱਛ ਕੀਤੀ ਸੀ ਤਾਂ ਉਸ ਨੇ ਖੁਦ ਮੰਨਿਆ ਸੀ ਕਿ ਪੁਲਿਸ ਨੇ ਉਸ ਵੇਲੇ ਗੋਲੀ ਚਲਾਉਣ ਦੇ ਹੁਕਮ ਉਨ੍ਹਾਂ ਤੋਂ ਜਬਰਦਸਤੀ ਲਏ ਸਨ। ਜਿਸ ਤੋਂ ਬਾਅਦ ਐਸਆਈਟੀ ਡਿਊਟੀ ਮੈਜਿਸਟ੍ਰੇਟ ਦਾ ਇਹ ਬਿਆਨ 164 ਸੀਆਰਪੀਸੀ ਦੀ ਧਾਰਾ ਤਹਿਤ ਅਦਾਲਤ ਵਿੱਚ ਜੱਜ ਅੱਗੇ ਵੀ ਦਰਜ਼ ਕਰਵਾ ਚੁੱਕੀ ਹੈ।
ਅਦਾਲਤ ਵਿੱਚ ਪਾਈ ਗਈ ਉਮਰਾਨੰਗਲ ਦੀ ਅਰਜ਼ੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਮਾਹਰ ਆਪਣੀ ਰਾਏ ਦਿੰਦੇ ਹਨ ਕਿ ਅਜਿਹੇ ਵਿੱਚ ਉਮਰਾਨੰਗਲ ਬਾਰੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਇਹ ਦਾਅਵਾ ਕਿ ਗੋਲੀ ਚਲਾਉਣ ਦੇ ਹੁਕਮ ਲਿਖਤੀ ਤੌਰ ‘ਤੇ ਮੈਜਿਸਟ੍ਰੇਟ ਤੋਂ ਲਏ ਸਨ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਅਰਜ਼ੀ ‘ਤੇ ਸੁਣਵਾਈ ਕਰਦਿਆਂ ਸਰਕਾਰੀ ਪੱਖ ਡਿਊਟੀ ਮੈਜਿਸਟ੍ਰੇਟ ਦਾ ਦਿੱਤਾ ਗਿਆ ਬਿਆਨ ਪੇਸ਼ ਕਰਦੇ ਹਨ ਜਾਂ ਨਹੀਂ ਤੇ ਪੇਸ਼ ਕੀਤੇ ਜਾਣ ਤੋਂ ਬਾਅਦ ਅਦਾਲਤ ਪੂਰੇ ਤੱਥਾਂ ਨੂੰ ਵਿਚਾਰਨ ਤੋਂ ਬਾਅਦ ਅਦਾਲਤ ਇਸ ਤੇ ਕੀ ਰੁੱਖ ਅਖਤਿਆਰ ਕਰਦੇ ਹਨ।
ਅਦਾਲਤ ਨੂੰ ਵੀ ਗੁੰਮਰਾਹ ਕਰ ਰਿਹੈ ਉਮਰਾਨੰਗਲ ?
Leave a comment
Leave a comment