ਜਲੰਧਰ : ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਕੁਝ ਸੀਸੀਟੀਵੀ ‘ਚ ਕੈਦ ਵੀਡੀਓ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ। ਇਨ੍ਹਾਂ ਤਸਵੀਰਾਂ ਨੂੰ ਦੇਖਣ ਨਾਲ ਪਤਾ ਲਗਦਾ ਹੈ ਕਿ ਕੁਝ 8-9 ਨੌਜਵਾਨ ਇੱਕ ਮੁੰਡੇ ਨੂੰ ਬਜ਼ਾਰ ‘ਚ ਸ਼ਰੇਆਮ ਕੁੱਟ ਰਹੇ ਹਨ। ਤਸਵੀਰਾਂ ‘ਚ ਸਾਫ ਦਿਖਾਈ ਦਿੰਦਾ ਹੈ ਕਿ ਪਹਿਲਾਂ ਤਾਂ ਇਹ ਇਸ ਮੁੰਡੇ ਨੂੰ ਖਿੱਚ ਕੇ ਸੜਕ ਲਿਆਉਂਦੇ ਹਨ ਅਤੇ ਫਿਰ ਥੱਪੜ ਮਾਰ ਕੇ ਉਸ ਨੂੰ ਧੱਕਾ ਮਾਰਦੇ ਹਨ, ਜਿਸ ਨਾਲ ਇਹ ਮੁੰਡਾ ਸੜਕ ‘ਤੇ ਡਿੱਗ ਜਾਂਦਾ ਹੈ, ਪਰ ਉਹ ਨੌਜਵਾਨ ਉੱਥੇ ਵੀ ਉਸ ਨੂੰ ਲੱਤਾਂ ਅਤੇ ਮੁੱਕੇ ਮਾਰਦੇ ਰਹਿੰਦੇ ਹਨ। ਇਹ ਵੀਡੀਓ ਅੱਗੇ ਚਲਦੀ ਹੈ ਤਾਂ ਦਿਖਾਈ ਦਿੰਦਾ ਹੈ ਕਿ ਇਹ ਨੌਜਵਾਨ ਵਿਦਿਆਰਥੀ ਉਨ੍ਹਾਂ ਤੋਂ ਬਚਣ ਦੇ ਲਈ ਅੱਗੇ ਜਾਂਦਾ ਹੈ ਤਾਂ ਉਹ ਉਸ ਨੂੰ ਖਿੱਚ ਕੇ ਅੱਗੇ ਲੈ ਜਾਂਦੇ ਹਨ।
ਜਾਣਕਾਰੀ ਮੁਤਾਬਕ ਸੀਸੀਟੀਵੀ ‘ਚ ਕੈਦ ਇਹ ਵੀਡੀਓ ਤਸਵੀਰਾਂ ਜਲੰਧਰ ਦੀਆਂ ਹਨ ਅਤੇ ਜਿਸ ਨੋਜਵਾਨ ਵਿਦਿਆਰਥੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਸ ਦਾ ਨਾਮ ਮਾਨਵ ਹੈ ਅਤੇ ਉਹ ਬਸਤੀ ਦਾਨਿਸ਼ਮੰਦਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਦੋਂ ਸਾਡੇ ਪੱਤਰਕਾਰ ਨੇ ਮਾਨਵ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਸਕੂਲ ਜਾ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਪਹਿਲਾਂ ਤਾਂ ਉਸ ਨੂੰ ਪਸਤੌਲ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਉਸ ਦੀ ਕੁੱਟ ਮਾਰ ਵੀ ਕੀਤੀ। ਉਨ੍ਹਾਂ ਕੁੱਟਣ ਵਾਲਿਆਂ ਬਾਰੇ ਬੋਲਦਿਆਂ ਮਾਨਵ ਉਨ੍ਹਾਂ ਦੇ ਨਾਮ ਸੰਦੀਪ, ਰਾਹੁਲ ਦੇ ਨਾਮ ਲਏ ਅਤੇ ਬਾਕੀਆਂ ਬਾਰੇ ਬੋਲਦਿਆਂ ਕਿਹਾ ਕਿ ਉਹ ਦੂਜੀਆਂ ਨੂੰ ਨਹੀਂ ਜਾਣਦਾ ਸੀ।
ਇਸ ਸਬੰਧੀ ਜਦੋਂ ਮਾਨਵ ਦੀ ਮਾਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਕੁੱਟਮਾਰ ਦਾ ਕਾਰਨ ਮਾਨਵ ਦਾ ਇੱਕ ਕੁੜੀ ਨੂੰ ਪਿਆਰ ਕਰਨਾ ਹੈ ਜਿਸ ਲਈ ਕੁੜੀ ਦੇ ਭਰਾਵਾਂ ਨੇ ਮਾਨਵ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਇੱਧਰ ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਿਪੋਰਟ ਦਰਜ ਕਰ ਲਈ ਹੈ ਅਤੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਮਾਮਲੇ ‘ਚ ਕੁੱਟਮਾਰ ਕਰਨ ਦੀ ਅਸਲੀ ਵਜ੍ਹਾ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ, ਪਰ ਸ਼ਰੇਆਮ ਇੱਕ ਵਿਦਿਆਰਥੀ ਨਾਲ ਕੁੱਟਮਾਰ ਕਰਨ ਨਾਲ ਇੰਝ ਲੱਗਦਾ ਹੈ ਕਿ ਲੋਕਾਂ ਦੇ ਮਨ ‘ਚ ਕਾਨੂੰਨ ਦਾ ਕੋਈ ਡਰ ਨਹੀਂ ਹੈ।
https://youtu.be/LyhDx3MrTsI