ਅੰਮ੍ਰਿਤਸਰ : ਇੰਝ ਜਾਪਦਾ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਵਲੋਂ ਮੌਜੂਦਾ ਚੋਣਾਂ ਦੌਰਾਨ ਕਾਂਗਰਸ ਦੀ ਹਾਰ ਹੋਣ ‘ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਬਿਆਨ ‘ਤੇ ਸਿਆਸਤ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ । ਇਸ ਸਬੰਧੀ ਜਿੱਥੇ ਵਿਰੋਧੀ ਧਿਰਾਂ ਕੈਪਟਨ ਤੋਂ ਅਸਤੀਫ਼ੇ ਦੀ ਮੰਗ ਕਰ ਰਹੀਆਂ ਨੇ ਉੱਥੇ ਦੂਜੇ ਪਾਸੇ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ਕੈਪਟਨ ਅਮਰਿੰਦਰ ਤੋਂ ਅਸਤੀਫਾ ਮੰਗ ਲਿਆ ਹੈ। ਡਾ. ਸਿੱਧੂ ਨੇ ਕਿਹਾ ਕਿ ਕੈਪਟਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਕਾਂਗਰਸ ਸਰਕਾਰ ਬਣੇ ਨੂੰ ਦੋ ਸਾਲ ਬੀਤ ਗਏ ਹਨ ਤੇ ਜੇਕਰ ਛੇ ਮਹੀਨੇ ਹੁੰਦੇ ਤਾਂ ਉਹ ਕਹਿ ਸਕਦੇ ਸਨ ਕਿ ਕੈਪਟਨ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ। ਪਰ ਹੁਣ ਤੱਕ ਸਰਕਾਰ ਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਚੰਗੀ ਕਾਰਗੁਜ਼ਾਰੀ ਲਈ ਜਵਾਬਦੇਹ ਬਣਾਇਆ ਜਾ ਰਿਹਾ ਹੈ, ਇਹ ਚੰਗੀ ਗੱਲ ਹੈ ਮੈਂ ਇਸ ਦੀ ਤਾਰੀਫ਼ ਕਰਦੀ ਹਾਂ। ਡਾ. ਸਿੱਧੂ ਨੇ ਕਿਹਾ ਕਿ ਮੈਂ ਪਿਛਲੇ ਮੁੱਖ ਮੰਤਰੀ ਨੂੰ ਵੀ ਕਿਹਾ ਸੀ ਕਿ ਅਸੀਂ ਜਿਸ ਦਿਨ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੀ ਮਹੀਨਾ ਵਾਰ ਕਾਰਗੁਜ਼ਾਰੀ ਚੈੱਕ ਕਰਨ ਲੱਗ ਜਾਵਾਂਗੇ, ਉਸ ਦਿਨ ਸਾਡੇ ਵਿਧਾਇਕਾਂ ਤੇ ਮੰਤਰੀਆਂ ਦੀ ਕਾਰਗੁਜ਼ਾਰੀ ਵੀ ਚੰਗੀ ਹੋ ਜਾਵੇਗੀ ਤੇ ਪੰਜਾਬ ਸੂਬੇ ਦਾ ਭਲਾ ਵੀ ਹੋਏਗਾ। ਹੁਣ ਜੇਕਰ ਮੁੱਖ ਮੰਤਰੀ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੀ ਕਾਰਗੁਜ਼ਾਰੀ ਚੈੱਕ ਕਰਨ ਹੀ ਲੱਗ ਪਏ ਹਨ ਤੇ ਇਸ ਦੌਰਾਨ ਜੇ ਲੋਕ ਸਾਨੂੰ ਨਕਾਰਦੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੀ ਕਾਰਗੁਜ਼ਾਰੀ ਉਮੀਦਾਂ ‘ਤੇ ਖਰੀ ਨਹੀਂ ਉਤਰ ਰਹੀ। ਇਸਦਾ ਮਤਲਬ ਸਾਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਡਾ. ਨਵਜੋਤ ਕੌਰ ਸਿੱਧੂ ਨੇ ਮਨੀਸ਼ ਤਿਵਾੜੀ ਦਾ ਨਾਮ ਲਏ ਬਿਨਾਂ ਜਨਤਾ ਨੂੰ ਅਪੀਲ ਕੀਤੀ ਕਿ ਬਾਹਰਲੇ ਹਲਕਿਆਂ ਤੋਂ ਆਕੇ ਇੱਥੇ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਲੋਕ ਹਰਾ ਦੇਣ।
ਦੱਸ ਦਈਏ ਕਿ ਡਾ. ਸਿੱਧੂ ਦੀ ਚੰਡੀਗੜ੍ਹ ਤੋਂ ਟਿਕਟ ਕੱਟਣ ਤੋਂ ਸਿੱਧੂ ਜੋੜਾ ਕੈਪਟਨ ਤੋਂ ਬੇਹਦ ਖ਼ਫ਼ਾ ਹੈ। ਸ਼ਾਇਦ ਇਸੇ ਲਈ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਹੁਣ ਉਨ੍ਹਾਂ ਦੀ ਪਤਨੀ ਨੇ ਕੈਪਟਨ ਵਿਰੁੱਧ ਖੁੱਲ੍ਹ ਕੇ ਬਿਆਨ ਦਿਤਾ ਹੈ। ਕੈਪਟਨ ਪਹਿਲਾਂ ਹੀ ਹਾਈਕਮਾਂਡ ਕੋਲੋਂ ਸਿੱਧੂ ਵਿਰੁੱਧ ਕਾਰਵਾਈ ਦੀ ਮੰਗ ਕਰ ਚੁਕੇ ਹਨ।ਦੇਖਣਾ ਹੋਵਗਾ ਕੀ ਕਾਂਗਰਸ ਪਾਰਟੀ ਇਸ ਮਾਹੌਲ ਵਿੱਚ ਸਿੱਧੂ ਜੋੜੇ ਦੀ ਸੁਣਦੀ ਹੈ ਜਾਂ ਕੈਪਟਨ ਦੀ।
https://youtu.be/1AS_GJiH0IE