‘ਕਿਸਾਨੀ ਅੰਦੋਲਨ ਨੇ ਰਾਜਨੀਤੀ ਦੇ ਨਾਲ-ਨਾਲ ਇੱਕ ਨੈਤਿਕ ਮੁਹਾਵਰੇ ਨੂੰ ਮੁੜ ਤੋਂ ਅਰਥ ਦਿੱਤੇ’

TeamGlobalPunjab
5 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਦੇ ਵਿਚਾਰਕ ਇਤਿਹਾਸਕਾਰ ਅਤੇ ‘ਅਦਾਰਾ 23 ਮਾਰਚ‘ ਦੇ ਡਾਇਰੈਕਟਰ ਡਾ: ਸੁਮੇਲ ਸਿੰਘ ਸਿੱਧੂ ਨੇ “ਕਿਸਾਨ ਸੰਘਰਸ ਦਾ ਸਿਧਾਂਤਕ ਪਿੜ: ਪੰਜਾਬੀ ਇਤਿਹਾਸ ਵਿਚ ਸਿੱਖ ਲਹਿਰ ਅਤੇ ਮਾਰਕਸਵਾਦ“ ਵਿਸ਼ੇ ‘ਤੇ ਕਰਵਾਏ ਗਏ ਅੰਤਰਰਾਸ਼ਟਰੀ ਵੈਬੀਨਾਰ ‘ਚ ਕਿਹਾ ਕਿ ਕਿਸਾਨ ਅੰਦੋਲਨ ਨੇ ਸਾਂਝੀ ਲੜਾਈ ਲਈ ਉੱਦਮ ਕਰਕੇ ਬਿਲਕੁਲ ਨਵੀਂ ਮਿਸਾਲ ਪੈਦਾ ਕੀਤੀ ਹੈ। ਇਹ ਸੂਝ ਕਿੱਥੋਂ ਆਈ ? ਇਸ ਨੇ 1981 ਵਾਲੇ ਕਪੂਰੀ ਦੇ ਮੋਰਚੇ ਦੀ ਵੀ ਯਾਦ ਤਾਜ਼ਾ ਕੀਤੀ ਹੈ। ਇਸ ਨੇ ਆਰਥਿਕ ਮੰਗਾਂ, ਰਾਜਨੀਤਕ ਸਮਝਦਾਰੀ ਨਾਲੋਂ ਵੀ ਵੱਧ ਇੱਕ ਨੈਤਿਕ ਸਵਾਲ ਖੜ੍ਹਾ ਕੀਤਾ ਹੈ ਜਿਸ ਕਰ ਕੇ ਹਰੇਕ ਪੰਜਾਬੀ ਕਹਾਉਣ ਵਾਲੇ ਲਈ ਇਸ ਮੋਰਚੇ ਦਾ ਸਮਰਥਨ ਕਰਨਾ ਜ਼ਰੂਰੀ ਹੋ ਗਿਆ ਹੈ। ਕਿਸਾਨੀ ਅੰਦੋਲਨ ਨੇ ਰਾਜਨੀਤੀ ਦੇ ਨਾਲ-ਨਾਲ ਇੱਕ ਨੈਤਿਕ ਮੁਹਾਵਰੇ ਨੂੰ ਮੁੜ ਤੋਂ ਅਰਥ ਦਿੱਤੇ ਹਨ। ਇਸ ਮੁਹਾਵਰੇ ਵਿਚ ਪੰਜਾਬੀ ਇਤਿਹਾਸ ਦੀਆਂ ਸਮਾਜਕ-ਵਿਚਾਰਕ ਤਹਿਆਂ ਦੀ ਪਛਾਣ ਹੋਣੀ ਸ਼ੁਰੂ ਹੁੰਦੀ ਹੈ।
ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਗੁਰਮੀਤ ਸਿੰਘ ਪਲਾਹੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਵੈਬੀਨਾਰ ਵਿੱਚ ਅੱਗੋਂ ਬੋਲਦਿਆਂ ਇਤਿਹਾਸਕਾਰ ਡਾ: ਸੁਮੇਲ ਸਿੰਘ ਨੇ ਕਿਹਾ ਕਿ ਮਾਰਕਸਵਾਦ ਅਤੇ ਸਿੱਖ ਲਹਿਰ ਦੀ ਸਾਂਝ ਇਹ ਹੈ ਕਿ ਸਿੱਖੀ ਨੇ ਸਾਨੂੰ ਇਤਿਹਾਸਿਕ ਹਵਾਲੇ ਦਿੱਤੇ ਹਨ, ਸਿਧਾਂਤਿਕ ਚੌਖਟਾ ਦਿੱਤਾ ਹੈ ਅਤੇ ਸਿੱਖੀ ਨੇ ਪੰਜਾਬ ਵਿੱਚ ਕਾਫੀ ਮਜ਼ਬੂਤ, ਵਿਸ਼ਾਲ ਅਤੇ ਸਫ਼ਲ ਸਾਂਝੀਆਂ ਲੋਕ ਲਹਿਰਾਂ ਸਿਰਜੀਆਂ ਹਨ। ਮਾਰਕਸਵਾਦ ਸਾਡੇ ਕੋਲ 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਆਇਆ। ਪੰਜਾਬ ਵਿੱਚ ਸਿੱਖੀ ਮਸਲਿਆਂ ‘ਤੇ ਕੇਂਦਰਿਤ ਅਕਾਲੀ ਲਹਿਰ ਦੇ ਦੌਰਾਨ ਮੁੱਖ ਤੌਰ ਉੱਤੇ ਕਿਸਾਨੀ ਹੀ ਸ਼ਾਮਿਲ ਸੀ। ਇਸ ਨਾਲ ਕਿਸਾਨੀ ਨੂੰ ਰਾਜਨੀਤਿਕ ਚੇਤਨਾ ਮਿਲੀ। ਪੰਜਾਬ ਦੀ ਖੱਬੇ ਪੱਖੀ ਲਹਿਰ ਦਾ ਮੁੱਢਲਾ ਪੜਾਅ ਵੀ ਇਹਨਾਂ ਲਹਿਰਾਂ ਤੋਂ ਹਾਸਲ ਹੋਇਆ ਅਨੁਭਵ ਸੀ। ਪ੍ਰੰਤੂ ਸੋਵੀਅਤ ਯੂਨੀਅਨ ਵਿਚ ਸਟਾਲਿਨ ਦੇ ਹਾਵੀ ਹੋ ਜਾਣ ਨਾਲ ਪੰਜਾਬ ਦੇ ਖੱਬੇ ਪੱਖੀ ਨੇਤਾ ਮਕਾਨਕੀ ਢੰਗ ਦੇ ‘ਸ਼ੁੱਧ‘ ਮਾਰਕਸਵਾਦੀ ਬਣਦੇ ਗਏ ਅਤੇ ਪੰਜਾਬ ਦੇ ਇਤਿਹਾਸਕ ਅਨੁਭਵ ‘ਚੋਂ ਵਿਚਾਰਕ-ਸਿਆਸੀ ਚੇਤਨਾ ਹਾਸਲ ਕਰਨ ਦੀ ਥਾਂ ਬਣੇ-ਬਣਾਏ ਫਾਰਮੂਲਿਆਂ ਤੇ ਟੇਕ ਰੱਖਣ ਲੱਗੇ। ਸਿੱਖ ਮਸਲਿਆਂ ਤੋਂ ਕਿਨਾਰਾ ਕਰਨਾ ‘ਸ਼ੁੱਧ‘ ਸਿੱਖਾਂ ਨੂੰ ਵੀ ਰਾਸ ਆ ਗਿਆ। ਇਸ ਤਰਾਂ ਸਟਾਲਿਨਵਾਦ ਦੇ ਪ੍ਰਭਾਵ ਹੇਠ ਖੱਬੇ ਪੱਖੀ ਲਹਿਰ ਸਿੱਖੀ ਦੇ ਇਨਕਲਾਬੀ ਰੂਪਾਂਤਰਣ ਦੀ ਸਿਆਸੀ ਪ੍ਰਕਿਰਿਆ ਤੋਂ ਵਾਂਝੀ ਹੋ ਗਈ। ਗ਼ਦਰ ਲਹਿਰ ਦਾ ਚਿੰਤਨੀ ਇਨਕਲਾਬੀ ਖ਼ਾਸਾ ਹੌਲੀ ਹੌਲੀ ਭੁਲਾ ਦਿੱਤਾ ਗਿਆ। ਅੱਜ ਵੀ ਅਸੀਂ ਸਿੱਖੀ ਦੇ ਸਾਂਝੀਵਾਲ ਇਨਕਲਾਬੀ ਖਾਸੇ ਨੂੰ ਮਸਨੂਈ ਧਰਮ ਨਿਰਪੱਖਤਾ, ਸਮਾਜਵਾਦ ਅਤੇ ਆਧੁਨਿਕਤਾਵਾਦ ਆਦਿ ਦੇ ਨਾਮ ਹੇਠ ਵਿਸਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਟਾਲਿਨਵਾਦ ਨੇ ਮਾਰਕਸਵਾਦ ਦੀ ਬੜੀ ਹੀ ਗ਼ਲਤ ਵਿਆਖਿਆ ਕੀਤੀ। ਉਹਨਾਂ ਮੁਤਾਬਕ ਸਿੱਖ ਸੰਘਰਸ਼ ਇਤਿਹਾਸਕ ਅਮਲ ਵਿਚ ਵਰਗ ਸੰਘਰਸ਼ ਦੇ ਬਹੁਤ ਨੇੜੇ ਹੈ। ਉਹਨਾਂ ਕਿਹਾ ਕਿ ਮੌਜੂਦਾ ਕਿਸਾਨੀ ਸੰਘਰਸ਼ ਨੇ ਰਵਾਇਤੀ ਬੁਧੀਜੀਵੀਆਂ ਨੂੰ ਛੱਡ ਕੇ ਆਪਣੇ ਬੁੱਧੀਜੀਵੀ ਪੈਦਾ ਕਰ ਦੇਣੇ ਹਨ ਅਤੇ ਇਹੀ ਇੱਕ ਸਫ਼ਲ ਅੰਦੋਲਨ ਦਾ ਖ਼ਾਸਾ ਹੁੰਦਾ ਹੈ।

ਵੈਬੀਨਾਰ ‘ਚ ਹੋਈ ਚਰਚਾ ਦੀ ਜਾਣਕਾਰੀ ਦਿੰਦਿਆਂ ਮੀਡੀਆ ਕੋਆਰਡੀਨੇਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਬਰਤਾਨੀਆ ਤੋਂ ਪ੍ਰੋ: ਰਣਜੀਤ ਧੀਰ ਦਾ ਵਿਚਾਰ ਸੀ ਕਿ ਪੰਜਾਬੀ ਜੀਵਨ ਜਾਚ ਵਿੱਚ ਚੜ੍ਹਦੀ ਕਲਾ ਵਾਲਾ ਬਿੰਬ ਬਹੁਤ ਹੀ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਸਿੱਖੀ ਵਿਰਸਾ, ਆਰਥਿਕ ਇਨਕਲਾਬ ਦੇ ਨਾਲ ਕਦੇ ਵੀ ਨੈਤਿਕਤਾ ਦਾ ਪੱਲਾ ਨਹੀਂ ਛੱਡਦਾ। ਸਾਬਕਾ ਵਾਈਸ ਚਾਂਸਲਰ ਡਾ: ਐੱਸ. ਪੀ. ਸਿੰਘ ਨੇ ਕਿਹਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸਾਨੀ ਲਹਿਰ ਦੀਆਂ ਕੀਤੀਆਂ ਹੋਈਆਂ ਤਬਦੀਲੀਆਂ ਸਥਾਈ ਪ੍ਰਭਾਵ ਪਾਉਣ। ਬਰਤਾਨੀਆ ਤੋਂ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚੋਂ ਇੱਕ ਜਥੇਬੰਦਕ ਲਹਿਰ ਨਿੱਕਲਣੀ ਚਾਹੀਦੀ ਹੈ। ਉਹਨਾ ਇਹ ਵੀ ਕਿਹਾ ਕਿ ਜਿਹੜਾ ਅਨੁਸ਼ਾਸਨ ਦਿੱਲੀ ਵਿੱਚ ਵਿਖਾਇਆ ਜਾ ਰਿਹਾ ਹੈ ਉਸ ਨੂੰ ਅੱਗੇ ਵੀ ਕਾਇਮ ਰੱਖਣ ਦੀ ਲੋੜ ਹੈ। ਜਰਮਨੀ ਤੋਂ ਕੇਹਰ ਸ਼ਰੀਫ਼ ਨੇ ਕਿਹਾ ਕਿ ਸਿਆਸੀ ਖਿਡਾਰੀਆਂ ਅਤੇ ਸੰਕੀਰਨਤਾਵਾਦੀ ਲੋਕਾਂ ਨੇ ਕਿਰਤੀਆਂ ਨੂੰ ਪਾੜ ਕੇ ਰੱਖਿਆ ਹੋਇਆ ਹੈ। ਚਰਚਾ ਵਿੱਚ ਮਲਵਿੰਦਰ ਸਿੰਘ ਮਾਲੀ, ਡਾ: ਲਕਸ਼ਮੀ ਨਰਾਇਣ, ਮਨਦੀਪ ਸਿੰਘ ਨੇ ਵੀ ਸਵਾਲ ਉਠਾਏ, ਜਿਹਨਾ ਸਬੰਧੀ ਡਾ: ਸੁਮੇਲ ਸਿੰਘ ਸਿੱਧੂ ਨੇ ਭਾਵਪੂਰਤ ਜਵਾਬ ਦਿੱਤੇ। ਇਸ ਵੈਬੀਨਾਰ ਵਿੱਚ ਹੋਰਨਾਂ ਤੋਂ ਬਿਨ੍ਹਾਂ ਪ੍ਰੋ: ਰਣਜੀਤ ਧੀਰ ਯੂ.ਕੇ., ਗੁਰਚਰਨ ਸਿੰਘ ਨੂਰਪੁਰ, ਗੁਰਮੀਤ ਸਿੰਘ ਪਲਾਹੀ, ਕੇਹਰ ਸ਼ਰੀਫ਼ ਜਰਮਨੀ, ਗੁਰਦੀਪ ਬੰਗੜ ਯੂ,ਕੇ., ਡਾ: ਐਸ.ਪੀ. ਸਿੰਘ, ਡਾ: ਚਰਨਜੀਤ ਸਿੰਘ ਗੁੰਮਟਾਲਾ, ਪਰਵਿੰਦਰਜੀਤ ਸਿੰਘ, ਡਾ: ਲਕਸ਼ਮੀ ਨਰਾਇਣ, ਵਰਿੰਦਰ ਸ਼ਰਮਾ ਐਮ.ਪੀ.ਯੂ.ਕੇ., ਡਾ: ਗੁਰਨਾਮ ਸਿੰਘ ਯੂ.ਕੇ., ਗਿਆਨ ਸਿੰਘ ਡੀ.ਪੀ.ਆਰ.ਓ., ਗੁਰਪ੍ਰੀਤ ਭੱਠਲ, ਮਲਵਿੰਦਰ ਸਿੰਘ ਮਾਲੀ, ਸੰਦੀਪ ਚੌਧਰੀ, ਬੰਸੋ ਦੇਵੀ, ਰਵਿੰਦਰ ਚੋਟ, ਐਡਵੋਕੇਟ ਸੰਤੋਖ ਲਾਲ ਵਿਰਦੀ, ਮਨਦੀਪ ਸਿੰਘ, ਮਲਕੀਤ ਅੱਪਰਾ, ਜੀ.ਐਸ.ਗੁਰਦਿੱਤ, ਜੈਕ ਸਰਾ, ਸੁਰਿੰਦਰ, ਨਿਰਮਲ ਸਿੰਘ ਆਦਿ ਹਾਜ਼ਰ ਸਨ।

Share this Article
Leave a comment