ਲੁਧਿਆਣਾ : ਕਹਿੰਦੇ ਜਿੰਦਗੀ ਇੱਕ ਅਜਿਹੀ ਜੰਗ ਹੈ ਜਿਸ ‘ਚ ਹਰ ਮੋੜ ‘ਤੇ ਇਨਸਾਨ ਨੂੰ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਗੱਲ ਨੂੰ ਸੱਚ ਸਾਬਤ ਕਰਦਾ ਹੈ ਇਹ ਵਾਕਿਆ, ਜਿਸ ਬਾਰੇ ਅੱਜ ਅਸੀਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ। ਇਸ ਪੂਰੇ ਵਾਕਿਆ ਦੀ ਵੀਡੀਓ ਸੀਸੀਟੀਵੀ ਕੈਮਰਿਆ ‘ਚ ਕੈਦ ਹੋ ਗਈ। ਦਰਅਸਲ ਇਹ ਮਾਮਲਾ ਹੈ ਲੁਧਿਆਣਾ ਦੇ ਇੱਕ ਪੈਟਰੋਲ ਪੰਪ ਦਾ ਹੈ ਜਿੱਥੇ ਦੋ ਨੌਜਵਾਨ ਆਪਣੇ ਮੋਟਰ ਸਾਈਕਲ ‘ਚ ਪੈਟਰੋਲ ਪਵਾਉਣ ਆਉਂਦੇ ਹਨ। ਇਸ ਦੌਰਾਨ ਜਦੋਂ ਪੰਪ ਦਾ ਕਰਿੰਦਾ ਪੈਟਰੋਲ ਪਾਉਣ ਲਗਦਾ ਹੈ ਤਾਂ ਉਸ ਜਗ੍ਹਾ ਅਚਾਨਕ ਇੱਕ ਧਮਾਕੇ ਨਾਲ ਉਸ ਮੋਟਰਸਾਈਕਲ ਨੂੰ ਅੱਗ ਲੱਗ ਜਾਂਦੀ ਹੈ, ਜਿਸ ਵਿੱਚ ਪੈਟਰੋਲ ਪਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਅੱਖ ਦੇ ਫੋਰ ਵਿੱਚ ਹੀ ਉੱਥੇ ਭਾਜੜਾਂ ਪੈ ਜਾਂਦੀਆਂ ਹਨ ਤੇ ਪੰਪ ਦਾ ਕਰਿੰਦਾ ਅਤੇ ਉਹ ਨੌਜਵਾਨ ਤਾਂ ਉੱਥੋਂ ਭੱਜ ਜਾਂਦੇ ਹਨ ਜਿਹੜੇ ਮੋਟਰਸਾਈਕਲ ਦੇ ਨੇੜੇ ਸਨ, ਪਰ ਇੱਕ ਵੱਡੀ ਉਮਰ ਦਾ ਵਿਅਕਤੀ ਕੁਝ ਹੋਰਨਾਂ ਵਿਅਕਤੀਆਂ ਨਾਲ ਭੱਜ ਕੇ ਭਾਂਬੜ ਵਾਂਗ ਬਲਦੇ ਮੋਟਰਸਾਈਕਲ ਕੋਲ ਆਉਂਦਾ ਹੈ ਤੇ ਸਮਝਦਾਰੀ ਤੋਂ ਕੰਮ ਲੈਂਦਿਆਂ ਉਸ ਬਲਦੇ-ਬਲਦੇ ਮੋਟਰ ਸਾਈਕਲ ਨੂੰ ਪਿਛਲੇ ਟਾਇਰ ਤੋਂ ਫੜ ਕੇ ਘੜੀਸਦੇ ਹੋਏ ਪੈਟਰੋਲ ਪਾਉਣ ਵਾਲੀ ਮਸ਼ੀਨ ਤੋਂ ਦੂਰ ਧੂਹ ਕੇ ਲੈ ਜਾਂਦਾ ਹੈ। ਜਿਸ ਕਾਰਨ ਇੱਕ ਵੱਡੀ ਦੁਰਘਟਨਾ ਹੋਣ ਤੋਂ ਬਚ ਜਾਂਦੀ ਹੈ। ਹਾਲਾਤ ਇਹ ਸਨ ਉਹ ਬਜ਼ੁਰਗ ਬਲਦੇ ਹੋਏ ਮੋਟਰ ਸਾਈਕਲ ਨੂੰ ਘੜੀਸ ਕੇ ਜਦੋਂ ਪੈਟਰੋਲ ਪਾਉਣ ਵਾਲੀ ਮਸ਼ੀਨ ਤੋਂ ਦੂਰ ਕਰਦਾ ਹੈ ਤਾਂ ਉਹ ਬਜ਼ੁਰਗ ਜਿੱਧਰ ਵੀ ਉਸ ਮੋਟਰਸਾਈਕਲ ਨੂੰ ਖਿੱਚਦਾ ਹੈ ਅੱਗ ਦੇ 10 ਫੁੱਟ ਉੱਚੇ ਬਲਦੇ ਭਾਂਬੜ ਧਾਰ ਬੰਨ੍ਹ ਕੇ ਉੱਧਰ ਵੱਲ ਹੀ ਫੈਲ ਜਾਂਦੇ ਹਨ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਅੱਗ ਬੁਝਾਉਣ ਦਾ ਕੰਮ। ਤਸਵੀਰਾਂ ‘ਚ ਸਾਫ ਦਿਖਾਈ ਦਿੰਦਾ ਹੈ ਕਿ ਪੰਪ ‘ਤੇ ਬੁਰੀ ਤਰ੍ਹਾਂ ਭਾਜੜ ਮੱਚੀ ਹੋਈ ਹੈ ਤੇ ਉੱਥੇ ਦਿਖਾਈ ਦਿੰਦਾ ਹਰ ਬੰਦਾ ਅੱਗ ਬੁਝਾਉਣ ਲਈ ਰੇਤੇ ਵਾਲੀਆਂ ਬਾਲਟੀਆਂ ਅਤੇ ਅੱਗ ਬੁਝਾਊ ਯੰਤਰਾਂ ਨਾਲ ਬਲਦੇ ਹੋਏ ਭਾਂਬੜਾਂ ‘ਤੇ ਕੁਝ ਸੁੱਟਦੇ ਹਨ, ਜਿਸ ਨਾਲ ਚਾਰੇ ਪਾਸੇ ਧੂੰਆ ਫੈਲਣਾ ਸ਼ੁਰੂ ਹੋ ਜਾਂਦਾ ਹੈ।
ਕੀ ਹੈ ਇਹ ਪੂਰਾ ਮਾਮਲਾ ਤੇ ਇਸ ਘਟਨਾ ਦੀਆਂ ਲਾਇਵ ਤਸਵੀਰਾਂ ਦੇਖਣ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।