ਚੰਡੀਗੜ੍ਹ : ਆਖਰਕਾਰ ਉਹ ਹੋਇਆ ਜਿਸ ਦਾ ਰਾਜਨੀਤਕ ਮਾਹਰਾਂ ਨੂੰ ਡਰ ਸੀ। ਕੈਪਟਨ ਸਿੱਧੂ ਵਿਵਾਦ ਹੱਲ ਕਰਨ ਵਿੱਚ ਕਾਂਗਰਸ ਹਾਈ ਕਮਾਂਡ ਫੇਲ੍ਹ ਰਿਹਾ ਕਿਉਂਕਿ ਦਿੱਲੀ ‘ਚ ਹਾਈ ਕਮਾਂਡ ਸਾਹਮਣੇ ਨਾ ਤਾਂ ਨਵਜੋਤ ਸਿੰਘ ਸਿੱਧੂ ਮੰਨੇ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ। ਅੰਤ ਕਾਲ ਨੂੰ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੀ ਰਾਜਨੀਤਕ ਜਿੱਤ ਹੋਈ ਤੇ ਉਨ੍ਹਾਂ ਨੇ ਸਿੱਧੂ ਦਾ ਅਸਤੀਫਾ ਮਨਜੂਰ ਕਰ ਲਿਆ। ਇਸ ਸਬੰਧੀ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇੱਕ ਟਵੀਟ ਕਰਕੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਜ਼ਾਰਤ ਵਿੱਚੋਂ ਅਸਤੀਫਾ ਮਨਜੂਰ ਕਰ ਲਿਆ ਹੈ ਤੇ ਇਸ ਅਸਤੀਫੇ ਨੂੰ ਉਸੇ ਹਾਲਤ ਵਿੱਚ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਫਾਇਨਲੀ ਮਨਜੂਰੀ ਲਈ ਭੇਜ ਦਿੱਤਾ ਗਿਆ ਹੈ।
Punjab Chief Minister, @capt_amarinder accepts Navjot Sidhu’s @sherryontopp resignation from Punjab Cabinet. Forwards the same to Governor Punjab @vpsbadnore
— Raveen Thukral (@Raveen64) July 20, 2019
ਤੇਜੀ ਨਾਲ ਬਦਲੇ ਇਨ੍ਹਾਂ ਘਟਨਾਕ੍ਰਮਾਂ ‘ਤੇ ਆਪਣੀ ਰਾਏ ਦਿੰਦਿਆਂ ਮਾਹਰ ਦੱਸਦੇ ਹਨ ਕਿ ਜੇਕਰ ਗੱਲ ਇੱਥੇ ਤੱਕ ਟਿਕੀ ਰਹੇ ਤਾਂ ਸੱਤਾਧਾਰੀਆਂ ਨੂੰ ਕੋਈ ਵੱਡਾ ਫਰਕ ਨਹੀਂ ਪਏਗਾ, ਪਰ ਕੈਪਟਨ ਵਜ਼ਾਰਤ ‘ਚੋਂ ਬਾਹਰ ਹੋਣ ਤੋਂ ਬਾਅਦ ਜੇਕਰ ਕੈਪਟਨ ਦੀ ਪੁਲਿਸ ਨੇ ਸਥਾਨਕ ਸਰਕਾਰਾਂ ਵਿਭਾਗ ਅੰਦਰੋਂ ਫਾਇਲਾਂ ਗੁੰਮ ਹੋਣ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਰੁੱਖ ਸਿੱਧੂ ਵੱਲ ਮੋੜ ਦਿੱਤਾ ਤਾਂ ਨਵਜੋਤ ਸਿੰਘ ਸਿੱਧੂ ਉੱਥੇ ਪਹੁੰਚ ਜਾਣਗੇ ਜਿੱਥੇ ਉਹ ਬਾਦਲਾਂ ਨੂੰ ਪਹੁੰਚਾਉਣਾ ਚਾਹੁੰਦੇ ਸਨ, ਯਾਨੀਕਿ ਜੇਲ੍ਹ। ਇੱਧਰ ਦੂਜੇ ਪਾਸੇ ਜੇਕਰ ਨਵਜੋਤ ਸਿੰਘ ਸਿੱਧੂ ਦੇ ਸੁਭਾਅ ਨੂੰ ਦੇਖਿਆ ਜਾਵੇ ਤਾਂ ਉਹ ਬੋਲਣ ਲੱਗਿਆਂ ਇਸ ਗੱਲ ਦੀ ਪ੍ਰਵਾਹ ਘੱਟ ਹੀ ਕਰਿਆ ਕਰਦੇ ਹਨ ਕਿ ਜਿਸ ਦੇ ਖਿਲਾਫ ਉਹ ਬੋਲ ਰਹੇ ਹਨ ਅੱਗੇ ਉਹ ਬੰਦਾ ਕੀ ਹੈਸੀਅਤ ਰੱਖਦਾ ਹੈ ਤੇ ਜੇਕਰ ਵਜ਼ਾਰਤ ‘ਚੋਂ ਬਾਹਰ ਹੁੰਦਿਆਂ ਹੀ ਸਿੱਧੂ ਨੇ ਕੈਪਟਨ ਦੇ ਖਿਲਾਫ ਵੀ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਸੂਬੇ ਦੀ ਸਿਆਸਤ ਕੀ ਰੁੱਖ ਅਪਣਾਵੇਗੀ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ।