ਇਟਲੀ : ਇਟਲੀ ਦੇ ਉੱਤਰੀ ਸ਼ਹਿਰ ਸੈਨ ਡੋਨੈਟੋ ਮਿਲੈਨੀਜ਼ ‘ਚ ਇਕ ਸਕੂਲ ਬੱਸ ਦੇ ਡਰਾਈਵਰ ਨੇ ਨੂੰ 51 ਬੱਚਿਆਂ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਵਾਲੇ ਟੀਚਰ ਨੂੰ ਬੱਸ ‘ਚ ਬੰਧਕ ਬਣਾ ਲਿਆ ਤੇ ਬਾਅਦ ‘ਚ ਬੱਸ ਨੂੰ ਅੱਗ ਲਾ ਦਿੱਤੀ। ਬਚਾਅ ਦੀ ਗੱਲ ਰਹੀ ਕਿ ਬੱਸ ਨੂੰ ਅੱਗ ਲੱਗਣ ਤੱਕ ਸਾਰੇ ਬੱਚਿਆਂ ਨੂੰ ਸਹੀ ਸਲਾਮਤ ਬੱਸ ‘ਚੋਂ ਕੱਢ ਲਿਆ ਗਿਆ ਸੀ।
ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬੱਸ ਦੇ ਡਰਾਈਵਰ ਨੇ ਟੀਚਰ ਨੂੰ ਬੱਚਿਆਂ ਦੇ ਹੱਥ ਬੰਨ੍ਹਣ ਲਈ ਕਿਹਾ। ਇਸੇ ਵਿਚਕਾਰ 13 ਸਾਲ ਦੇ ਬੱਚੇ ਨੇ ਆਪਣੇ ਮਾਪਿਆਂ ਨੂੰ ਫੋਨ ‘ਤੇ ਅਲਰਟ ਕਰ ਦਿੱਤਾ। ਜਿਸ ਤੋਂ ਬਾਅਦ ਮਾਪਿਆਂ ਨੇ ਪੁਲਿਸ ਨੂੰ ਫੋਨ ਲਾ ਦਿੱਤਾ।
ਪੁਲਿਸ ਵੱਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਬੱਸ ਦਾ ਪਿੱਛਾ ਕਰ ਉਸਨੂੰ ਰੋਕਿਆ ਗਿਆ। ਡਰਾਈਵਰ ਬੱਸ ਨੂੰ ਅੱਗ ਹਵਾਲੇ ਕਰ ਉਥੋਂ ਫਰਾਰ ਹੋਣ ਲੱਗਾ ਕਿ ਪੁਲਿਸ ਦੇ ਅੜਿੱਕੇ ਆ ਗਿਆ। ਪੁਲਿਸ ਨੇ ਬੱਸ ਦੇ ਐਮਰਜੈਂਸੀ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ, ਪਰ ਧੂੰਆ ਚੜ੍ਹਨ ਕਾਰਨ ਕੁਝ ਬੱਚਿਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ।
ਜਾਣਕਾਰੀ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਇਟਲੀ ਦਾ ਹੀ ਨਾਗਰਿਕ ਹੈ ਤੇ ਉਥੋਂ ਦੀ ਸਰਕਾਰ ਦੀਆਂ ਪ੍ਰਵਾਸੀਆਂ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਉਸਨੇ ਅਜਿਹਾ ਕਦਮ ਚੁੱਕਿਆ। ਬੱਚਿਆਂ ਅਤੇ ਪੁਲਿਸ ਦੀ ਮੁਸਤੈਦੀ ਕਾਰਨ ਮੁਲਜ਼ਮ ਆਪਣੇ ਇਰਾਦਿਆਂ ਵਿਚ ਕਾਮਯਾਬ ਨਹੀਂ ਹੋ ਸਕਿਆ। ਮੀਡੀਆ ਰਿਪੋਰਟਾਂ ਅਨੁਸਾਰ ਬੱਚਿਆਂ ਦਾ ਕਹਿਣਾ ਹੈ ਕਿ ਡਰਾਈਵਰ ਕਹਿ ਰਿਹਾ ਸੀ ਕਿ ਅਫਰੀਕਾ ਵਿਚ ਲੋਕ ਮਰ ਰਹੇ ਹਨ ਜਦੋਂ ਕਿ ਗਲਤੀ ਮਾਇਓ ਅਤੇ ਸਲਵੀਨੀ ਦੀ ਹੈ।