ਵਿਸ਼ਵ ‘ਡੁੱਬਣੋਂ ਰੋਕਣਾ ਦਿਵਸ’: ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਰੋਕਣਾ ਸਮੇਂ ਦੀ ਲੋੜ

TeamGlobalPunjab
3 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਦੁਨੀਆਂ ਭਰ ਵਿੱਚ ਹੋਣ ਵਾਲੀਆਂ ਗ਼ੈਰ-ਕੁਦਰਤੀ ਮੌਤਾਂ ਦੇ ਕਾਰਨਾਂ ਵਿੱਚ ਤੀਜਾ ਵੱਡਾ ਕਾਰਨ ਪਾਣੀ ਦੇ ਵੱਖ ਵੱਖ ਸਰੋਤਾਂ ਵਿੱਚ ਡੁੱਬਣ ਕਾਰਨ ਹੋਣ ਵਾਲੀਆਂ ਮਨੁੱਖੀ ਮੌਤਾਂ ਹਨ। ਭਾਰਤ ਵਿੱਚ ਤੇ ਖ਼ਾਸ ਕਰਕੇ ਪੰਜਾਬ ਵਿੱਚ ਨਹਿਰਾਂ, ਟੋਭਿਆਂ, ਚੁਬੱਚਿਆਂ, ਸਰੋਵਰਾਂ, ਤਲਾਬਾਂ ਜਾਂ ਡਿੱਗੀਆਂ ਵਿਚਲੇ ਪਾਣੀ ਵਿੱਚ ਡੁੱਬ ਕੇ ਮਰਨ ਵਾਲੇ ਬੱਚਿਆਂ ਤੇ ਨੌਜਵਾਨਾਂ ਦੀਆਂ ਖ਼ਬਰਾਂ ਆਏ ਦਿਨ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ ਪਰ ਸਰਕਾਰ ਜਾਂ ਆਮ ਲੋਕ ਇਸ ਸਮੱਸਿਆ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਥਾਂ ਮੌਨ ਰਹਿ ਕੇ ਡੰਗ ਟਪਾਈ ਜਾਂਦੇ ਹਨ। ਦਰਅਸਲ ਸਮੁੱਚੇ ਵਿਸ਼ਵ ਵਿੱਚ ਅਜਿਹੀਆਂ ਮੌਤਾਂ ਦਾ ਸਲਾਨਾ ਅੰਕੜਾ 2 ਲੱਖ 40 ਹਜ਼ਾਰ ਦੇ ਕਰੀਬ ਹੈ ਜੋ ਕਿ ਚਿੰਤਾਜਨਕ ਹੈ ਤੇ ਥੋੜ੍ਹੀ ਜਿਹੀ ਸਾਵਧਾਨੀ, ਸਿਖਲਾਈ ਤੇ ਜਾਗਰੂਕਤਾ ਨਾਲ ਅਜਿਹੀਆਂ ਮੌਤਾਂ ਦੀ ਸੰਖਿਆ ਵਿੱਚ ਵੱਡੀ ਗਿਰਾਵਟ ਲਿਆਂਦੀ ਜਾ ਸਕਦੀ ਹੈ।

ਅੱਜ 25 ਜੁਲਾਈ ਵਿਸ਼ਵ ‘ਡੁੱਬਣੋਂ ਰੋਕਣਾ ਦਿਵਸ’ ਭਾਵ‘ ਵਰਲਡ ਡਰਾਊਨਿੰਗ ਪ੍ਰੀਵੈਨਸ਼ਨ ਡੇਅ’ ਦੁਨੀਆਂ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ ਮਨਾਉਣ ਸਬੰਧੀ ਮਤਾ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਨੇ ਅਪ੍ਰੈਲ, 2021 ਵਿੱਚ ਮਤਾ ਪਾਸ ਕੀਤਾ ਸੀ ਤੇ ਹੁਣ ਤੋਂ ਹਰ ਸਾਲ 25 ਜੁਲਾਈ ਦੇ ਦਿਨ ਇਹ ਦਿਵਸ ਦੁਨੀਆਂ ਭਰ ਵਿੱਚ ਮਨਾਇਆ ਜਾਵੇਗਾ। ਇਸ ਦਿਨ ਨੂੰ ਮਨਾਉਣ ਦਾ ਅਸਲ ਮਕਸਦ ਪਾਣੀ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੇ ਸਥਾਨਕ ਕਾਰਨਾਂ ਵੱਲ ਲੋਕਾਂ ਦਾ ਧਿਆਨ ਦਿਵਾਉਣਾ,ਸਰਕਾਰੀ ਤੰਤਰ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਇਸ ਸਮੱਸਿਆ ਪ੍ਰਤੀ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਕਾਰਜਸ਼ੀਲ ਕਰਨਾ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਕੀਤੇ ਜਾਣ ਪ੍ਰਤੀ ਕਦਮ ਚੁੱਕਣ ਲਈ ਸਮਾਜ ਤੇ ਸਰਕਾਰ ਨੂੰ ਪ੍ਰੇਰਨਾ ਹੈ।

ਇੱਕ ਮਹੱਤਵਪੂਰਨ ਤੱਥ ਹੈ ਕਿ ਪਾਣੀ ਵਿੱਚ ਡੁੱਬਣ ਕਰਕੇ ਹੋਣ ਵਾਲੀਆਂ ਕੁੱਲ ਮੌਤਾਂ ਵਿੱਚ ਵੱਡੀ ਸੰਖਿਆ 5 ਤੋਂ 14 ਸਾਲ ਦੇ ਬੱਚਿਆਂ ਦੀ ਹੁੰਦੀ ਹੈ ਤੇ ਇਹ ਮੌਤਾਂ ਅਕਸਰ ਸਥਾਨਕ ਖ਼ੂਹਾਂ,ਛੱਪੜਾਂ,ਟੋਭਿਆਂ,ਘਰੇਲੂ ਡਿੱਗੀਆਂ,ਬੋਰਵੈੱਲਾਂ,ਝੀਲਾਂ ਜਾਂ ਨਹਿਰਾਂ ਵਿੱਚ ਮਨੁੱਖਾਂ ਦੇ ਡੁੱਬਣ ਕਰਕੇ ਹੁੰਦੀਆਂ ਹਨ। ਕੁਝ ਮੌਤਾਂ ਨਦੀਆਂ ਵਿੱਚ ਅਚਾਨਕ ਹੜ੍ਹ ਜਾਂ ਡੈਮਾਂ ਤੋਂ ਛੱਡਿਆ ਪਾਣੀ ਆ ਜਾਣ ਕਰਕੇ ਵੀ ਹੁੰਦੀਆਂ ਹਨ। ਮਨੁੱਖੀ ਅਣਗਹਿਲੀ ਕਰਕੇ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਉਣ ਲਈ ਕੁਝ ਇੱਕ ਕਦਮ ਚੁੱਕੇ ਜਾਣ ਦੀ ਭਾਰੀ ਲੋੜ ਹੈ।

- Advertisement -

ਇਨ੍ਹਾ ਕਦਮਾਂ ਵਿੱਚ – ਪਾਣੀ ਦੇ ਸਥਾਨਕ ਤੇ ਛੋਟੇ ਸਰੋਤਾਂ ਦੇ ਦੁਆਲੇ ਸੁਰੱਖਿਆ ਵਾੜ ਜਾਂ ਚਾਰਦਵਾਰੀ ਕੀਤੇ ਜਾਣਾ,ਬੱਚਿਆਂ ਤੇ ਨੌਜਵਾਨਾਂ ਨੂੰ ਤੈਰਾਕੀ ਦੀ ਸਿੱਖਿਆ ਲਾਜ਼ਮੀ ਕਰਨਾ,ਪਾਣੀ ਵਿੱਚ ਡੁੱਬਦੇ ਵਿਅਕਤੀ ਨੂੰ ਸਰੱਖਿਅਤ ਕੱਢਣ ਸਬੰਧੀ ਆਮ ਲੋਕਾਂ ਤੇ ਖ਼ਾਸ ਕਰਕੇ ਵਿਦਿਆਰਥੀ ਨੂੰ ਜਾਣਕਾਰੀ ਤੇ ਸਿਖਲਾਈ ਪ੍ਰਦਾਨ ਕਰਨਾ, ਸਰੱਖਿਆ ਦੇ ਲਿਹਾਜ਼ ਨਾਲ ਲੋੜੀਂਦੀਆਂ ਕਿਸ਼ਤੀਆਂ ਤੇ ਬਚਾਓ ਦਸਤਿਆਂ ਦੀ ਨਿਯੁਕਤੀ ਕਰਨਾ, ਨਹਿਰਾਂ ਦੇ ਪ੍ਰਮੁੱਖ ਸਥਾਨਾਂ ਨੇੜੇ ਲੋੜੀਂਦੀਆਂ ਮੈਡੀਕਲ ਸਹੂਲਤਾਂ ਦਾ ਬੰਦੋਬਸਤ ਕਰਨਾ ਅਤੇ ਹੜ੍ਹ ਰੋਕਣ ਲਈ ਲੋੜੀਂਦੇ ਤੇ ਪੱਕੇ ਪ੍ਰਬੰਧ ਕਰਨਾ ਆਦਿ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹਨ। ਇਸ ਵੱਡ-ਅਕਾਰੀ ਕਾਰਜ ਲਈ ਸਰਕਾਰ,ਸਮਾਜ ਸੇਵੀ ਸੰਸਥਾਵਾਂ,ਸੰਚਾਰ ਮਾਧਿਅਮਾਂ ਤੇ ਅਧਿਆਪਕਾਂ ਜਾਂ ਸਿਖਲਾਈਦਾਤਿਆਂ ਸਣੇ ਸਮਾਜ ਦੇ ਹਰੇਕ ਵਰਗ ਦਾ ਯੋਗਦਾਨ ਜ਼ਰੂਰੀ ਹੈ ਕਿਉਂਕਿ ਅਜਿਹਾ ਹਾਦਸਾ ਕਿਸੇ ਦੇ ਵੀ ਪਰਿਵਾਰਕ ਮੈਂਬਰ ਨਾਲ ਵਾਪਰ ਸਕਦਾ ਹੈ।

Share this Article
Leave a comment