ਯੂਕਰੇਨ ਦੇ ਰਾਸ਼ਟਰਪਤੀ ਨੇ ਫੇਸਬੁੱਕ ‘ਤੇ ਹਮਲੇ ਦੀ ਤਰੀਕ ਦੱਸੀ, ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ- ਤੁਰੰਤ ਦੇਸ਼ ਛੱਡ ਦਿਓ

TeamGlobalPunjab
3 Min Read

ਵਾਸ਼ਿੰਗਟਨ- ਯੂਕਰੇਨ ਵਿੱਚ ਰੂਸੇ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਸੋਮਵਾਰ ਨੂੰ ਅਸਥਾਈ ਤੌਰ ‘ਤੇ ਉੱਥੇ ਰਹਿ ਰਹੇ ਆਪਣੇ ਸਟਾਫ ਨੂੰ ਤਬਦੀਲ ਕਰ ਦਿੱਤਾ ਹੈ। ਹਾਲਾਂਕਿ, ਦੋਵਾਂ ਸੰਸਥਾਵਾਂ ਨੇ ਕਿਹਾ ਹੈ ਕਿ ਯੂਕਰੇਨ ਲਈ ਉਨ੍ਹਾਂ ਦਾ ਸਮਰਥਨ ਜਾਰੀ ਰਹੇਗਾ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ, “16 ਫਰਵਰੀ ਯੂਕਰੇਨ ਉੱਤੇ ਰੂਸ ਦੇ ਹਮਲੇ ਦਾ ਦਿਨ ਹੋਵੇਗਾ।” ਜ਼ੇਲੇਂਸਕੀ ਨੇ ਆਪਣੀ ਪੋਸਟ ‘ਚ ਇਹ ਵੀ ਕਿਹਾ ਕਿ ਉਹ ਸਾਰੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਨ।

ਵਿਸ਼ਵ ਬੈਂਕ ਨੇ ਜਾਰੀ ਕੀਤੇ ਆਪਣੇ ਅੰਦਰੂਨੀ ਮੀਮੋ ਵਿੱਚ ਕਿਹਾ ਹੈ ਕਿ ਉਸਨੇ ਯੂਕਰੇਨ ਵਿੱਚ ਆਪਣੇ ਸਟਾਫ ਮਿਸ਼ਨ ਨੂੰ ਰੱਦ ਕਰ ਦਿੱਤਾ ਹੈ ਅਤੇ ਸਰਹੱਦ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਜਿੱਥੇ ਰੂਸੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਮੀਮੋ ਵਿੱਚ ਇਹ ਵੀ ਕਿਹਾ ਗਿਆ ਹੈ, ” ਵਿਸ਼ਵ ਬੈਂਕ ਸਮੂਹ ਲਈ ਆਪਣੇ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਇੱਕ ਪ੍ਰਮੁੱਖ ਤਰਜੀਹ ਹੈ।” ਪਰ ਇਹ ਨਹੀਂ ਦੱਸਿਆ ਗਿਆ ਕਿ ਕਿੱਥੇ ਅਤੇ ਕਿੰਨੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਆਈਐਮਐਫ ਨੇ ਵੀ ਅਸਥਾਈ ਤੌਰ ‘ਤੇ ਯੂਕਰੇਨ ਵਿੱਚ ਆਪਣੇ ਪ੍ਰਤੀਨਿਧੀ ਵਹਿਰਾਮ ਸਟੈਪਨਯਾਨ ਦਾ ਤਬਾਦਲਾ ਕਰ ਦਿੱਤਾ ਹੈ।

ਅਮਰੀਕਾ ਨੇ ਵੀ ਆਪਣੇ ਯੂਕਰੇਨੀ ਦੂਤਘਰ ਨੂੰ ਰਾਜਧਾਨੀ ਕੀਵ ਤੋਂ ਪੱਛਮੀ ਸ਼ਹਿਰ ਲਿਵ ਵਿੱਚ ਤਬਦੀਲ ਕਰ ਦਿੱਤਾ ਹੈ। ਆਈਐਮਐਫ ਨੇ ਯੂਕਰੇਨ ਨੂੰ 5 ਬਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਹੈ, ਜਦੋਂ ਕਿ ਵਿਸ਼ਵ ਬੈਂਕ ਨੇ ਵੀ 1.3 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ, ਜੀ 7 ਦੇ ਵਿੱਤ ਮੰਤਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਯੂਕਰੇਨ ਦੇ ਖੇਤਰ ‘ਤੇ ਰੂਸੀ ਸੈਨਿਕਾਂ ਦੁਆਰਾ ਫੌਜੀ ਹਮਲੇ ਦੀ ਸਥਿਤੀ ਵਿੱਚ ਰੂਸ ‘ਤੇ ਸਮੂਹਿਕ ਤੌਰ ‘ਤੇ ਸਖ਼ਤ ਪਾਬੰਦੀਆਂ ਲਗਾਉਣ ਲਈ ਤਿਆਰ ਹਨ।

ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਨਾਈਟਿਡ ਕਿੰਗਡਮ (ਯੂ.ਕੇ.) ਅਤੇ ਸੰਯੁਕਤ ਰਾਜ ਅਮਰੀਕਾ ਸਮੂਹਿਕ ਤੌਰ ‘ਤੇ ਆਰਥਿਕ ਅਤੇ ਵਿੱਤੀ ਪਾਬੰਦੀਆਂ ਲਗਾਉਣ ਲਈ ਤਿਆਰ ਹਨ ਜਿਨ੍ਹਾਂ ਦੇ ਰੂਸੀ ਅਰਥਚਾਰੇ ਲਈ ਵਿਆਪਕ ਅਤੇ ਤੁਰੰਤ ਨਤੀਜੇ ਹੋਣਗੇ। ਰੂਸ ਦੇ ਨੇੜੇ ਸਥਿਤ ਨਾਟੋ ਦੇ ਮੈਂਬਰ ਦੇਸ਼ ਲਿਥੁਆਨੀਆ ਵਿੱਚ ਸੋਮਵਾਰ ਨੂੰ 70 ਜਰਮਨ ਸੈਨਿਕ ਪਹੁੰਚੇ। ਕੁਝ ਦਿਨਾਂ ਵਿੱਚ ਜਰਮਨੀ ਦੇ 290 ਹੋਰ ਸੈਨਿਕ ਅਤੇ 100 ਤੋਪਾਂ ਉਥੇ ਪਹੁੰਚ ਜਾਣਗੀਆਂ। ਅਮਰੀਕਾ ਨੇ ਪੋਲੈਂਡ ਨੂੰ ਸੋਮਵਾਰ ਨੂੰ ਅੱਠ ਨਵੇਂ F-15 ਲੜਾਕੂ ਜਹਾਜ਼ ਭੇਜੇ ਹਨ। ਇਸ ਦੌਰਾਨ ਰੂਸੀ ਬਲ ਵੀ ਯੂਕਰੇਨ ਦੀਆਂ ਸਰਹੱਦਾਂ ਦੇ ਨੇੜੇ ਲਗਾਤਾਰ ਅਭਿਆਸ ਕਰ ਰਹੇ ਹਨ। ਅਜਿਹੇ ‘ਚ ਅਮਰੀਕਾ ਨੇ ਕਿਸੇ ਵੀ ਸਮੇਂ ਯੂਕਰੇਨ ‘ਤੇ ਰੂਸੀ ਹਮਲੇ ਦੀ ਸੰਭਾਵਨਾ ਜਤਾਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment