ਯੂਕਰੇਨ ‘ਚ ਫਸੇ ਵਿਦਿਆਰਥੀਆਂ ਨੂੰ ਭਾਰਤੀ ਅੰਬੈਸੀ ਨੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ

TeamGlobalPunjab
2 Min Read

ਨਿਊਜ਼ ਡੈਸਕ- ਯੂਕਰੇਨ ਤੇ ਰੂਸ ‘ਚ ਜਾਰੀ ਤਣਾਅਪੂਰਨ ਸਥਿਤੀ ਵਿਚਾਲੇ ਕੀਵ ਵਿੱਚ ਭਾਰਤੀ ਦੂਤਾਵਾਸ ਵਲੋਂ ਭਾਰਤੀ ਵਿਦਿਆਰਥੀਆਂ ਸਣੇ ਭਾਰਤੀ ਨਾਗਰਿਕਾਂ ਦੀ ਮਦਦ ਕੀਤੀ ਜਾ ਰਹੀ ਹੈ। ਜੰਗ ਦੇ ਐਲਾਨ ਤੋਂ ਬਾਅਦ ਰਾਜਧਾਨੀ ਕੀਵ ‘ਚ ਦੂਤਾਵਾਸ ਦੇ ਬਾਹਰ ਇਕੱਠੇ ਹੋਏ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਸਥਾਨ ‘ਤੇ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਫਿਲਹਾਲ ਕੋਈ ਵੀ ਭਾਰਤੀ ਨਾਗਰਿਕ ਦੂਤਾਵਾਸ ਦੇ ਬਾਹਰ ਫਸਿਆ ਨਹੀਂ ਹੈ ਸਭ ਨੂੰ ਇੱਕ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਗਿਆ ਹੈ। ਜਿਵੇਂ ਹੀ ਉੱਥੇ ਕੋਈ ਭਾਰਤੀ ਵਿਦਿਆਰਥੀ ਜਾਂ ਨਾਗਰਿਕ ਮਦਦ ਲਈ ਆਉਂਦਾ ਹੈ, ਉਨ੍ਹਾਂ ਨੂੰ ਸੁਰੱਖਿਅਤ ਕੈਂਪਸ ਵਿੱਚ ਲਿਜਾਇਆ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਕ ਵੀਰਵਾਰ ਸਵੇਰੇ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਕੀਵ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਪਹੁੰਚੇ। ਹਰ ਕਿਸੇ ਨੂੰ ਦੂਤਾਵਾਸ ਦੇ ਅੰਦਰ ਨਹੀਂ ਰੱਖਿਆ ਜਾ ਸਕਦਾ ਸੀ। ਦੂਤਾਵਾਸ ਨੇ ਨੇੜੇ ਹੀ ਇੱਕ ਸੁਰੱਖਿਅਤ ਕੈਂਪਸ ਦਾ ਪ੍ਰਬੰਧ ਕੀਤਾ ਅਤੇ ਵਿਦਿਆਰਥੀਆਂ ਨੂੰ ਉੱਥੇ ਲਿਜਾਇਆ ਗਿਆ।

ਕੀਵ ਵਿਚ ਜ਼ਮੀਨੀ ਸਥਿਤੀ ਨੂੰ ਦੇਖਦੇ ਹੋਏ, ਇਸ ਪ੍ਰਕਿਰਿਆ ਵਿਚ ਕੁਝ ਸਮਾਂ ਲੱਗਾ। ਯੂਕਰੇਨ ਮੁੱਦੇ ‘ਤੇ ਭਾਰਤ ਦੇ ਸਟੈਂਡ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਨਿਰਪੱਖ ਰਿਹਾ ਹੈ। ਭਾਰਤ ਨੇ ਹਾਲੇ ਤੱਕ ਜੰਗ ਜਾਂ ਅੜਿੱਕੇ ਵਿੱਚ ਕਿਸੇ ਦੀ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਹੈ।

- Advertisement -

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਯੂਕਰੇਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮੰਤਰਾਲੇ ਵੱਲੋਂ ਸੂਚਨਾ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਨੰਬਰਾਂ ‘ਤੇ 1800118797, +91-11-23012113, +91-11-23914104 ਅਤੇ +91-11-23017905 ‘ਤੇ ਕਾਲ ਕੀਤੀ ਜਾ ਸਕਦੀ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ਵੀਰਵਾਰ ਨੂੰ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਸੰਕਟ ਵਧਦੇ ਹੀ ਯੂਕਰੇਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ, ਜਿਸ ਕਾਰਨ ਭਾਰਤ ਤੋਂ ਯੂਕਰੇਨ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਵਾਪਸ ਪਰਤ ਆਇਆ। ਇਕ ਜਾਣਕਾਰੀ ਮੁਤਾਬਕ ਐਡਵਾਈਜ਼ਰੀ ‘ਚ ਲੋਕਾਂ ਨੂੰ ਪਾਸਪੋਰਟ ਹਮੇਸ਼ਾ ਆਪਣੇ ਕੋਲ ਰੱਖਣ ਲਈ ਕਿਹਾ ਗਿਆ ਹੈ।

Share this Article
Leave a comment