ਟੋਰਾਂਟੋ- ਇੱਕ ਔਰਤ ਦੀ ਕਾਰ ਬਰਫ਼ ਨਾਲ ਜੰਮੀ ਹੋਈ ਨਦੀ ਵਿੱਚ ਫਸ ਗਈ ਅਤੇ ਡੁੱਬਣ ਲੱਗੀ। ਪਰ ਇਸ ਤੋਂ ਪਹਿਲਾਂ ਕਿ ਉਸ ਦੀ ਕਾਰ ਪੂਰੀ ਤਰ੍ਹਾਂ ਡੁੱਬ ਜਾਂਦੀ, ਔਰਤ ਕਿਸੇ ਤਰ੍ਹਾਂ ਕਾਰ ਦੇ ਉੱਪਰ ਚੜ੍ਹ ਕੇ ਇਸ ਹਾਦਸੇ ਦੀ ਸੈਲਫੀ ਲੈਣ ਵਿਚ ਕਾਮਯਾਬ ਹੋ ਗਈ। ਕੈਨੇਡੀਅਨ ਪੁਲਿਸ ਨੇ ਮਹਿਲਾ ਡਰਾਈਵਰ ‘ਤੇ ਖਤਰਨਾਕ ਡਰਾਈਵਿੰਗ ਦਾ ਦੋਸ਼ ਲਗਾਇਆ ਹੈ। ਖਬਰਾਂ ‘ਚ ਆਈ ਤਸਵੀਰ ‘ਚ ਔਰਤ ਆਪਣੀ ਪੀਲੀ ਕਾਰ ਦੇ ਉੱਪਰ ਖੜ੍ਹੀ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।
ਉਸਦੀ ਕਾਰ ਓਟਾਵਾ ਦੇ ਮਨੋਟਿਕਾ ਦੀ ਰਿਡੋ ਨਦੀ ਵਿੱਚ ਜਾ ਡਿੱਗੀ। ਇੱਕ ਰਿਪੋਰਟ ਦੇ ਮੁਤਾਬਕ ਜਦੋਂ ਬਰਫੀਲੀ ਨਦੀ ‘ਚ ਡੁੱਬ ਰਹੀ ਕਾਰ ਦੇ ਉੱਪਰ ਖੜ੍ਹੀ ਔਰਤ ਮਸਤੀ ਨਾਲ ਸੈਲਫੀ ਲੈ ਰਹੀ ਸੀ ਤਾਂ ਆਸ-ਪਾਸ ਮੌਜੂਦ ਸਥਾਨਕ ਲੋਕ ਨੇ ਉਸ ਨੂੰ ਡੁੱਬਣ ਤੋਂ ਬਚਾ ਲਿਆ।
ਰਿਪੋਰਟ ਮੁਤਾਬਕ ਕਾਰ ਅਜੇ ਵੀ ਉਥੇ ਹੀ ਡੁੱਬੀ ਹੋਈ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸੈਰ ਲਈ ਬਰਫ਼ ਵਿੱਚ ਪੈਦਲ ਜਾਣਾ ਖ਼ਤਰਨਾਕ ਹੋ ਸਕਦਾ ਹੈ। ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਵਾਲੇ ਲੋਕਾਂ ਦੇ ਮੁਤਾਬਕ, ਇਕ ਸਮੇਂ ‘ਤੇ ਮਹਿਲਾ ਡਰਾਈਵਰ ਨੇ ਕਿਹਾ, ‘ਓ.. ਮੈਨੂੰ ਲੱਗਦਾ ਹੈ ਕਿ ਮੈਂ ਇਸ ‘ਤੇ ਚੱਲ ਸਕਦੀ ਹਾਂ।’ ਇਕ ਚਸ਼ਮਦੀਦ ਨੇ ਟਵਿੱਟਰ ‘ਤੇ ਕਿਹਾ ਕਿ ਉਸ ਨੇ ਔਰਤ ਨੂੰ ਬਹੁਤ ਤੇਜ਼ ਰਫਤਾਰ ਨਾਲ ਆਪਣੇ ਪਿੱਛੇ ਤੋਂ ਲੰਘਦਿਆਂ ਦੇਖਿਆ।
ਜਦੋਂ ਉਸ ਨੇ ਦੇਖਿਆ ਕਿ ਔਰਤ ਦੀ ਕਾਰ ਬਰਫ਼ ਵਿਚ ਫਸ ਕੇ ਡੁੱਬ ਰਹੀ ਸੀ, ਤਾਂ ਉਸ ਨੂੰ ਕੋਈ ਹੈਰਾਨੀ ਨਹੀਂ ਹੋਈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ‘ਚ ਕਾਰ ਨੂੰ ਜੰਮੀ ਹੋਈ ਨਦੀ ‘ਤੇ ਤੇਜ਼ ਰਫਤਾਰ ਨਾਲ ਜਾਂਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸਾ ਕਾਰ ਤਿਲਕਣ ਕਾਰਨ ਹੋਇਆ ਜਾਂ ਤੇਜ਼ ਰਫਤਾਰ ਨਾਲ। ਪੁਲਿਸ ਨੇ ਔਰਤ ‘ਤੇ ਦੋਸ਼ ਲਾਏ ਹਨ, ਪਰ ਕੈਨੇਡਾ ‘ਚ ਬਰਫ਼ ‘ਤੇ ਗੱਡੀ ਚਲਾਉਣਾ ਗੈਰ-ਕਾਨੂੰਨੀ ਨਹੀਂ ਹੈ ਕਿਉਂਕਿ ਸਰਦੀਆਂ ‘ਚ ਅਜਿਹੇ ਹਾਲਾਤ ਅਕਸਰ ਬਣ ਜਾਂਦੇ ਹਨ।