ਮਹਿਲਾ ਕ੍ਰਿਕਟਰ ਤਾਨੀਆ ਭਾਟੀਆ ਦਾ ਲੰਦਨ ਹੋਟਲ ‘ਚੋਂ ਕੀਮਤੀ ਸਮਾਨ ਹੋਇਆ ਚੋਰੀ, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur
3 Min Read

ਨਿਊਗ਼ ਡੈਸਕ: ਭਾਰਤੀ ਵਿਕਟਕੀਪਰ ਬੱਲੇਬਾਜ਼ ਅਤੇ ਚੰਡੀਗੜ੍ਹ ਦੀ ਕ੍ਰਿਕਟਰ ਤਾਨੀਆ ਭਾਟੀਆ ਨੇ ਦਾਅਵਾ ਕੀਤਾ ਹੈ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਮੈਰੀਅਟ ਹੋਟਲ ਲੰਦਨ ਮੈਡਾ ਵੇਲ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਠਹਿਰਨ ਦੌਰਾਨ ਉਸਦੇ ਕਾਰਡਾਂ, ਘੜੀਆਂ ਅਤੇ ਗਹਿਣਿਆਂ ਸਮੇਤ ਉਸਦਾ ਬੈਗ ਚੋਰੀ ਹੋ ਗਿਆ ਸੀ। ਸੂਚਨਾ ਮਿਲਣ ‘ਤੇ ਪਹੁੰਚੀ ਲੰਡਨ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਸੀਸੀਟੀਵੀ ਕੈਮਰੇ ਦੀ ਜਾਂਚ ਵਿੱਚ ਇੱਕ ਵਿਅਕਤੀ ਕਮਰੇ ਵਿੱਚੋਂ ਬੈਗ ਚੁੱਕਦਾ ਹੋਇਆ ਨਜ਼ਰ ਆ ਰਿਹਾ ਹੈ। ਪਿਛਲੇ ਹਫ਼ਤੇ ਦੇ ਸ਼ੁਰੂ ਵਿੱਚ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਟੀਮ ਦੀ 2-1 ਨਾਲ ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਸੋਮਵਾਰ ਦੁਪਹਿਰ ਨੂੰ ਭਾਰਤ ਪਹੁੰਚੀ। ਤਾਨੀਆ ਨੇ  ਲੰਡਨ ਦੇ ਟੀਮ ਹੋਟਲ ਵਿੱਚ ਵਾਪਰੀ ਘਟਨਾ ਬਾਰੇ ਟਵੀਟ ਕਰਕੇ ਇਸ ਪੂਰੀ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ।

ਜਦੋਂ ਤਾਨੀਆ ਲਾਰਡਜ਼ ਹੋਟਲ ਤੋਂ ਆਪਣਾ ਸਾਮਾਨ ਬਾਹਰ ਕੱਢ ਰਹੀ ਸੀ ਤਾਂ ਉਸ ਨੇ ਆਪਣੇ ਦੋ ਬ੍ਰੀਫਕੇਸ ਕਮਰੇ ‘ਚੋਂ ਬਾਹਰ ਕੱਢ ਕੇ ਰਿਸੈਪਸ਼ਨ ‘ਤੇ ਰੱਖ ਲਏ। ਇਸ ਦੌਰਾਨ ਉਸ ਨੂੰ ਯਾਦ ਆਇਆ ਕਿ ਕਮਰੇ ਵਿਚ ਹੀ ਇਕ ਛੋਟਾ ਜਿਹਾ ਬੈਗ ਰਹਿ ਗਿਆ ਸੀ। ਰਿਸੈਪਸ਼ਨ ‘ਤੇ ਆਪਣਾ ਸਾਮਾਨ ਛੱਡ ਕੇ ਜਦੋਂ ਉਹ ਕਮਰੇ ‘ਚ ਪਹੁੰਚੀ ਤਾਂ ਦੇਖਿਆ ਕਿ ਉਥੇ ਕੋਈ ਬੈਗ ਨਹੀਂ ਸੀ। ਕਾਫੀ ਲੱਭਣ ਤੋਂ ਬਾਅਦ ਜਦੋਂ ਬੈਗ ਨਾ ਮਿਲਿਆ ਤਾਂ ਉਸ ਨੇ ਹੋਟਲ ਸਟਾਫ ਨੂੰ ਸੂਚਿਤ ਕੀਤਾ।

ਹੋਟਲ ਸਟਾਫ ਨੇ ਵੀ ਕਾਫੀ ਲੱਭਿਆ ਪਰ ਬੈਗ ਨਹੀਂ ਮਿਲਿਆ। ਇਸ ਦੌਰਾਨ ਤਾਨੀਆ ਨੇ ਤੁਰੰਤ ਆਪਣੇ ਪਿਤਾ ਸੰਜੇ ਭਾਟੀਆ ਨੂੰ ਫੋਨ ‘ਤੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਬੈਂਕ ਦੇ ਡੈਬਿਟ/ਕ੍ਰੈਡਿਟ ਕਾਰਡ ਨੂੰ ਲਾਕ ਕਰਨ ਲਈ ਕਿਹਾ। ਉਦੋਂ ਤੱਕ ਹੋਟਲ ਪ੍ਰਬੰਧਕਾਂ ਨੇ ਪੁਲਿਸ ਨੂੰ ਬੁਲਾ ਲਿਆ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹੋਟਲ ਦੇ ਸੀਸੀਟੀਵੀ ਕੈਮਰੇ ਦੇਖੇ। ਪਤਾ ਲੱਗਾ ਕਿ ਕਮਰੇ ਦਾ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਸੀ। ਇਸ ਦੌਰਾਨ ਇਕ ਵਿਅਕਤੀ ਕਮਰੇ ਦੇ ਅੰਦਰ ਗਿਆ ਅਤੇ ਕੁਝ ਦੇਰ ਬਾਅਦ ਬੈਗ ਲੈ ਕੇ ਬਾਹਰ ਆਉਂਦਾ ਦੇਖਿਆ ਗਿਆ। ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment