ਕੇਜਰੀਵਾਲ ਸਰਕਾਰ ਨੇ 10 ਤੋਂ 49 ਬੈੱਡਾਂ ਦੀ ਸਮਰੱਥਾ ਵਾਲੇ ਸਾਰੇ ਨਰਸਿੰਗ ਹੋਮ ਨੂੰ ‘ਕੋਵਿਡ-19 ਸਿਹਤ ਕੇਂਦਰ’ ਐਲਾਨਿਆ

TeamGlobalPunjab
2 Min Read

ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜੀ ਨਾਲ ਵੱਧ ਰਹੀ ਹੈ। ਜਿਸ ਦੇ ਚੱਲਦਿਆਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਲਈ ਬੈੱਡਾਂ ਦੀ ਸਮਰੱਥਾ ਵਧਾਉਣ ਦੇ ਉਦੇਸ਼ ਨਾਲ 10-49 ਬੈੱਡਾਂ ਦੀ ਸਮਰੱਥਾ ਵਾਲੇ ਸਾਰੇ ਛੋਟੇ ਅਤੇ ਦਰਮਿਆਨੇ ਮਲਟੀ-ਸਪੈਸ਼ਲਿਟੀ ਨਰਸਿੰਗ ਹੋਮ ਨੂੰ ‘ਕੋਵਿਡ-19 ਸਿਹਤ ਕੇਂਦਰ’ ਐਲਾਨਿਆ ਹੈ।

ਸ਼ਨੀਵਾਰ ਨੂੰ ਦਿੱਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਸਿਰਫ ਅੱਖ, ਨੱਕ, ਕੰਨ ਅਤੇ ਗਲੇ (ਈਐਨਟੀ) ਦਾ ਇਲਾਜ ਕਰਨ ਵਾਲੇ ਕੇਂਦਰਾਂ, ਡਾਇਲਸਿਸ ਕੇਂਦਰਾਂ, ਜਣੇਪਾ ਘਰਾਂ ਅਤੇ ਆਈਵੀਐਫ ਕੇਂਦਰਾਂ ਨੂੰ ਹੀ ਫਿਲਹਾਲ ਛੋਟ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ, “ਛੋਟੇ ਅਤੇ ਦਰਮਿਆਨੇ ਮਲਟੀ-ਸਪੈਸ਼ਲਿਟੀ ਨਰਸਿੰਗ ਹੋਮਜ਼ ‘ਚ ਕੋਵਿਡ ਅਤੇ ਗੈਰ-ਕੋਵਿਡ ਮਰੀਜ਼ਾਂ ਦੇ ਇਕ ਦੂਜੇ ਦੇ ਸੰਪਰਕ ਵਿਚ ਆਉਣ ਤੋਂ ਬਚਾਉਣ ਲਈ ਅਤੇ ਕੋਵਿਡ-19 ਦੇ ਮਰੀਜ਼ਾਂ ਲਈ ਬਿਸਤਰਿਆਂ ਦੀ ਗਿਣਤੀ ਵਧਾਉਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਦੇ ਸਾਰੇ ਨਰਸਿੰਗ ਹੋਮ ‘ਕੋਵਿਡ-19 ਨਰਸਿੰਗ ਹੋਮ’ ਐਲਾਨੇ ਗਏ ਹਨ ਜਿਨ੍ਹਾਂ ਦੀ ਸਮਰੱਥਾ 10 ਤੋਂ 49 ਬੈੱਡਾਂ ਦੀ ਹੈ।

ਸਰਕਾਰ ਦੇ ਇਸ ਆਦੇਸ਼ ਅਨੁਸਾਰ ਅਜਿਹੇ ਸਾਰੇ ਨਰਸਿੰਗ ਹੋਮਜ਼ ਨੂੰ ਆਰਡਰ ਜਾਰੀ ਹੋਣ ਤੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਆਪਣੇ ਕੋਵਿਡ-19 ਬਿਸਤਰਿਆਂ ਨੂੰ ਤਿਆਰ ਕਰਨਾ ਹੋਵੇਗਾ ਅਤੇ ਅਜਿਹਾ ਨਾ ਕਰਨ ਦੀ ਸੂਰਤ ‘ਚ ਇਨ੍ਹਾਂ ਨਰਸਿੰਗ ਹੋਮ ਨੂੰ ਦਿੱਲੀ ਨਰਸਿੰਗ ਹੋਮ ਪੰਜੀਕਰਨ (ਸੋਧ) ਨਿਯਮ, 2011 ਦੇ ਨਿਯਮ 14 ਦੀ ਅਨੁਸੂਚੀ ਦੀ ਉਪ-ਧਾਰਾ 14.1 ਦੀ ਉਲੰਘਣਾ ਲਈ ਦੋਸ਼ੀ ਮੰਨਿਆ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ 24 ਮਈ ਨੂੰ 50 ਜਾਂ ਇਸ ਤੋਂ ਵੱਧ ਬਿਸਤਰਿਆਂ ਵਾਲੇ 117 ਨਰਸਿੰਗ ਹੋਮ/ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪਣੇ ਕੁਲ ਬਿਸਤਰਿਆਂ ਦਾ 20 ਪ੍ਰਤੀਸ਼ਤ ਕੋਵਿਡ-19 ਦੇ ਮਰੀਜ਼ਾਂ ਲਈ ਰਾਖਵੇਂ ਰੱਖਣ।

Share this Article
Leave a comment