ਅੱਜ ਕੱਲ੍ਹ ਇਕ ਕਾਰਡ ਬਹੁਤ ਚਰਚਾ ਵਿੱਚ ਹੈ। ਇਸ ਦੀ ਹਰ ਬੰਦਾ ਗੱਲ ਕਰ ਰਿਹਾ ਹੈ। ਇਹ ਹੈ ਇਕ ਸੱਦਾ ਪੱਤਰ ਜੋ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਆਪਣੇ ਮਿੱਤਰ ਇਮਰਾਨ ਖਾਨ ਵਲੋਂ ਪਾਕਿਸਤਾਨੀ ਸਫਾਰਤਖਾਨੇ ਰਾਹੀਂ ਆਇਆ ਜਿਸ ਦਾ ਨੰਬਰ 0001 ਹੈ। ਇਸ ਤੋਂ ਝਲਕ ਨਜ਼ਰ ਆਉਂਦੀ ਹੈ ਕਿ ਇਮਰਾਨ ਨੇ ਆਪਣੇ ਦੋਸਤ ਦਾ ਮਾਣ ਵਧਾਉਂਦਿਆ ਸਭ ਤੋਂ ਪਹਿਲਾ ਪੱਤਰ ਨਵਜੋਤ ਸਿੱਧੂ ਨੂੰ ਹੀ ਭੇਜਿਆ ਹੈ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਵੱਲੋਂ 9 ਨਵੰਬਰ ਨੂੰ ਕਰਵਾਏ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਯਤਨਸ਼ੀਲ ਹਨ। ਉਨ੍ਹਾਂ ਪਾਕਿਸਤਾਨ ਵੱਲੋਂ ਭੇਜਿਆ ਗਿਆ ਸੱਦਾ ਪੱਤਰ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਭਾਰਤ ਦੇ ਕੇਂਦਰੀ ਵਿਦੇਸ਼ ਮੰਤਰੀ ਐੱਸਜੇ ਸ਼ੰਕਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਪਾਕਿਸਤਾਨ ਜਾਣ ਲਈ ਲੋੜੀਂਦੀ ਮਨਜ਼ੂਰੀ ਮੰਗੀ ਸੀ। ਕੇਂਦਰੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਤੋਂ ਆਇਆ ਸੱਦਾ ਪੱਤਰ ਮੰਗਿਆ ਸੀ, ਜੋ ਦੁਬਾਰਾ ਸ੍ਰੀ ਸਿੱਧੂ ਵੱਲੋਂ ਭੇਜ ਦਿੱਤਾ ਗਿਆ ਹੈ। ਸ੍ਰੀ ਸਿੱਧੂ ਨੂੰ ਪਾਕਿਸਤਾਨੀ ਹਾਈ ਕਮਿਸ਼ਨਰ ਦਫਤਰ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸੱਦਾ ਪੱਤਰ ਭੇਜਿਆ ਗਿਆ ਹੈ ਜਿਸ ’ਚ ਪ੍ਰੋਗਰਾਮ ਸਬੰਧੀ ਜਾਰੀ ਕੀਤੇ ਗਏ ਸੱਦਾ ਕਾਰਡ, ਪ੍ਰੋਗਰਾਮ ਦੇ ਵੇਰਵੇ ਅਤੇ ਹੋਰ ਜ਼ਰੂਰੀ ਸੂਚਨਾਵਾਂ ਸ਼ਾਮਲ ਹਨ। ਸੱਦਾ ਪੱਤਰ ਦੀ ਕਾਪੀ ਕਾਰਜਕਾਰੀ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਵੱਲੋਂ ਭੇਜੀ ਗਈ ਹੈ।
ਇਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ 9 ਨਵੰਬਰ ਨੂੰ ਨਾਰੋਵਾਲ ’ਚ ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸਬੰਧੀ ਰੱਖੇ ਗਏ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਰਸਮੀ ਸੱਦਾ ਕਾਰਡ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਕਾਰਡ ਵਿੱਚ ਪ੍ਰੋਗਰਾਮ ਦੇ ਵੇਰਵਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ, 9 ਨਵੰਬਰ ਨੂੰ ਮਹਿਮਾਨ 11 ਵਜੇ ਤੱਕ ਉਦਘਾਟਨ ਵਾਲੇ ਸਥਾਨ ’ਤੇ ਪੁੱਜਣ। ਪ੍ਰਧਾਨ ਮੰਤਰੀ ਇਮਰਾਨ ਖਾਨ ਲਗਪਗ 12 ਵਜੇ ਪੁੱਜਣਗੇ। ਪਾਕਿਸਤਾਨ ਦੀ ਸਰਕਾਰ ਵਲੋਂ ਭੇਜਿਆ ਗਿਆ ਇਹ ਸੱਦਾ ਪੱਤਰ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਹੈ।
ਅਵਤਾਰ ਸਿੰਘ
- Advertisement -
-ਸੀਨੀਅਰ ਪੱਤਰਕਾਰ