ਬੇਅਦਬੀ-ਬਹਿਬਲ ਕਲਾਂ ਕੇਸਾਂ ‘ਚ ਬਾਦਲਾਂ ਨੂੰ ਸ਼ਰੇਆਮ ਬਚਾ ਰਹੀ ਹੈ ਕੈਪਟਨ ਸਰਕਾਰ: ਹਰਪਾਲ ਸਿੰਘ ਚੀਮਾ

TeamGlobalPunjab
4 Min Read

-ਸੁਹੇਲ ਬਰਾੜ ਦੀ ਗ੍ਰਿਫਤਾਰੀ ਤੇ ਪ੍ਰਤੀਕਿਰਿਆ ਦਿੰਦਿਆਂ ‘ਆਪ’ ਵਿਧਾਇਕਾਂ ਨੇ ਕੈਪਟਨ ਤੇ ਬਾਦਲ ਪਰਿਵਾਰ ਨੂੰ ਆੜੇ ਹੱਥੀ ਲਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਨਾਲ ਸੰਬੰਧਿਤ ਮਾਮਲਿਆਂ ਦੀ ਕੀੜੀ ਦੀ ਚਾਲ ਚੱਲ ਰਹੀ ਜਾਂਚ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਜੋ ਗ੍ਰਹਿ ਮੰਤਰੀ ਵੀ ਹਨ) ਨੇ ਬਾਦਲ ਪਰਿਵਾਰ ਸਮੇਤ ਸਾਰੇ ਹਾਈਪ੍ਰੋਫਾਇਲ ਦੋਸ਼ੀਆਂ ਬਚਾਉਣ ਲਈ ਜਾਂਚ ਏਜੰਸੀਆਂ ਦੇ ਹੱਥ ਬੰਨ੍ਹ ਰੱਖੇ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਮੁੱਖ ਬੁਲਾਰੇ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕਿਸ਼ਨ ਸਿੰਘ ਰੋੜੀ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਐਡਵੋਕੇਟ ਸੁਹੇਲ ਸਿੰਘ ਬਰਾੜ ਨੂੰ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਗ੍ਰਿਫਤਾਰ ਕੀਤੇ ਜਾਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦ ਤੱਕ ਬੇਅਦਬੀਆਂ ਅਤੇ ਗੋਲੀਕਾਂਡ ਦੇ ਅਸਲੀ ਸਾਜ਼ਿਸ਼ ਘਾੜਿਆਂ ਨੂੰ ਹੱਥ ਪਾਉਣ ਤੋਂ ਆਨਾਕਾਨੀ ਕੀਤੀ ਜਾਂਦੀ ਰਹੇਗੀ, ਉਦੋਂ ਤੱਕ ਸੰਗਤ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਬਣਦੀ ਸਜਾ ਨਹੀਂ ਮਿਲ ਸਕੇਗੀ।

ਹਰਪਾਲ ਸਿੰਘ ਚੀਮਾ ਨੇ ਕਿਹਾ, ”ਸਾਨੂੰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਕਾਰਜਸ਼ੈਲੀ ਪੇਸ਼ੇਵਾਰਨਾ (ਪ੍ਰੋਫੈਸ਼ਨਲ) ਪਹੁੰਚ ਅਤੇ ਕਾਬਲੀਅਤ ‘ਤੇ ਕੋਈ ਸ਼ੱਕ ਨਹੀਂ, ਪਰੰਤੂ ਜਦੋਂ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਪੂਰਾ ਨਿਜ਼ਾਮ ਦੋਸ਼ੀਆਂ ਨੂੰ ਬਚਾਉਣ ਅਤੇ ਸਬੂਤਾਂ ਨੂੰ ਮਿਟਾਉਣ ‘ਤੇ ਤੁਲਿਆ ਹੋਵੇ ਤਾਂ ਉੱਥੇ ਕੁੰਵਰ ਵਿਜੈ ਪ੍ਰਤਾਪ ਸਿੰਘ ਵਰਗੇ 204 ਅਫ਼ਸਰ ਵੀ ਕੀ ਕਰ ਸਕਣਗੇ।”

- Advertisement -

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਹੁਤ ਵੱਡੇ ਪੱਧਰ ਦੀ ਸਾਜ਼ਿਸ਼ ਅਤੇ ਯੋਜਨਾ ਨਾਲ ਹੋਏ ਇਨ੍ਹਾਂ ਸੰਗੀਨ ਅਪਰਾਧਾਂ ‘ਚ ਸੁਹੇਲ ਸਿੰਘ ਬਰਾੜ ਵਰਗੇ ਤਾਂ ਛੋਟੇ-ਮੋਟੇ ਪਿਆਦਿਆਂ ਵਜੋਂ ਵਰਤੇ ਗਏ ਅਤੇ ਵਰਤੇ ਜਾ ਰਹੇ ਹਨ। ਅਜਿਹੇ ਪਿਆਦੇ ਜੇਕਰ ਜਾਂਚ ਦੀ ਸੂਈ ਬਾਦਲ ਪਰਿਵਾਰ ਜਾਂ ਸੁਮੇਧ ਸਿੰਘ ਸੈਣੀ ਵਰਗੇ ਤਾਕਤਵਰਾਂ ਵੱਲ ਮੋੜਦੇ ਹਨ ਤਾਂ ਸਾਰੀ ਸੱਤਾ ਸ਼ਕਤੀ ਗੁਨਾਹਗਾਰਾਂ ਦੇ ਬਚਾਅ ‘ਚ ਉੱਤਰ ਆਉਂਦੀ ਹੈ। ਨਾਭਾ ਜੇਲ੍ਹ ‘ਚ ਬਿੱਟੂ ਦਾ ਕਤਲ ਅਤੇ ਅਹਿਮ ਗਵਾਹ ਸੁਰਜੀਤ ਸਿੰਘ ਦੀ ਭੇਦਭਰੀ ਮੌਤ ਤੱਥ-ਸਬੂਤ ਮਿਟਾਉਣ ਵਾਲੀ ਕੜੀ ਦਾ ਹਿੱਸਾ ਹਨ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ 183 ਪੰਨਿਆਂ ਵਾਲੀ ਰਿਪੋਰਟ ‘ਚ ਸਪਸ਼ਟ ਕੀਤਾ ਹੋਇਆ ਹੈ ਕਿ ਬਹਿਬਲ ਕਲਾਂ ‘ਚ ਨਾਲ ਰੋਸ ਪ੍ਰਗਟਾ ਰਹੀ ਸੰਗਤ ਸ਼ਾਂਤ ਅਤੇ ਹਥਿਆਰਾਂ ਤੋਂ ਬਗੈਰ ਸੀ। ਫਿਰ ਸੁਹੇਲ ਸਿੰਘ ਬਰਾੜ ਵਰਗੇ ਮੋਹਰਿਆਂ ‘ਤੇ ਕਾਰਵਾਈ ਲਈ ਐਨੀ ਦੇਰ ਕਿਉਂ ਲਗਾ ਦਿੱਤੀ?
ਸੰਧਵਾਂ ਨੇ ਕਿਹਾ ਕਿ ਸਾਫ਼ ਹੈ ਕਿ ਸਰਕਾਰ ਇਨ੍ਹਾਂ ਸੰਵੇਦਨਸ਼ੀਲ ਕੇਸਾਂ ਦੀ ਜਾਂਚ ਬੇਵਜ੍ਹਾ ਲੰਬੀ ਖਿੱਚ ਰਹੀ ਹੈ। ਜੇਕਰ ਸਰਕਾਰ ਇਮਾਨਦਾਰੀ ਨਾਲ ਫ਼ਰਜ਼ ਨਿਭਾਉਂਦੀ ਤਾਂ ਹੁਣ ਤੱਕ ਸਾਰੇ ਅਸਲੀ ਦੋਸ਼ੀ ਸਲਾਖ਼ਾਂ ਪਿੱਛੇ ਹੋਣੇ ਸਨ ਅਤੇ ਸਰਕਾਰ ਨੂੰ ਛੋਟੀਆਂ-ਮੋਟੀਆਂ ਮੱਛੀਆਂ ਫੜ ਕੇ ਵੱਡੀਆਂ-ਵੱਡੀਆਂ ਖ਼ਬਰਾਂ ਰਾਹੀਂ ਆਮ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਲੋੜ ਨਹੀਂ ਸੀ ਪੈਣੀ।

ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਇੱਕ ਦੂਜੇ ਨੂੰ ਬਚਾਉਣ ਅਤੇ ਵਾਰੀਆਂ ਬੰਨ੍ਹ ਕੇ ਸਰਕਾਰਾਂ ਬਣਾਉਣ ਦੀ ਸਾਂਝ ਜੱਗ ਜ਼ਾਹਿਰ ਹੋ ਚੁੱਕੀ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਇਨਸਾਫ਼ ਦੀ ਉਮੀਦ ਕਰਨੀ ਬੇਕਾਰ ਹੈ, ਇਸ ਮਾਮਲੇ ‘ਚ ਸੰਗਤ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜਾ ਦੇਣ ਦਾ ਕੰਮ 2022 ‘ਚ ਲੋਕਾਂ ਵੱਲੋਂ ਚੁਣੀ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਦੇ ਆਧਾਰ ‘ਤੇ ਕਰੇਗੀ।

Share this Article
Leave a comment