ਇਸ ਨਹਿਰ ਦਾ ਪਾਣੀ ਕਿਉਂ ਹੋ ਗਿਆ ਕਾਲਾ !

TeamGlobalPunjab
3 Min Read

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਪੰਜਾਬ ਵਿੱਚ ਦਿਨ-ਬ-ਦਿਨ ਪੀਣ ਵਾਲੇ ਅਤੇ ਫ਼ਸਲਾਂ ਨੂੰ ਲੱਗਣ ਵਾਲੇ ਪਾਣੀ ਦਾ ਗੰਧਲਾ ਹੋਣਾ ਚਿੰਤਾ ਦਾ ਵਿਸ਼ਾ ਹੈ। ਪਲੀਤ ਹੋ ਰਿਹਾ ਵਾਤਾਵਰਨ ਨਿੱਤ ਦਿਨ ਹਵਾ ਅਤੇ ਪਾਣੀ ਨੂੰ ਪ੍ਰਦੂਸ਼ਤ ਕਰ ਰਿਹਾ ਹੈ ਜਿਸ ਨਾਲ ਮਨੁੱਖੀ ਸਿਹਤ ‘ਤੇ ਖ਼ਤਰਾ ਵਧ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਕਾਰਨ ਲੋਕਾਂ ਦਾ ਰਹਿਣਾ ਦੁਭਰ ਹੋਇਆ ਪਿਆ ਹੈ। ਸੂਬਾ ਸਰਕਾਰਾਂ ਨੂੰ ਇਸ ਨਾਲ ਸਿੱਝਣ ਲਈ ਸਮਝ ਨਹੀਂ ਆ ਰਹੀ। ਪਹਿਲਾਂ ਲੋਕ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨਾਲ ਲੈ ਕੇ ਚਲਦੇ ਸੀ ਹੁਣ ਸਾਹ ਲੈਣ ਲਈ ਆਕਸੀਜਨ ਨਾਲ ਚੁੱਕਣ ਲੱਗ ਪਏ ਹਨ। ਸੂਬਾ ਸਰਕਾਰਾਂ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਨਾਕਾਮ ਸਾਬਿਤ ਹੋ ਰਹੀਆਂ ਹਨ। ਅਦਾਲਤਾਂ ਦੇ ਹੁਕਮਾਂ ਤੋਂ ਬਾਅਦ ਵੀ ਕੋਈ ਸਮੱਸਿਆ ਸੁਲਝਦੀ ਨਜ਼ਰ ਨਹੀਂ ਆ ਰਹੀ।
ਤਾਜ਼ੀਆਂ ਰਿਪੋਰਟਾਂ ਅਨੁਸਾਰ ਮਾਲਵਾ ਖੇਤਰ ਦੇ ਕਈ ਜ਼ਿਲਿਆਂ ਵਿਚ ਨਹਿਰੀ ਪਾਣੀ ਗੰਧਲਾ ਹੋਣ ਕਾਰਨ ਫ਼ਸਲਾਂ ਦੇ ਯੋਗ ਨਹੀਂ ਹੈ। ਪੰਜਾਬ ਦੇ ਚਾਰ ਜਿਲ੍ਹਿਆਂ ਮਾਨਸਾ, ਬਰਨਾਲਾ, ਬਠਿੰਡਾ ਅਤੇ ਸੰਗਰੂਰ ’ਚੋਂ ਲੰਘਦੀ ਕੋਟਲਾ ਬਰਾਂਚ ਨਹਿਰ ਵਿੱਚ ਕਾਲਾ ਅਤੇ ਬਦਬੂ ਵਾਲਾ ਪਾਣੀ ਆਉਣ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਫੈਲ ਗਿਆ ਹੈ। ਕੋਟਲਾ ਬ੍ਰਾਂਚ ਵਿਚੋਂ ਬਹੁਤ ਸਾਰੇ ਰਜਵਾਹੇ ਅਤੇ ਸੂਏ ਨਿਕਲਦੇ ਹਨ। ਇਨ੍ਹਾਂ ਰਾਹੀਂ ਲੱਖਾਂ ਏਕੜ ਜ਼ਮੀਨ ਨੂੰ ਪਾਣੀ ਲਗਦਾ ਤੇ ਬਹੁਤ ਸਾਰੀਆਂ ਵਾਟਰ ਵਰਕਸਾਂ ਨੂੰ ਪਾਣੀ ਸਪਲਾਈ ਹੁੰਦਾ ਹੈ।
ਕਿਸਾਨ ਜਥੇਬੰਦੀਆਂ ਨੇ ਇਸ ਦਾ ਗੰਭੀਰ ਨੋਟਿਸ ਲੈ ਕੇ ਉੱਚ ਪੱਧਰੀ ਪੜਤਾਲ ਕਰਵਾ ਕੇ ਸਾਫ਼ ਪਾਣੀ ਛੱਡਣ ਦੀ ਮੰਗ ਕੀਤੀ। ਜਥੇਬੰਦੀ ਨੇ ਇਸ ਪਾਣੀ ਨੂੰ ਜ਼ਹਿਰੀਲਾ ਦੱਸਿਆ ਹੈ। ਪਿਛਲੇ ਇੱਕ ਹਫ਼ਤੇ ਤੋਂ ਨਹਿਰ ਅਤੇ ਰਜਵਾਹਿਆਂ ਵਿੱਚ ਕਾਲੇ ਰੰਗ ਦਾ ਪਾਣੀ ਆ ਰਿਹਾ ਹੈ। ਲੋਕਾਂ ਦੀ ਸਿਹਤ ਨੂੰ ਵੱਡਾ ਖ਼ਤਰਾ ਹੈ। ਇਸ ਨਹਿਰ ਵਿੱਚੋਂ ਜ਼ਿਲ੍ਹਾ ਬਰਨਾਲਾ, ਮਾਨਸਾ, ਬਠਿੰਡਾ ਦੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲਦਾ ਹੈ ਧਰਤੀ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਾਰਨ ਲੋਕਾਂ ਨੂੰ ਪੀਣ ਲਈ ਪਾਣੀ ਵਾਟਰ ਵਰਕਸਾਂ ਰਾਹੀਂ ਸਪਲਾਈ ਹੁੰਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰਾਂ ਤੇ ਰਜਵਾਹਿਆ ਵਿੱਚ ਵਗ ਰਹੇ ਜ਼ਹਿਰੀਲੇ ਪਾਣੀ ਨੂੰ ਰੋਕਣ ਲਈ ਨਹਿਰੀ ਵਿਭਾਗ ਦੇ ਅਧਿਕਾਰੀ ਸਿਵਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਈ ਵੀ ਯਤਨ ਨਹੀਂ ਕਰ ਰਹੇ ਹਨ, ਜਦੋਂਕਿ ਇਹ ਸਾਰਾ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਵਾਤਾਵਰਨ ਦਾ ਢੰਡੋਰਾ ਪਿੱਟ ਕੇ ਪਰਾਲੀ ਫੂਕਣ ਵਾਲੇ ਕਿਸਾਨਾਂ ਖ਼ਿਲਾਫ਼ ਤਾਂ 50 ਹਜ਼ਾਰ ਤੋਂ ਵੱਧ ਪੁਲੀਸ ਕੇਸ ਦਰਜ ਕੀਤੇ ਗਏ ਹਨ ਪਰ ਨਹਿਰੀ ਪਾਣੀ ਨੂੰ ਜ਼ਹਿਰੀਲਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਓਧਰ ਸਿੰਜਾਈ ਵਿਭਾਗ ਦੇ ਇਕ ਅਧਿਕਾਰੀ ਜਸਕਰਨ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਪਾਣੀ ਪਿੱਛੋਂ ਹੀ ਕਾਲਾ ਆ ਰਿਹਾ ਹੈ।

Share this Article
Leave a comment