ਲੀਡਰਾਂ ਦੇ ਲਾਰਿਆਂ ਵਿੱਚ ਕਿਉਂ ਆਉਂਦੇ ਨੇ ਲੋਕ !

TeamGlobalPunjab
7 Min Read

-ਸੁਬੇਗ ਸਿੰਘ;

ਮਨੁੱਖ ਦੀ ਜਿੰਦਗੀ ਕੋਈ ਸਿੱਧੇ ਪਧਰੇ ਰਾਹਾਂ ਵਰਗੀ ਨਹੀਂ ਹੈ, ਸਗੋਂ ਇਹ ਤਾਂ ਵਿੰਗ ਵਲੇਵਿਆਂ ਨਾਲ ਭਰੀ ਹੁੰਦੀ ਹੈ। ਇਸ ਲਈ ਇਸ ਜੀਵਨ ਦੀ ਤੋਰ ਨੂੰ ਅੱਗੇ ਵਧਾਉਣ ਲਈ, ਮਨੁੱਖ ਨੂੰ ਕਈ ਵਾਰ ਨਾ ਚਾਹੁੰਦੇ ਹੋਏ ਵੀ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਹਨ। ਇਹੋ ਕਾਰਨ ਹੈ ਕਿ ਕਈ ਵਾਰ ਕਿਸੇ ਨਿੱਕੀ ਜਿਹੀ ਗੱਲ ‘ਤੇ ਵੀ ਝੂਠ ਬੋਲਣਾ ਪੈ ਜਾਂਦਾ ਹੈ। ਕਈ ਵਾਰ ਤਾਂ ਹਾਲਾਤ ਅਜਿਹੇ ਬਣ ਜਾਂਦੇ ਕਿ ਮਨੁੱਖ ਨੂੰ ਫੋਕੀ ਚੌਧਰ ਲਈ ਵੀ ਝੂਠ ਬੋਲਣਾ ਪੈ ਜਾਂਦਾ ਹੈ। ਇਹੋ ਤਾਂ ਜਿੰਦਗੀ ਦੀ ਹਕੀਕਤ ਹੈ।

ਜਿੰਦਗੀ ਦੇ ਰਾਹਾਂ ‘ਤੇ ਚੱਲਦਿਆਂ, ਮਨੁੱਖ ਨੂੰ ਕਈ ਤਰ੍ਹਾਂ ਦੇ ਪਾਪੜ ਵੇਲ੍ਹਣੇ ਪੈਂਦੇ ਹਨ। ਇਸੇ ਸਦਕਾ ਕਈ ਤਰ੍ਹਾਂ ਦੇ ਲੋਕਾਂ ਨਾਲ ਵਾਹ ਵੀ ਪੈਂਦਾ ਹੈ। ਕਈ ਵਾਰ ਤਾਂ ਮਨੁੱਖ ਦਾ ਸੱਚੇ ਤੇ ਸੁੱਚੇ ਅਤੇ ਕਈ ਵਾਰ ਝੂਠੇ ਤੇ ਮਕਾਰ ਕਿਸਮ ਦੇ ਲੋਕਾਂ ਨਾਲ ਵਾਹ ਪੈ ਜਾਂਦਾ ਹੈ। ਭਾਵੇਂ ਇਨ੍ਹਾਂ ਲੋਕਾਂ ਦੀ ਅਸਲੀਅਤ ਬਾਰੇ ਸਭ ਨੂੰ ਪਤਾ ਹੁੰਦਾ ਹੈ। ਪਰ ਇਹ ਲੋਕ ਐਨੇ ਚਲਾਕ ਕਿਸਮ ਦੇ ਕਲਾਕਾਰ ਹੁੰਦੇ ਹਨ, ਜਿਹੜੇ ਹੱਥਾਂ ‘ਤੇ ਸਰੋਂ ਜਮਾਉਣ ਦੀ ਸਮਰੱਥਾ ਰੱਖਦੇ ਹਨ। ਇਹ ਲੋਕ ਅਜਿਹੇ ਅਜੀਬੋ ਗਰੀਬ ਕਿਸਮ ਦੇ ਸੁਪਨੇ ਵਿਖਾਉਂਦੇ ਹਨ, ਕਿ ਵੇਖਣ ਤੇ ਸੁਣਨ ਵਾਲਾ ਹੈਰਾਨ ਵੀ ਹੁੰਦਾ ਹੈ ਅਤੇ ਬਾਅਦ ‘ਚ ਹੱਥ ਮਲ੍ਹਦਾ ਰਹਿ ਜਾਂਦਾ ਹੈ।

ਅਜਿਹੇ ਹੀ ਅਜੀਬ ਕਿਸਮ ਦੇ ਲੋਕਾਂ ‘ਚੋਂ ਸਾਡਾ ਦੋ ਖਾਸ ਕਿਸਮ ਦੇ ਲੋਕਾਂ ਨਾਲ ਵਾਹ ਪੈਂਦਾ ਹੈ। ਇਨ੍ਹਾਂ ‘ਚੋਂ ਇੱਕ ਸ਼ਰਾਬੀ ਤੇ ਦੂਸਰੇ ਲੀਡਰ ਲੋਕ ਹੁੰਦੇ ਹਨ। ਇਹ ਦੋਨੋਂ ਹੀ ਕਿਸਮ ਦੇ ਲੋਕ, ਅਜਿਹੇ ਲੋਕ ਹੁੰਦੇ ਹਨ, ਜਿਹੜੇ ਵੇਖਦਿਆਂ 2, ਹੱਥਾਂ ਤੇ ਸਰੋਂ ਜਮਾ ਦਿੰਦੇ ਹਨ ਜਾਂ ਇਉਂ ਕਹਿ ਲਵੋ, ਕਿ ਇਹ ਲੋਕ ਦਿਨੇਂ ਹੀ ਤਾਰੇ ਵਿਖਾਉਣ ਦੀ ਸਮਰੱਥਾ ਰੱਖਦੇ ਹਨ। ਭਾਵੇਂ, ਇਨ੍ਹਾਂ ਦੀ ਅਸਲੀਅਤ ਬਾਰੇ, ਸਾਰੀ ਦੁਨੀਆਂ ਚੰਗੀ ਤਰ੍ਹਾਂ ਜਾਣੂ ਹੁੰਦੀ ਹੈ, ਪਰ ਇਹ ਲੋਕ ਫੇਰ ਵੀ ਦੂਸਰੇ ਨੂੰ ਮੂਰਖ ਬਨਾਉਣ ‘ਚ ਕਾਮਯਾਬ ਹੋ ਹੀ ਜਾਂਦੇ ਹਨ। ਅੱਜ ਕੱਲ੍ਹ ਕੁਝ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖੂਬ ਗਹਿਮਾ ਗਹਿਮੀ ਹੈ। ਲੀਡਰ ਤਰ੍ਹਾਂ ਤਰ੍ਹਾਂ ਦੇ ਲੌਲੀ ਪੌਪ ਦਿਖਾ ਰਹੇ ਹਨ।

- Advertisement -

ਦੇਸ਼ ਦੇ ਲੀਡਰਾਂ ਦੀ ਗੱਲ ਅਸਲੀਅਤ ਬਾਰੇ ਲੋਕ ਅਕਸਰ ਜਾਣਦੇ ਹੀ ਹੁੰਦੇ ਹਨ। ਇਨ੍ਹਾਂ ਦਾ ਇਹ ਸੁਭਾਅ ਹੀ ਬਣ ਚੁੱਕਿਆ ਹੈ ਕਿ ਇਨ੍ਹਾਂ ਨੇ ਤਾਂ, ਲੋਕਾਂ ਨੂੰ ਹਰ ਵਾਰ ਨਵੇਂ ਤੋਂ ਨਵੇਂ ਲਾਰੇ ਤੇ ਨਾਅਰੇ ਲਾ ਕੇ ਮੂਰਖ ਬਨਾਉਣਾ ਹੀ ਹੁੰਦਾ ਹੈ। ਭਾਵੇਂ ਆਮ ਲੋਕ, ਇਨ੍ਹਾਂ ਦੇ ਲਾਰਿਆਂ ਤੋਂ ਜਿੰਨੇ ਮਰਜੀ ਸੁਚੇਤ ਹੋ ਜਾਣ ਪਰ ਫੇਰ ਵੀ ਆਖਰ ਨੂੰ ਇਨ੍ਹਾਂ ਲੀਡਰਾਂ ਦੇ ਝਾਂਸੇ ‘ਚ ਆ ਹੀ ਜਾਂਦੇ ਹਨ ਅਤੇ ਇਹ ਲੋਕ ਜਨਤਾ ਨੂੰ ਮੂਰਖ ਬਨਾਉਣ ‘ਚ ਕਾਮਯਾਬ ਵੀ ਹੋ ਹੀ ਜਾਂਦੇ ਹਨ।

ਦੇਸ਼ ‘ਚ ਹਰ ਕਿਸਮ ਦੀਆਂ ਚੋਣਾਂ ਦੇ ਵਕਤ, ਹਰ ਪ੍ਰਕਾਰ ਦਾ ਲੀਡਰ ਆਪੋ ਆਪਣੇ ਹਿਸਾਬ ਨਾਲ ਲੋਕਾਂ ਨੂੰ ਲਾਰੇ ਲਾ ਕੇ ਮੂਰਖ ਬਨਾਉਣ ਦੀ ਕੋਸ਼ਿਸ਼ ਕਰਦਾ ਹੈ।ਜਿਹੋ ਜਿਹੇ ਪੱਧਰ ਦਾ ਕੋਈ ਲੀਡਰ ਹੁੰਦਾ ਹੈ, ਉਹੋ ਜਿਹੇ ਲਾਰੇ, ਚੋਣਾਂ ਦੇ ਵਕਤ ਲਾਰੇ ਲਾ ਕੇ ਆਪਣਾ ਉੱਲੂ ਸਿੱਧਾ ਕਰ ਹੀ ਲੈਂਦਾ ਹੈ। ਭਾਵੇਂ ਲੋਕ, ਜਿੰਨੇ ਮਰਜੀ ਸੁਚੇਤ ਹੋ ਜਾਣ, ਪਰ ਲੀਡਰ ਆਪਣੀ ਕਲਾਕਾਰੀ ਵਿਖਾ ਹੀ ਜਾਂਦੇ ਹਨ। ਇਹੋ ਕਾਰਨ ਹੈ ਕਿ ਵਾਰ 2 ਇਨ੍ਹਾਂ ਲੀਡਰਾਂ ਦੀਆਂ ਗੱਲਾਂ ‘ਚ ਆਉਣ ਵਾਲੇ ਲੋਕ,ਅੱਜ ਵੀ ਜਿੰਦਗੀ ਦੀਆਂ ਮੁੱਢਲੀ ਲੋੜਾਂ ਤੋਂ ਵਾਂਝੇ ਹਨ।

ਲੀਡਰਾਂ ਦੇ ਵਾਂਗ ਹੀ, ਸਮਾਜ ‘ਚ ਇੱਕ ਹੋਰ ਵਿਅਕਤੀ, ਨਸ਼ੇ ਦੀ ਲੋਰ ਵਾਲਾ ਪਾਤਰ ਵੀ ਹੈ, ਜਿਹੜਾ ਕਿਸੇ ਵੀ ਗੱਲੋਂ, ਲੀਡਰਾਂ ਤੋਂ ਭੋਰਾ ਵੀ ਘੱਟ ਨਹੀਂ ਹੈ। ਜਦੋਂ ਕੋਈ ਨਸ਼ੇ ਵਿੱਚ ਤਾਂ ਉਹ ਸਾਹਮਣੇ ਵਾਲੇ ਨਾਲ ਬੜੇ ਵੱਡੇ 2 ਵਾਅਦੇ ਕਰਦਾ ਹੈ। ਜਿਸਨੂੰ ਦੂਸਰੀ ਭਾਸ਼ਾ ‘ਚ ਗੱਪ ਵੀ ਕਿਹਾ ਜਾਂਦਾ ਹੈ। ਅਜਿਹੇ ਸ਼ਰਾਬੀਆਂ ਦੀ ਥੋੜ੍ਹੀ ਜਿਹੀ ਦਾਰੂ ਸੰਘੋਂ ਅੰਦਰ ਨਹੀਂ ਲੰਘੀ, ਤਾਂ ਇਹ ਲੋਕ ਆਪਣੇ ਆਪ ਨੂੰ ਕਿਸੇ ਵੱਡੇ ਬੰਦੇ ਤੋਂ ਘੱਟ ਨਹੀਂ ਸਮਝਦੇ। ਫਿਰ ਇਹ ਲੋਕ, ਅਜਿਹੀਆਂ ਗੱਲਾਂ ਕਰਨ ਲੱਗ ਪੈਂਦੇ ਹਨ, ਜਿਵੇਂ ਦੁਨੀਆਂ ਦੀ ਸਾਰੀ ਤਾਕਤ ਹੀ ਇਨ੍ਹਾਂ ਲੋਕਾਂ ਦੇ ਹੱਥਾਂ ‘ਚ ਹੀ ਆ ਗਈ ਹੋਵੇ।

ਸ਼ਰਾਬੀਆਂ ਦੇ ਸਵੰਧ ‘ਚ, ਇੱਕ ਘਟਨਾ ਦਾ ਜਿਕਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਆਉਂਦਾ ਹੈ। ਕਹਿੰਦੇ ਹਨ, ਕਿ ਇੱਕ ਵਾਰ, ਇੱਕ ਮਰਾਸੀ ਨੇ ਜਿਆਦਾ ਸ਼ਰਾਬ ਪੀ ਲਈ। ਉਧਰੋਂ ਮਹਾਰਾਜਾ ਰਣਜੀਤ ਸਿੰਘ ਹਾਥੀ ‘ਤੇ ਸਵਾਰ ਹੋ ਕੇ ਆਪਣੇ ਅੰਗ ਰੱਖਿਅਕਾਂ ਨਾਲ ਉੱਥੋਂ ਲੰਘ ਰਿਹਾ ਸੀ, ਤਾਂ ਸ਼ਰਾਬੀ ਹਾਲਤ ‘ਚ, ਉਸ ਮਰਾਸੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਘੇਰ ਲਿਆ ਤੇ ਕਿਹਾ ਕਿ ਬੋਲ ਕਾਣਿਆਂ, ਇਸ ਕੱਟੇ ਦਾ ਕੀ ਮੁੱਲ ਹੈ? ਕਹਿੰਦੇ ਹਨ,ਕਿ ਮਹਾਰਾਜਾ ਰਣਜੀਤ ਸਿੰਘ ਨੇ ਪਹਿਰੇਦਾਰਾਂ ਨੂੰ ਉਸ ਸ਼ਰਾਬੀ ਨੂੰ ਦੰਡ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਸਵੇਰੇ ਦਰਬਾਰ ਚ ਬੁਲਾਉਣ ਲਈ ਕਿਹਾ। ਜਦੋਂ ਸਵੇਰੇ ਉਸ ਵਿਅਕਤੀ ਨੂੰ ਦਰਬਾਰ ਚ ਬੁਲਾ ਕੇ ਸੌਦਾ ਕਰਨ ਲਈ ਪੁੱਛਿਆ ਗਿਆ, ਤਾਂ ਉਸ ਨੇ ਕਿਹਾ ਕਿ ਜਨਾਬ ਰਾਤ ਵਾਲੇ ਵਪਾਰੀ ਤਾਂ ਲੱਦ ਗਏ ਹਨ। ਹੁਣ ਆਪਣਾ ਸੌਦਾ ਨਹੀਂ ਹੋ ਸਕੇਗਾ ਕਿਉਂਕਿ ਉਸਦਾ ਦਾਰੂ ਦਾ ਨਸ਼ਾ ਲਹਿ ਚੁੱਕਿਆ ਸੀ। ਸੋ ਕਹਿਣ ਤੋਂ ਭਾਵ ਇਹ ਹੈ, ਕਿ ਸ਼ਰਾਬੀ ਲੋਕ ਵੀ ਅਕਸਰ ਨਸ਼ੇ ‘ਚ ਹੀ ਲੋੜ ਤੋਂ ਜਿਆਦਾ ਬੜ੍ਹਕਾਂ ਅਤੇ ਗੱਪਾਂ ਮਾਰ ਜਾਂਦੇ ਹਨ।

ਮੁੱਕਦੀ ਗੱਲ ਤਾਂ ਇਹ ਹੈ ਕਿ ਲੀਡਰਾਂ ਤੇ ਸ਼ਰਾਬੀਆਂ ਦੀਆਂ ਗੱਲਾਂ ‘ਚ ਕੋਈ ਜਿਆਦਾ ਫਰਕ ਵੀ ਤਾਂ ਨਹੀਂ ਹੁੰਦਾ। ਦੋਵੇਂ ਹੀ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ ਅਤੇ ਦੋਵੇਂ ਲਾਰੇ ਹੱਥੇ ਹੁੰਦੇ ਹਨ। ਫਰਕ ਤਾਂ ਸਿਰਫ ਐਨਾ ਕੁ ਹੁੰਦਾ ਹੈ ਕਿ ਸ਼ਰਾਬੀ ਉਦੋਂ ਤੱਕ ਹੀ ਲਾਰੇ ਲਾਉਂਦੇ ਹਨ ਜਾਂ ਮੂਰਖ ਬਣਾਉਂਦੇ ਹਨ, ਜਦੋਂ ਤੱਕ ਨਸ਼ੇ ਦੀ ਹਾਲਤ ‘ਚ ਹੁੰਦੇ ਹਨ। ਪਰ ਇਹ ਲੀਡਰ ਸਾਰੀ ਉਮਰ ਹੀ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਹਨ ਅਤੇ ਤਰ੍ਹਾਂ 2 ਦੇ ਲਾਰੇ ਲਾਈ ਜਾਂਦੇ ਹਨ। ਸੋ ਅਗਰ ਅਸੀਂ, ਆਪਣੀ ਜਿੰਦਗੀ ‘ਚ ਸੁਖੀ ਰਹਿਣਾ ਹੈ, ਤਾਂ ਸਾਨੂੰ ਲੀਡਰਾਂ ਦੇ ਲਾਰਿਆਂ ਤੋਂ ਹਰ ਵਕਤ ਹੀ ਸੁਚੇਤ ਰਹਿਣਾ ਪਵੇਗਾ। ਇਨ੍ਹਾਂ ਲਾਰਿਆਂ ਨੇ ਕਦੇ ਵੀ ਪੂਰਾ ਨਹੀਂ ਹੋਣਾ। ਸੋ ਜਿੰਨਾ ਚਿਰ, ਅਸੀਂ ਇਨ੍ਹਾਂ ਲੋਕਾਂ ਦੀਆਂ ਗੱਲਾਂ ‘ਚ ਆਉਂਦੇ ਰਹਾਂਗੇ, ਉਦੋਂ ਤੱਕ ਖੁਆਰ ਹੀ ਹੁੰਦੇ ਰਹਾਂਗੇ। ਇਹ ਫੈਸਲਾ ਤਾਂ, ਅਸੀਂ ਆਪ ਹੀ ਕਰਨਾ ਹੈ।

- Advertisement -

ਸੰਪਰਕ: 93169 10402

Share this Article
Leave a comment