WHO : ਅਮਰੀਕਾ ਤੋਂ ਬਾਅਦ ਹੁਣ ਬ੍ਰਾਜ਼ਿਲ ਨੇ ਵਿਸ਼ਵ ਸਿਹਤ ਸੰਗਠਨ ਨਾਲ ਸਬੰਧ ਤੋੜਨ ਦੀ ਦਿੱਤੀ ਧਮਕੀ

TeamGlobalPunjab
2 Min Read

ਨਿਊਜ਼ ਡੈਸਕ : ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਤੋਂ ਬਾਅਦ ਹੁਣ ਬ੍ਰਾਜ਼ਿਲ ਨੇ ਵਿਸ਼ਵ ਸਿਹਤ ਸੰਗਠਨ ਨਾਲ ਆਪਣੇ ਸਬੰਧ ਤੋੜਨ ਦੀ ਧਮਕੀ ਦਿੱਤੀ ਹੈ। ਬ੍ਰਾਜ਼ਿਲ ਨੇ ਵਿਸ਼ਵ ਸਿਹਤ ਸੰਗਠਨ ‘ਤੇ ਪੱਖਪਾਤ ਅਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਵਿਸ਼ਵ ਸਿਹਤ ਸੰਗਠਨ ਦਾ ਸਾਥ ਛੱਡਣ ਦੀ ਗੱਲ ਕਹੀ ਹੈ। ਬ੍ਰਾਜ਼ਿਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਡਬਲਯੂਐੱਚਓ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੰਗਠਨ ਦੀ ਕਾਰਵਾਈ ਨਿਰਪੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਜਦੋਂ ਤੋਂ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਰੋਕੀ ਹੈ ਉਦੋਂ ਤੋਂ ਹੀ ਸੰਗਠਨ ਨੇ ਆਪਣੇ ਵਾਅਦਿਆਂ ਤੋਂ ਮੂੰਹ ਫੇਰ ਲਿਆ ਹੈ।

ਦੱਸ ਦਈਏ ਕਿ ਹਾਲ ਹੀ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨਾਲ ਆਪਣੇ ਸਾਰੇ ਸਬੰਧ ਖਤਮ ਕਰਨ ਦੀ ਧਮਕੀ ਦਿੱਤੀ ਸੀ। ਰਾਸ਼ਟਰਪਤੀ ਟਰੰਪ ਨੇ ਦੋਸ਼ ਲਗਾਇਆ ਸੀ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਮਹਾਮਾਰੀ ਨੂੰ ਪੂਰੀ ਦੁਨੀਆ ਤੋਂ ਛੁਪਾਉਣ ਲਈ ਚੀਨ ਦਾ ਸਾਥ ਦਿੱਤਾ ਹੈ। ਟਰੰਪ ਦਾ ਕਹਿਣਾ ਸੀ ਕਿ ਜੇਕਰ ਵਿਸ਼ਵ ਸਿਹਤ ਸੰਗਠਲ ਸਮੇਂ ਸਿਰ ਮਹਾਮਾਰੀ ਬਾਰੇ ਦੁਨੀਆ ਨੂੰ ਸੁਚੇਤ ਕਰਦਾ ਤਾਂ ਅੱਜ ਇੰਨੀ ਵੱਡੀ ਗਿਣਤੀ ‘ਚ ਲੋਕਾਂ ਦੀ ਜਾਨ ਨਹੀਂ ਜਾਣੀ ਸੀ। ਬ੍ਰਾਜ਼ਿਲ ਦੇ ਇੱਕ ਅਖਬਾਰ ਅਨੁਸਾਰ ਵਿਸ਼ਵ ਸਿਹਤ ਸੰਗਠਨ ਦਾ ਬ੍ਰਾਜ਼ਿਲ ‘ਤੇ 33 ਮਿਲੀਅਨ ਡਾਲਰ ਦਾ ਬਕਾਇਆ ਹੈ। ਜ਼ਿਕਰਯੋਗ ਹੈ ਕਿ ਬ੍ਰਾਜ਼ਿਲ ਨੇ ਸਾਲ 2019 ‘ਚ ਵਿਸ਼ਵ ਸਿਹਤ ਸੰਗਠਨ ਨੂੰ ਫੰਡ ਦੇਣਾ ਬੰਦ ਕਰ ਦਿੱਤਾ ਸੀ।

ਅਮਰੀਕਾ ਦੇ ਮਿਸੌਰੀ ਰਾਜ ਵੱਲੋਂ ਚੀਨ ਵਿਰੁੱਧ ਇੱਕ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਕੋਰੋਨਾ ਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ ਇਸ ਦੀ ਨਿਰਪੱਖ ਜਾਂਚ ਦਾ ਡਰਾਫਟ ਪ੍ਰਸਤਾਵ 73ਵੀਂ ਵਰਲਡ ਹੈਲਥ ਅਸੈਂਬਲੀ ਵਿੱਚ ਪੇਸ਼ ਕੀਤਾ ਗਿਆ। 100 ਤੋਂ ਵਧੇਰੇ ਦੇਸ਼ ਇਸ ਪ੍ਰਸਤਾਵ ‘ਚ ਸ਼ਾਮਲ ਹਨ। ਜਿਨ੍ਹਾਂ ‘ਚੋਂ  ਭਾਰਤ ਵੀ ਇੱਕ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਕਿਸੇ ਵੀ ਜਾਂਚ ਲਈ ਤਿਆਰ ਹੈ।

ਅਮਰੀਕਾ ਤੋਂ ਬਾਅਦ ਬ੍ਰਾਜ਼ਿਲ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਬ੍ਰਾਜ਼ਿਲ ‘ਚ ਹੁਣ ਤੱਕ ਕੋਰੋਨਾ ਦੇ 6 ਲੱਖ 92 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 36 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

- Advertisement -

Share this Article
Leave a comment