ਕਿਹੜੇ ਸ਼ਹਿਰ ਦੇ ਬਾਸ਼ਿੰਦਿਆਂ ਦੀ ਉਮਰ ਘਟ ਰਹੀ ਹੈ

TeamGlobalPunjab
4 Min Read

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਮਾਮਲਾ ਨਿਪਟਣ ਦਾ ਨਾਂ ਨਹੀਂ ਲੈ ਰਿਹਾ। ਸਰਦੀ ਵਧਣ ਕਾਰਨ ਮਹਾਂਨਗਰ ਵਾਸੀਆਂ ਨੂੰ ਸਾਹ ਲੈਣ ਵਿੱਚ ਬੇਹੱਦ ਮੁਸ਼ਕਲ ਆ ਰਹੀ ਹੈ। ਅਦਾਲਤ ਦੇ ਹੁਕਮਾਂ ‘ਤੇ ਗੁਆਂਢੀ ਰਾਜਾਂ ਵੱਲੋਂ ਚੁਕੇ ਗਏ ਕਦਮ ਵੀ ਕਾਰਗਰ ਸਾਬਿਤ ਹੁੰਦੇ ਨਜ਼ਰ ਨਹੀਂ ਆ ਰਹੇ। ਜੇ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਇਥੋਂ ਦੇ ਬਾਸ਼ਿੰਦੇ ਗੰਭੀਰ ਰੋਗਾਂ ਦੀ ਗ੍ਰਿਫ਼ਤ ਹੇਠ ਆ ਜਾਣਗੇ।
ਇਕ ਸਰਵੇਖਣ ਅਨੁਸਾਰ ਦਿੱਲੀ ਵਿਚ ਵਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਦੀ ਉਮਰ ਹੋਰਨਾਂ ਸੂਬਿਆਂ ਦੇ ਲੋਕਾਂ ਦੇ ਮੁਕਾਬਲੇ 17 ਸਾਲ ਘੱਟ ਹੋ ਸਕਦੀ ਹੈ। ਲੁਧਿਆਣਾ ਦੇ ਦਿਲ ਦੇ ਰੋਗਾਂ ਮਾਹਿਰ ਡਾ. ਰਵਨਿੰਦਰ ਸਿੰਘ ਕੂਕਾ ਨੇ ਦੱਸਿਆ ਕਿ ਦਿੱਲੀ ’ਚ ਵਧ ਰਹੇ ਪ੍ਰਦੂਸ਼ਣ ’ਤੇ ਹਾਲ ਹੀ ਵਿੱਚ ਆਈਆਂ ਰਿਪੋਰਟਾਂ ਅਨੁਸਾਰ ਉੱਥੋਂ ਦੇ ਵਸਨੀਕਾਂ ਦੀ ਉਮਰ ਹੋਰਨਾਂ ਰਾਜਾਂ ਨਾਲੋਂ ਕਰੀਬ 17 ਸਾਲ ਘਟ ਗਈ ਹੈ। ਪ੍ਰਦੂਸ਼ਣ ਕਾਰਨ ਫੇਫੜਿਆਂ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਕਈ ਵਾਰ ਦਿਲ ਦੀਆਂ ਨਾੜਾਂ ਵੀ ਬੰਦ ਹੋ ਜਾਂਦੀਆਂ ਹਨ। ਇਸ ਸਥਿਤੀ ਵਿੱਚ ਦਿਲ ਫੇਲ੍ਹ ਹੋਣ ਦੀ ਸਥਿਤੀ ’ਚ ਪਹੁੰਚ ਸਕਦਾ ਹੈ। ਸਾਲ 2000 ਤੋਂ ਬਾਅਦ ਦੇਸ਼ ’ਚ ਦਿਲ ਦੇ ਮਰੀਜ਼ਾਂ ਦੀ ਗਿਣਤੀ 40 ਫੀਸਦ ਤੱਕ ਵਧੀ ਹੈ।
ਉਧਰ ਰਿਪੋਰਟਾਂ ਮੁਤਾਬਿਕ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਭਰੋਸਾ ਪ੍ਰਗਟਾਇਆ ਹੈ ਕਿ ਕੌਮੀ ਰਾਜਧਾਨੀ ਦੀ ਹਵਾ ਗੁਣਵੱਤਾ ’ਚ ਸੁਧਾਰ ਪੇਈਚਿੰਗ ਨਾਲੋਂ ਘੱਟ ਸਮੇਂ ਦੇ ਅੰਦਰ ਹੋਵੇਗਾ। ਕੇਂਦਰ ਨੇ ਸੁਪਰੀਮ ਕੋਰਟ ’ਚ ਕਿਹਾ ਕਿ ਦਿੱਲੀ ਸਰਕਾਰ ਪੂਰਬੀ ਤੇ ਪੱਛਮੀ ਐਕਸਪ੍ਰੈਸਵੇਅ ਲਈ 3500 ਕਰੋੜ ਰੁਪਏ ਦਾ ਬਕਾਇਆ ਛੇਤੀ ਅਦਾ ਕਰੇ। ਹਵਾ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਬਾਰੇ ਬਹਿਸ ਦਾ ਲੋਕ ਸਭਾ ’ਚ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਮੱਸਿਆ ਨਾਲ ਸਿੱਝਣ ਲਈ ਵੱਡੇ ਪੱਧਰ ’ਤੇ ਜਨ ਅੰਦੋਲਨ ਚਲਾਉਣ ਦੀ ਲੋੜ ਹੈ। ਦਿੱਲੀ ਦੀ ਖ਼ਰਾਬ ਫ਼ਿਜ਼ਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੇਈਚਿੰਗ ਨੂੰ ਹਵਾ ਪ੍ਰਦੂਸ਼ਣ ਦੇ ਟਾਕਰੇ ਲਈ 15 ਸਾਲ ਦਾ ਸਮਾਂ ਲੱਗਿਆ ਪਰ ਉਹ ਘੱਟ ਸਮੇਂ ’ਚ ਇਸ ਦਾ ਨਿਬੇੜਾ ਕਰਨਗੇ। ਦੇਸ਼ ’ਚ ਹਰਿਆਲੀ ਵਧ ਰਹੀ ਹੈ ਅਤੇ ਕੌਮੀ ਰਾਜਧਾਨੀ ’ਚ ਦਿੱਲੀ ਮੈਟਰੋ ਦੀ ਉਸਾਰੀ ਲਈ ਕੱਟੇ ਗਏ ਦਰੱਖ਼ਤਾਂ ਦੀ ਥਾਂ ਪੰਜ ਗੁਣਾ ਵੱਧ ਬੂਟੇ ਲਾਏ ਗਏ ਹਨ।
ਬਹਿਸ ’ਚ ਹਿੱਸਾ ਲੈਂਦਿਆਂ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਦਾ ਕਹਿਣਾ ਸੀ ਕਿ ਸੂਬੇ ਅਤੇ ਕੇਂਦਰ ਸਰਕਾਰ ਨੂੰ ਸਮੱਸਿਆ ਦਾ ਹੱਲ ਰਲ ਕੇ ਕੱਢਣਾ ਚਾਹੀਦਾ ਹੈ। ਐੱਨਡੀਏ ਸਰਕਾਰ ਦਾ ਵਾਤਾਵਰਨ ਅਤੇ ਜੰਗਲਾਤ ਮੰਤਰਾਲਾ ਸਾਂਭ-ਸੰਭਾਲ ਦੀ ਥਾਂ ’ਤੇ ਕਾਰੋਬਾਰ ਪੱਖੀ ਜਾਪਦਾ ਹੈ।
ਰਿਪੋਰਟਾਂ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਲਾਹੌਰ ਨੂੰ ਵੀ ਹਵਾ ਪ੍ਰਦੂਸ਼ਣ ਦੀ ਮਾਰ ਝੱਲਣੀ ਪੈ ਰਹੀ ਹੈ ਤੇ ਜ਼ਹਿਰੀਲੀ ਧੁੰਆਂਖੀ ਧੁੰਦ ਕਾਰਨ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸੇ ਮਹੀਨੇ ਸਕੂਲ ਦੂਜੀ ਵਾਰ ਬੰਦ ਕੀਤੇ ਗਏ ਹਨ। ਹਰ ਸਾਲ ਨਵੰਬਰ ’ਚ ਸਨਅਤੀ ਪ੍ਰਦੂਸ਼ਣ ਤੇ ਗੁਆਂਢੀ ਮੁਲਕ ਭਾਰਤ ਵਿਚ ਕੂੜਾ ਤੇ ਪਰਾਲੀ ਸਾੜਨ ਦਾ ਅਸਰ ਪਾਕਿ ਦੇ ਇਸ ਸ਼ਹਿਰ ’ਤੇ ਵੀ ਪੈਂਦਾ ਹੈ। ਲਾਹੌਰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਸ਼ਾਮਿਲ ਹੋ ਗਿਆ ਹੈ। ਲਹਿੰਦੇ ਪੰਜਾਬ ਦੀ ਸਰਕਾਰ ਨੇ ਹਜ਼ਾਰਾਂ ਇੱਟਾਂ ਦੇ ਭੱਠੇ ਪਹਿਲਾਂ ਹੀ ਬੰਦ ਕਰ ਦਿੱਤੇ ਹਨ।

Share this Article
Leave a comment