ਸ੍ਰੀ ਮੁਕਤਸਰ ਸਾਹਿਬ : ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹਾ ਮੁਕਤਸਰ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ‘ਚ ਸਰਪੰਚ ਦੇ ਅਹੁਦੇ ਲਈ ਦਾਅਵੇਦਾਰ ਬਣੇ ਵਿਰੋਧੀ ਧਿਰ ਦੇ ਆਗੂਆਂ ਦੀਆਂ ਨਾਮਜ਼ਦਗੀਆਂ ਰੱਦ ਕੀਤੇ ਜਾਣ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਨੇ ਮੁਕਤਸਰ ਦੇ ਡੀਸੀ ਦਫ਼ਤਰ ਚੌਕ ‘ਚ ਧਰਨਾ ਦਿੱਤਾ। ਧਰਨੇ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਆਪਣੇ ਸਿਆਸੀ ਜੀਵਨ ‘ਚ ਪਹਿਲੀ ਵਾਰ ਦੇਖਿਆ ਹੈ ਕਿ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਵੀ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸੁਖਬੀਰ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਨਾਂ ਲਏ ਬਿਨਾਂ ਕਿਹਾ ਕਿ ਗਿੱਦੜਬਾਹਾ ਜ਼ਿਮਨੀ ਚੋਣ ‘ਚ ਨਵੇਂ ਬਣੇ ਝਾੜੂ ਵਾਲੇ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਗਿੱਦੜਬਾਹਾ ਦੇ ਬਹੁਤੇ ਪਿੰਡਾਂ ‘ਚ ਵਿਰੋਧੀ ਧਿਰ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਮੁੱਚਾ ਗਿੱਦੜਬਾਹਾ ਹੜਤਾਲ ’ਤੇ ਬੈਠ ਗਿਆ ਹੈ। ਸੁਖਬੀਰ ਨੇ ਕਿਹਾ ਕਿ ਹੁਣ ਉਨ੍ਹਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਹਨ, ਪਰ ਉਹ ਜ਼ਿਮਨੀ ਚੋਣ ‘ਚ ਤਾਂ ਨਾਮਜ਼ਦਗੀਆਂ ਰੱਦ ਨਹੀਂ ਕਰਵਾ ਸਕਣਗੇ। ਗਿੱਦੜਬਾਹਾ ਜ਼ਿਮਨੀ ਚੋਣ ਡੇਢ-ਦੋ ਮਹੀਨੇ ਬਾਅਦ ਆ ਜਾਵੇਗੀ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੋਧ ‘ਚ ਭਲਕੇ ਵੀਰਵਾਰ ਨੂੰ ਸਵੇਰੇ 11 ਵਜੇ ਐੱਸਡੀਐੱਮ ਦਫ਼ਤਰ ਗਿੱਦੜਬਾਹਾ ਦਾ ਘਿਰਾਓ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਡੀਸੀ ਮੁਕਤਸਰ ਦੇ ਇਸ਼ਾਰੇ ’ਤੇ ਵਿਰੋਧੀ ਧਿਰ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਉਹ ਮਾਮਲੇ ਨੂੰ ਹਾਈਕੋਰਟ ‘ਚ ਲੈ ਕੇ ਜਾਣਗੇ। ਅਫਸਰਾਂ ਨੂੰ ਅਦਾਲਤ ‘ਚ ਵੀ ਘਸੀਟਿਆ ਜਾਵੇਗਾ। ਪੰਚਾਇਤੀ ਚੋਣਾਂ ‘ਚ ਜਿੰਨਾ ਚਾਹੋ ਧੱਕਾ ਕਰ ਸਕਦੇ ਹੋ ਪਰ ਉਪ-ਚੋਣਾਂ ‘ਚ ਤੁਸੀਂ ਬੁਰੀ ਤਰ੍ਹਾਂ ਹਾਰੋਗੇ। ਉਨ੍ਹਾਂ ਕਿਹਾ ਕਿ ਬਦਲਾਅ ਨੇ ਪੰਜਾਬ ਦੀ ਹਾਲਤ ਬਦਤਰ ਕਰ ਦਿੱਤੀ ਹੈ। ਨੌਜਵਾਨ ਵਿਦੇਸ਼ ਜਾ ਰਹੇ ਹਨ।
ਇਸ ਤੋਂ ਪਹਿਲਾਂ ਬਠਿੰਡਾ ਰੋਡ ‘ਤੇ ਸਥਿਤ ਗੁਰਦੁਆਰਾ ਤਰਨਤਾਰਨ ਸਾਹਿਬ ਵਿਖੇ ਇਕੱਠੇ ਹੋਣਗੇ। ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਏ ਐਲਾਨੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਅੱਜ ਪਹਿਲੀ ਵਾਰ ਸਾਹਮਣੇ ਆਏ ਹਨ।