ਮੇਰੀ ਲਈ ਟੋਏ ਪੁੱਟਣ ਵਾਲੇ ਆਪ ਹੀ ਖੂਹ `ਚ ਡਿੱਗੇ: ਸਿੱਧੂ

TeamGlobalPunjab
4 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ‘ਚ ਇਤਿਹਾਸਕ ਜਿੱਤ ਹਾਸਲ ਕਰਕੇ ਆਮ ਆਦਮੀ ਪਾਰਟੀ ਸੂਬੇ ਦੀ ਵਾਂਗਡੋਰ ਸੰਭਾਲਣ ਦੀ ਤਿਆਰੀ ਕਰ ਰਹੀ ਹੈ, ਪਰ ਸੱਤਾ ਗੁਆਉਣ ਵਾਲੀ ਕਾਂਗਰਸ ਪਾਰਟੀ ਦੇ ਅੰਦਰ ਚੱਲ ਰਿਹਾ ਕਾਟੋ ਕਲੇਸ਼ ਹਾਲੇ ਵੀ ਬਰਕਰਾਰ ਹੈ। ਕਾਂਗਰਸ ਦੇ ਵੱਡੇ ਆਗੂ ਹਾਰ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ, ਸਭ ਤੋਂ ਵੱਧ ਹੈਰਾਨ ਕਰਨ ਵਾਲਾ ਬਿਆਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਆਇਆ ਹੈ।

ਸਿੱਧੂ ਦਾ ਬਿਆਨ ਕਾਂਗਰਸ ਦੀ ਅੰਦਰੂਨੀ ਫੁੱਟ ਹੋਰ ਜ਼ਿਆਦਾ ਵਧਣ ਦਾ ਸੰਕੇਤ ਦੇ ਰਿਹਾ ਹੈ। ਸਿੱਧੂ ਨੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਹੈ। ਸਿੱਧੂ ਨੇ ਇੱਕ ਤਰੀਕੇ ਨਾਲ ਜਿੱਥੇ ਇਸ਼ਾਰਿਆਂ-ਇਸ਼ਾਰਿਆਂ ‘ਚ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ ਤਾਂ ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ ਹੱਥੀਂ ਲਿਆ।

ਸਿੱਧੂ ਨੇ ਕਿਹਾ ਕਿ, ‘ਜਿਨ੍ਹਾਂ ਨੇ ਉਨ੍ਹਾਂ ਲਈ ਟੋਏ ਪੁੱਟੇ ਸਨ, ਉਹ ਆਪ ਹੀ ਡਿੱਗ ਗਏ ਹਨ। ਜਿਨ੍ਹਾਂ ਨੇ ਨਵਜੋਤ ਸਿੱਧੂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ, ਉਹ ਖੁੱਦ ਹੀ ਨੀਵੇਂ ਹੋ ਗਏ ਹਨ।’ ਇਸ ਦੌਰਾਨ ਸਿੱਧੂ ਨੇ ਫਿਰ ਦੋਹਰਾਇਆ ਕਿ, ‘ਉਨ੍ਹਾਂ 3-4 ਮੁੱਖ ਮੰਤਰੀ ਭੁਗਤਾ ਦਿੱਤੇ ਹਨ। ਸਿੱਧੂ ਨੇ ਕਿਹਾ ਕਿ ਜਿਹੋ-ਜਿਹਾ ਬੀਜ ਬੀਜੋਗੇ ਉਹੋ ਜਿਹਾ ਫਲ ਮਿਲੇਗਾ। ਮੈਂ ਅੱਜ ਵੀ ਆਪਣੇ ਮਕਸਦ ’ਤੇ ਖੜ੍ਹਾ ਹਾਂ। ਪੰਜਾਬ ਦੇ ਲੋਕ ਵਧਾਈ ਦੇ ਪਾਤਰ ਹਨ। ਲੋਕਾਂ ਨੇ ਇੱਕ ਵਧੀਆ ਫ਼ੈਸਲਾ ਲੈ ਕੇ ਰਿਵਾਇਤੀ ਸਿਸਟਮ ਨੂੰ ਬਦਲ ਕੇ ਨਵੀਂ ਨੀਂਹ ਰੱਖੀ ਹੈ।’

ਉੱਥੇ ਹੀ ਪਿਛਲੇ ਕਈ ਦਿਨਾਂ ਤੋਂ ਸੱਤਾ `ਤੇ ਕਾਬਜ਼ ਹੋਣ ਦਾ ਦਾਅਵਾ ਕਰਦੀ ਆ ਰਹੀ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਨੇ ਟਵੀਟ ਕਰਦਿਆਂ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਦੱਸਿਆ ਹੈ। ਬਲੀਏਵਾਲ ਨੇ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਹਾਈਕਮਾਨ ਨੂੰ ਹਾਰ ਲਈ ਜ਼ਿੰਮੇਵਾਰ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਮੌਕੇ ਲਿਖੇ ਆਪਣੇ ਪੱਤਰ ਦੀ ਕਾਪੀ ਵੀ ਨੱਥੀ ਕੀਤੀ ਹੈ।

- Advertisement -

ਉਨ੍ਹਾਂ ਲਿਖਿਆ ਕਿ ਕਾਂਗਰਸ ਛੱਡਣ ਸਮੇਂ ਮੈਂ ਆਪਣੇ ਅਸਤੀਫੇ ‘ਚ ਲਿਖਿਆ ਸੀ, ਕਿ ਤੁਸੀਂ ਇੱਕ ਗਲਤੀ ਕੀਤੀ ਹੈ! ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਤੇ ਫਿਰ ਮੁੱਖ ਮੰਤਰੀ ਬਦਲਣ ਦਾ ਫੈਸਲਾ ਕਾਂਗਰਸ ਲਈ ਘਾਤਕ ਸਾਬਤ ਹੋਇਆ। ਉਹਨਾਂ ਕਿਹਾ ਕਿ ਮੈਂ ਲਿਖਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਸੀਨੀਅਰ ਲੀਡਰ ਦਾ ਅਪਮਾਨ ਕਰਨਾ ਤੁਹਾਨੂੰ ਮਹਿੰਗਾ ਪਵੇਗਾ ਅਤੇ ਇਹ ਸਹੀ ਸਾਬਤ ਹੋਇਆ ਹੈ। ਇਸੇ ਕਾਰਨ ਹੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਅਪਮਾਨਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂਂ ਵੀ ਅੱਗੇ ਵਧ ਕੇ ਉਨ੍ਹਾਂ ਕਾਂਗਰਸ ਹਾਈਕਮਾਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਨਵਜੋਤ ਸਿੱਧੂ ਪ੍ਰਤੀ ਕਾਂਗਰਸ ਹਾਈਕਮਾਨ ਦਾ ਪ੍ਰੇਮ ਅਤੇ ਸਿੱਧੂ ਦਾ ਪਾਕਿਸਤਾਨ ਪ੍ਰੇਮ ਕਾਂਗਰਸ ਨੂੰ 5 ਸੂਬਿਆਂ ‘ਚ ਭੁਗਤਨਾ ਪਿਆ ਹੈ। ਜਿਸ ਤਰੀਕੇ ਨਾਲ ਕਾਂਗਰਸ ਦੀ ਕਰਾਰੀ ਹਾਰ ਹੋਈ ਹੈ, ਪਾਰਟੀ ਦੇ ਦਿੱਗਜ ਆਗੂ ਹਾਰੇ ਹਨ ਉਸ ਤੋਂ ਸਾਫ ਹੈ ਕਿ ਕਾਂਗਰਸ ਪਾਰਟੀ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਕਾਂਗਰਸ ਦੀ ਅੰਦਰੂਨੀ ਫੁੱਟ ਅਤੇ ਆਪਸੀ ਤਕਰਾਰ ਹਾਰ ਤੋਂ ਬਾਅਦ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ।

Share this Article
Leave a comment